January 4, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (3 ਜਨਵਰੀ, 2014): ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਅਮਰੀਕਾ ਤੋਂ ਭੇਜੇ ਇਸ ਮੰਗ ਪੱਤਰ ਵਿੱਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਤਰੁੱਟੀਆਂ ਹੋਣ ਕਾਰਨ ਖ਼ੁਸ਼ੀ ਤੇ ਗ਼ਮ ਦੇ ਦਿਹਾੜੇ ਇੱਕੋ ਤਰੀਕ ‘ਤੇ ਆ ਰਹੇ ਹਨ, ਜਿਸ ਕਾਰਨ ਸੰਗਤ ਦੁਚਿੱਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਮੂਹ ਸਿੰਘ ਸਾਹਿਬਾਨ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਸੱਦ ਕੇ ਪੂਰਨ ਤੌਰ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਭਾਵੇਂ ਸਿੱਖ ਸੰਗਤ ਨੇ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾ ਲਿਆ ਹੈ ਪਰ ਇਸ ਦੇ ਬਾਵਜੂਦ ਦੇਸ਼-ਵਿਦੇਸ਼ ਵਿੱਚ ਸਿੱਖ ਸੰਗਤ 5 ਜਨਵਰੀ ਨੂੰ ਵੀ (ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ) ਗੁਰੂ ਸਾਹਿਬ ਦਾ ਗੁਰਪੁਰਬ ਮਨਾਏਗੀ। ਸਿੱਖ ਕੌਮ ਨੂੰ ਇਸ ਦੁਚਿੱਤੀ ਵਿੱਚੋਂ ਕੱਢਣ ਲਈ ਸੋਚ-ਵਿਚਾਰ ਕੇ ਗੁਰਪੁਰਬ ਤੇ ਹੋਰ ਦਿਹਾੜਿਆਂ ਦੀਆਂ ਇੱਕੋ ਤਰੀਕਾਂ ਅਤੇ ਸਮਾਂ ਮਿੱਥਿਆ ਜਾਵੇ ਤਾਂ ਜੋ ਦੇਸ਼- ਵਿਦੇਸ਼ ਵਿੱਚ ਸਿੱਖ ਸੰਗਤ ਇੱਕਜੁਟਤਾ ਨਾਲ ਸਮੂਹ ਤਿਉਹਾਰ ਮਨਾ ਸਕੇ।
ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਸਮੂਹ ਸਿੱਖ ਸੰਗਤ ਨੂੰ ਭਰੋਸੇ ਵਿੱਚ ਲੈ ਕੇ ਇਸ ਸੰਜੀਦਾ ਧਾਰਮਿਕ ਮੁੱਦੇ ‘ਤੇ ਫ਼ੈਸਲਾ ਲੈਣ ਅਤੇ ਆਮ ਸਹਿਮਤੀ ਬਣਾਉਣ। ਇਸ ਸਬੰਧੀ ਮੀਟਿੰਗ ਵਿੱਚ ਏ.ਜੀ.ਪੀ.ਸੀ. ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਵੀ ਸੱਦਿਆ ਜਾਵੇ ਤਾਂ ਜੋ ਇਸ ਮਸਲੇ ਨੂੰ ਜਲਦੀ ਹੱਲ ਕੀਤਾ ਜਾ ਸਕੇ।
ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਅਕਾਲ ਤਖ਼ਤ ਸਾਹਿਬ ਦੇ ਨੂੰ ਮੰਗ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸਾਲ 2003 ਵਿੱਚ ਜਾਰੀ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪੂਰਨ ਰੂਪ ਵਿੱਚ ਲਾਗੂ ਕਰਨ।
Related Topics: Jathedar Akal Takhat Sahib, NanakshahI Calander, Sikhs in America