ਆਮ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖਾਂ ਲਈ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਖਤਮ ਕੀਤੀ ਜਾਵੇ: ਜੀ.ਕੇ.

April 11, 2018 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖਾਂ ਲਈ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਖਾਲਸਾ ਦੇ ਜਨਮ ਦਿਹਾੜਾ ਮਨਾਉਣ ਲਈ ਦਿੱਲੀ ਕਮੇਟੀ ਵੱਲੋਂ 303 ਸਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਵਾਨਾ ਕਰਨ ਵੇਲੇ ਕੀਤੀ ਗਈ।ਇਸ ਜੱਥੇ ਦੀ ਅਗਵਾਈ ਕਮੇਟੀ ਮੈਂਬਰ ਦਲਜੀਤ ਸਿਘ ਸਰਨਾ ਕਰ ਰਹੇ ਹਨ।

               ਜੀ.ਕੇ. ਨੇ ਪ੍ਰੈਸ ਨੂੰ ਦੱਸਿਆ ਕਿ ਕਮੇਟੀ ਨੇ 344 ਵੀਜਾ ਅਰਜੀਆਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਦਿੱਤੀਆਂ ਸਨ। ਵਿੱਚੋਂ 303 ਯਾਤਰੀਆਂ ਨੂੰ ਵੀਜ਼ਾ ਮਿਿਲਆ ਅਤੇ 41 ਨੂੰ ਵੀਜ਼ੇ ਦੀ ਮਨਾਹੀ ਹੋਈ। ਜੀ.ਕੇ. ਨੇ ਕਿਹਾ ਕਿ ਇਹ ਯਾਤਰੀ ਜੱਥਾ 12 ਅਪ੍ਰੈਲ ਨੂੰ ਵਾਘਾ ਬਾਡਰ ਰਾਹੀਂ 2 ਸਪੈਸ਼ਲ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਪੁੱਜੇਗਾ ਅਤੇ ਖਾਲਸੇ ਦਾ ਜਨਮ ਦਿਹਾੜਾ (ਵਿਸਾਖੀ) 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਏਗਾ।

ਮਨਜੀਤ ਸਿੰਘ ਜੀਕੇ (ਪੁਰਾਣੀ ਫੋਟੋ)

               ਜੀ.ਕੇ. ਨੇ ਕਿਹਾ ਕਿ 550 ਸਾਲਾ ਗੁਰੂ ਨਾਨਕ ਦੀ ਸ਼ਤਾਬਦੀ ਨਵੰਬਰ 2019 ’ਚ ਆ ਰਹੀ ਹੈ। ਅਸੀਂ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਤੋਂ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਮੌਕੇ ’ਤੇ ਵੀਜ਼ਾ ਪ੍ਰਣਾਲੀ ਖਤਮ ਕੀਤੀ ਜਾਵੇ ਅਤੇ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਹੋ ਸਕਣ ਅਤੇ ਹੋ ਸਕੇ ਤਾਂ ਦੋਨੋਂ ਸਰਕਾਰਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਮਹੀਨੇ ਲਈ ਖੋਲ ਦੇੇਣ ਤਾਂ ਕਿ ਗੁਰੂ ਦੀਆਂ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰ ਸਕਣ।10 ਦਿਨਾਂ ਦੀ ਯਾਤਰਾ ਦੌਰਾਨ ਇਹ ਜੱਥਾ ਗੁਰਦੁਆਰਾ ਪੰਜਾ ਸਾਹਿਬ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ, ਗੁ: ਸੱਚਾ ਸੌਦਾ, ਗੁ: ਅਹਿਮਨਾਬਾਦ, ਗੁ: ਕਰਤਾਰਪੁਰ ਸਾਹਿਬ ਅਤੇ ਗੁ: ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਦੀਦਾਰੇ ਕਰੇਗਾ।

                   ਪਰਮਜੀਤ ਸਿੰਘ ਚੰਢੋਕ, ਚੇਅਰਮੈਨ ਯਾਤਰਾ ਵਿਭਾਗ ਨੇ ਦੱਸਿਆ ਕਿ ਯਾਤਰਾ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ 12 ਅਪ੍ਰੈਲ ਨੂੰ ਜੱਥੇ ਦੀ ਆਮਦ ਓਕਾਫ਼ ਬੋਰਡ ਦੇ ਐਡੀਸ਼ਨਲ ਸਕੱਤਰ ਤਾਰਿਕ ਵਜੀਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਤਾਰਾ ਸਿੰਘ ਦੋਪਹਿਰ ਬਾਅਦ ਵਾਘਾ ਸਟੇਸ਼ਨ ’ਤੇ ਕਰਨਗੇ। ਜਰੂਰੀ ਇਮੀਗ੍ਰੇਸ਼ਨ ਤੇ ਕਸਟਮ ਚੈਕ ਤੋਂ ਬਾਅਦ ਯਾਤਰੂ ਸਪੈਸ਼ਲ ਗੱਡੀਆਂ ਰਾਹੀਂ ਗੁ: ਪੰਜਾ ਸਾਹਿਬ ਲਈ ਰਵਾਨਾ ਹੋਣਗੇ ਤੇ ਦੇਰ ਰਾਤ ਤੱਕ ਗੁ: ਪੰਜਾ ਸਾਹਿਬ ਪੁੱਜ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,