ਚੰਡੀਗੜ੍ਹ: ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਅਮਰੀਕੀ ਅਦਾਲਤ ਵੱਲੋਂ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ 7 ਮਹੀਨੇ ਦੀ ਕੈਦ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਜਥੇਬੰਦੀ ਨੇ ਇਸ ਨੂੰ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਥਿਤ ਸਾਜ਼ਿਸ਼ਾਂ ਖ਼ਿਲਾਫ਼ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਭਾਰਤੀ ਖ਼ੁਫ਼ੀਆ ਤੰਤਰ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਨਿਖਿਲ ਗੁਪਤਾ ਨੂੰ ਸਜ਼ਾ ਮਿਲਣ ਨਾਲ ਇਹ ਮਾਮਲਾ ਖ਼ਤਮ ਨਹੀਂ ਹੋ ਜਾਂਦਾ। ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ, ਇਸ ਲਈ ਵਿੱਤੀ ਅਤੇ ਹੋਰ ਸਾਧਨ ਮੁਹੱਈਆ ਕਰਵਾਉਣ ਵਾਲਿਆਂ ਅਤੇ ਹੁਕਮ ਦੇਣ ਵਾਲਿਆਂ ਨੂੰ ਵੀ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

ਨਿਊਯਾਰਕ ਦੀ ਅਦਾਲਤ ਵੱਲੋਂ ਸਿੱਖ ਸਿਆਸੀ ਕਾਰਕੁਨ ਅਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭੂਮਿਕਾ ਲਈ ਗੁਪਤਾ ਨੂੰ ਸੁਣਾਈ ਗਈ ਸਜ਼ਾ ਬਾਰੇ ਦਲ ਖ਼ਾਲਸਾ ਨੇ ਕਿਹਾ ਕਿ ਇਸ ਮਾਮਲੇ ਨੇ ਭਾਰਤੀ ਸਰਕਾਰੀ ਤੰਤਰ ਉੱਤੇ ਲੱਗੇ ਗੰਭੀਰ ਦੋਸ਼ਾਂ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ।

ਅਮਰੀਕੀ ਅਟਾਰਨੀ ਜੇਮੀ ਮੈਕਡੋਨਲਡ ਅਨੁਸਾਰ, ਸਾਲ 2023 ਦੇ ਆਸ-ਪਾਸ ਭਾਰਤ ਵਿੱਚ ਰਹਿੰਦਿਆਂ ਨਿਖਿਲ ਗੁਪਤਾ ਨੇ ਰਾਅ ਅਧਿਕਾਰੀ ਵਿਕਾਸ ਯਾਦਵ ਸਮੇਤ ਹੋਰਨਾਂ ਨਾਲ ਮਿਲ ਕੇ ਅਮਰੀਕੀ ਧਰਤੀ ਉੱਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਾਜ਼ਿਸ਼ ਨਾਲ ਸਬੰਧਤ ਸਮੇਂ ਦੌਰਾਨ ਵਿਕਾਸ ਯਾਦਵ ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦਾ ਮੁਲਾਜ਼ਮ ਸੀ।

ਉਹਨਾਂ ਕਿਹਾ, “ਨਿਖਿਲ ਗੁਪਤਾ ਆਪਣੇ ਆਪ ਵਿੱਚ ਪੂਰੀ ਕਹਾਣੀ ਨਹੀਂ ਹੈ, ਸਗੋਂ ਇੱਕ ਡੂੰਘੀ ਅਤੇ ਖ਼ੌਫ਼ਨਾਕ ਸਾਜ਼ਿਸ਼ ਦਾ ਸਿਰਫ਼ ਇੱਕ ਅਧਿਆਇ ਹੈ। ਅਮਰੀਕੀ ਅਦਾਲਤੀ ਕਾਰਵਾਈ ਨੇ ਭਾਰਤ ਦੇ ਕੌਮਾਂਤਰੀ ਦਾਅਵਿਆਂ ਅਤੇ ਉਸ ਦੇ ਸਰਕਾਰੀ ਤੰਤਰ ਉੱਤੇ ਲੱਗੇ ਗੰਭੀਰ ਇਲਜ਼ਾਮਾਂ ਵਿਚਲੇ ਫ਼ਰਕ ਨੂੰ ਉਜਾਗਰ ਕੀਤਾ ਹੈ।”

ਦਲ ਖ਼ਾਲਸਾ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਾਜ਼ਿਸ਼ ਵਿੱਚ ਕਥਿਤ ਤੌਰ ‘ਤੇ ਹੁਕਮ ਦੇਣ ਵਾਲੇ ਵਿਕਾਸ ਯਾਦਵ ਖ਼ਿਲਾਫ਼ ਵੀ ਮੁਕੱਦਮਾ ਚਲਾਇਆ ਜਾਵੇ। ਜਥੇਬੰਦੀ ਨੇ ਕਿਹਾ ਕਿ ਜਾਂਚ ਸਿਰਫ਼ ਉਨ੍ਹਾਂ ਲੋਕਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਜਿਨ੍ਹਾਂ ਨੇ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪੈਸਾ ਜਾਂ ਹੋਰ ਸਾਧਨ ਮੁਹੱਈਆ ਕਰਵਾਏ, ਸਗੋਂ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਸ ਕਾਰਵਾਈ ਨੂੰ ਸਰਕਾਰੀ ਪੱਧਰ ‘ਤੇ ਕਿਸ ਦੀ ਸਹਿਮਤੀ ਅਤੇ ਮਨਜ਼ੂਰੀ ਹਾਸਲ ਸੀ।
ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਸਾਜ਼ਿਸ਼ ਲਈ ਸਰਕਾਰੀ ਸਾਧਨ ਕਿੱਥੋਂ ਮੁਹੱਈਆ ਹੋਏ ਅਤੇ ਇਸ ਦੇ ਹੁਕਮ ਦੇਣ ਵਾਲਿਆਂ ਦੀ ਕੜੀ ਭਾਰਤੀ ਸੱਤਾ ਦੇ ਕਿਸ ਪੱਧਰ ਤੱਕ ਜਾਂਦੀ ਹੈ।
ਜਥੇਬੰਦੀ ਨੇ ਜੂਨ 2023 ਵਿੱਚ ਕੈਨੇਡਾ ਵਿਖੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਇਸ ਮਾਮਲੇ ਵਿੱਚ ਭਾਰਤੀ ਸ਼ਮੂਲੀਅਤ ਬਾਰੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਲਾਏ ਗਏ ਦੋਸ਼ਾਂ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਅਮਰੀਕੀ ਵਕੀਲਾਂ ਵੱਲੋਂ ਹੋਰ ਸੰਭਾਵੀ ਨਿਸ਼ਾਨਿਆਂ ਸਬੰਧੀ ਕੀਤੇ ਗਏ ਖ਼ੁਲਾਸਿਆਂ ਵੱਲ ਵੀ ਧਿਆਨ ਦਿਵਾਇਆ।
ਦਲ ਖ਼ਾਲਸਾ ਨੇ ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰਨਾਂ ਜਮਹੂਰੀ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿੱਖ ਕਾਰਕੁਨਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਉਨ੍ਹਾਂ ਦੀ ਜਾਨ ਨੂੰ ਦਰਪੇਸ਼ ਖ਼ਤਰਿਆਂ ਦੀ ਨਿਰਪੱਖ ਤੇ ਸਾਂਝੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਿੱਖਾਂ ਦਾ ਸਵੈ-ਨਿਰਣੇ ਅਤੇ ਆਜ਼ਾਦੀ ਦਾ ਸੰਘਰਸ਼ ਇੱਕ ਸਿਆਸੀ ਮਸਲਾ ਹੈ, ਜਿਸ ਦੀਆਂ ਜੜ੍ਹਾਂ ਇਤਿਹਾਸਕ ਬੇਇਨਸਾਫ਼ੀਆਂ, ਸਿੱਖ ਕੌਮ ਦੀਆਂ ਸਾਂਝੀਆਂ ਇੱਛਾਵਾਂ ਅਤੇ ਕੌਮਾਂ ਨੂੰ ਆਪਣਾ ਸਿਆਸੀ ਭਵਿੱਖ ਆਪ ਤੈਅ ਕਰਨ ਦੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਅਧਿਕਾਰ ਵਿੱਚ ਹਨ।
