May 24, 2018 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਗੁਰਦਾਸਪੁਰ ਜ਼ਿਲੇ ਦੇ ਪਿੰਡ ਕੀੜੀ ਅਫ਼ਗਾਨਾ ਵਿੱਚ ਚੱਢਾ ਸ਼ੂਗਰਜ਼ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਬਿਆਸ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਸੀਰਾ ਪਾਉਣ ਬਾਰੇ ਕੀਤੀ ਸ਼ਿਕਾਇਤ ਦਾ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਭੀਰ ਨੋਟਿਸ ਲਿਆ ਹੈ। ਐਨਜੀਟੀ ਦੀ ਚੇਅਰਪਰਸਨ ਡਾ. ਜਸਟਿਸ ਜਾਵੇਦ ਰਹੀਮ ਨੇ ਕੇਂਦਰੀ ਜਲ ਸਰੋਤ ਮੰਤਰਾਲੇ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡਾਂ ਅਤੇ ਹੋਰਨਾਂ ਨੂੰ ਵੀਰਵਾਰ ਸਵੇਰੇ 10.30 ਵਜੇ ਲਈ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿੱਚ ਸੀਰਾ ਛੱਡੇ ਜਾਣ ਕਾਰਨ ਵੱਡੀ ਤਦਾਦ ’ਚ ਮੱਛੀਆਂ ਮਰ ਗਈਆਂ ਹਨ ਤੇ ਘੜਿਆਲ, ਡੌਲਫਿਨ ਆਦਿ ਵਰਗੀਆਂ ਵਿਸ਼ੇਸ਼ ਪ੍ਰਜਾਤੀਆਂ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ। ਹਰੀਕੇ ਪੱਤਣ ਜਿੱਥੇ ਬਿਆਸ ਅਤੇ ਸਤਲੁਜ ਦਰਿਆ ਆਪਸ ਵਿੱਚ ਮਿਲਦੇ ਹਨ ਇਥੋਂ ਪੰਜਾਬ ਦੇ ਦੱਖਣੀ ਇਲਾਕੇ ਅਤੇ ਰਾਜਸਥਾਨ ਵਾਸਤੇ ਸਿੰਜਾਈ ਅਤੇ ਪੀਣ ਲਈ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ’ਚੋਂ ਨਿਕਲਦੀ ਸਰਹਿੰਦ ਨਹਿਰ ਮਾਲਵਾ ਦੇ ਮਾਨਸਾ, ਮੁਕਤਸਰ, ਫਰੀਦਕੋਟ, ਬਠਿੰਡਾ ਆਦਿ ਜ਼ਿਲ੍ਹਿਆਂ ਨੂੰ ਸਿੰਜਾਈ ਅਤੇ ਪੀਣ ਵਾਸਤੇ ਪਾਣੀ ਮੁਹੱਈਆ ਕਰਵਾਉਂਦੀ ਹੈ ਉਥੇ ਹੀ ਰਾਜਸਥਾਨ ਫੀਡਰ ਰਾਜਸਥਾਨ ਸੂਬੇ ਨੂੰ ਪਾਣੀ ਮੁਹੱਈਆ ਕਰਵਾਉਂਦੀ ਹੈ।
ਲੁਧਿਆਣਾ ਜ਼ਿਲੇ ਦੇ ਪਿੰਡ ਬਲੀਪੁਰ ਵਿਚ ਬੁੱਢਾ ਦਰਿਆ ਸਤਲੁਜ ਦਰਿਆ ’ਚ ਮਿਲਦਾ ਹੈ, ਉੱਥੇ ਜ਼ਹਿਰੀਲੇ ਰਹਿੰਦ ਖੂੰਹਦ ਦੇ ਮਾੜੇ ਅਸਰ ਪੈ ਰਹੇ ਹਨ, ਨਾਲ ਹੀ ਲੁਧਿਆਣਾ ਸ਼ਹਿਰ ਅਤੇ ਪਿੰਡਾਂ ਦੇ ਕਾਲੇ ਰੰਗ ਦੇ ਜ਼ਹਿਰੀਲੇ ਸਨਅਤੀ ਰਹਿੰਦ ਖੂੰਹਦ, ਮੈਡੀਕਲ ਵੇਸਟ, ਅਨਟਰੀਟਡ ਸੀਵਰੇਜ ਡਿਸਚਾਰਜ ਨਾਲ ਭਰਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸਿਵੀਆਂ ਵਿਖੇ ਸਥਿਤ ਰਾਣਾ ਸ਼ੂਗਰਜ਼ ਲਿਮਟਿਡ ਵੱਲੋਂ ਆਪਣੀ ਨਜ਼ਦੀਕੀ ਡਰੇਨ ’ਚ ਜ਼ਹਿਰੀਲੇ ਕੈਮੀਕਲ ਅਤੇ ਹੋਰ ਰਹਿੰਦ ਖੂੰਹਦ ਛੱਡਿਆ ਜਾ ਰਿਹਾ ਹੈ। ਉਨ੍ਹਾਂ ਮੁਕਤਸਰ ਜ਼ਿਲੇ ਵਿੱਚ ਲੰਬੀ ਦੇ ਖੁੱਡੀਆਂ ਪੁਲ ਉੱਪਰ ਸਰਹਿੰਦ ਨਹਿਰ ਅਤੇ ਰਾਜਸਥਾਨ ਫੀਡਰ ਤੋਂ ਪ੍ਰਦੂਸ਼ਿਤ ਪਾਣੀ ਵੱਗਣ, ਫਰੀਦਕੋਟ ਦੀ ਰਾਜੋਵਾਲ ਡਿਸਟਰੀਬਿਊਟਰੀ ਵਿਖੇ ਪ੍ਰਦੂਸ਼ਣ ਬਾਰੇ ਵੀ ਸ਼ਿਕਾਇਤ ਕੀਤੀ ਤੇ ਚੱਢਾ ਸ਼ੂਗਰ ਸਮੇਤ ਸੂਬੇ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸਾਰੀਆਂ ਸਨਅਤੀ ਯੂਨਿਟਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ।
ਖਹਿਰਾ ਨੇ ਐਨਜੀਟੀ ਤੋਂ ਮੰਗ ਕੀਤੀ ਕਿ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਨੂੰ ਮਾਰਨ ਦੇ ਨਾਲ-ਨਾਲ ਮਨੁੱਖੀ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਲ ਜੀਵ ਜੰਤੂਆਂ ਦੇ ਹੋਰ ਖ਼ਾਤਮੇ ਤੇ ਕੈਂਸਰ, ਹੈਪੇਟਾਈਟਸ ਆਦਿ ਵਰਗੀਆਂ ਬੀਮਾਰੀਆਂ ਦੇ ਵਾਧੇ ਨੂੰ ਰੋਕਣ ਲਈ ਪੰਜਾਬ ਸੂਬੇ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਸ੍ਰੀ ਖਹਿਰਾ ਨਾਲ ਐਚ.ਐਸ. ਫੂਲਕਾ (ਵਿਧਾਇਕ ਦਾਖ਼ਾ) ਨਾਜਰ ਸਿੰਘ ਮਾਨਸਾਹੀਆ (ਵਿਧਾਇਕ ਮਾਨਸਾ) ਤੇ ਰੁਪਿੰਦਰ ਕੌਰ ਰੂਬੀ, (ਵਿਧਾਇਕ ਬਠਿੰਡਾ ਦਿਹਾਤੀ) ਵੀ ਮੌਜੂਦ ਸਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਖ਼ਾਮੋਸ਼ੀ ’ਤੇ ਸਵਾਲੀਆ ਚਿੰਨ੍ਹ
ਗੁਰਦਾਸਪੁਰ ਜ਼ਿਲੇ ਦੀ ਚੱਢਾ ਖੰਡ ਮਿੱਲ ਦਾ ਸੀਰਾ ਬਿਆਸ ਦਰਿਆ ਵਿੱਚ ਸੁੱਟਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੇ ਖੇਤਰੀ ਦਫ਼ਤਰਾਂ ਤੋਂ ਦੋ ਦਿਨਾਂ ਦੇ ਅੰਦਰ ਸੂਬੇ ਦੀਆਂ ਸਮੁੱਚੀਆਂ ਖੰਡ ਮਿੱਲਾਂ ਦੀ ਜਾਂਚ ਕਰ ਕੇ ਰਿਪੋਰਟਾਂ ਮੰਗੀਆਂ ਸਨ ਪਰ ਹਾਲੇ ਤੱਕ ਬੋਰਡ ਨੇ ਇਸ ਮਾਮਲੇ ਬਾਰੇ ਕੋਈ ਕਨਸੋਅ ਨਹੀਂ ਕੱਢੀਙ ਉਂਜ, ਬੋਰਡ ਵੱਲੋਂ ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨੂੰ 24 ਮਈ ਨੂੰ ਮੁੱਖ ਦਫ਼ਤਰ ਪਟਿਆਲਾ ‘ਚ ਸੱਦਿਆ ਗਿਆ ਹੈਙ ਪਿਛਲੇ ਕੁਝ ਸਮਿਆਂ ’ਚ ਪੌਲੀਥੀਨ ਦੀ ਵਰਤੋਂ, ਮੁਰਗੀ ਖਾਨਿਆਂ ਦੀ ਬਦਬੂ ਤੇ ਮੋਟਰਸਾਈਕਲਾਂ ਦੇ ਪਟਾਕਿਆਂ ‘ਤੇ ਲਗਾਮ ਕੱਸਣ ਲਈ ਬੋਰਡ ਨੇ ਸਖ਼ਤ ਕਦਮ ਚੁੱਕੇ ਸਨ ਪਰ ਨਦੀਆਂ-ਨਾਲਿਆਂ ਦਾ ਪਾਣੀ ਦੂਸ਼ਿਤ ਕਰਨ ਦੀ ਬੱਜਰ ਮਿਸਾਲ ਸਾਹਮਣੇ ਆਉਣ ’ਤੇ ਬੋਰਡ ਨੇ ਪਹਿਲਾਂ ਵਰਗੀ ਸਰਗਰਮੀ ਨਹੀਂ ਦਿਖਾਈਙ ਸਮਝਿਆ ਜਾਂਦਾ ਹੈ ਕਿ ਸਰਕਾਰ ਦੇ ਮੋਹਰੀਆਂ ਦੇ ਖੰਡ ਮਿੱਲ ਲਾਬੀ ਨਾਲ ਕਰੀਬੀ ਸਬੰਧਾਂ ਦੇ ਪੇਸ਼ੇਨਜ਼ਰ ਬੋਰਡ ਦੇ ਅਧਿਕਾਰੀ ਸਰਗਰਮੀ ਦਿਖਾਉਣ ਤੋਂ ਗੁਰੇਜ਼ ਕਰ ਰਹੇ ਹਨ।
Related Topics: Chadha Sugars and Industries Private Limited, Government of India, National green tribunal, Punjab Government, Punjab River Water Issue, Rajasthan Government, Sukhpal SIngh Khaira