January 15, 2016 | By ਸਿੱਖ ਸਿਆਸਤ ਬਿਊਰੋ
ਲੰਡਨ (14 ਜਨਵਰੀ, 2016): ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਇੰਟਰਪੋਲ ਵੱਲੋਂ ਗ੍ਰਿਫ਼ਤਾਰ ਬਰਤਾਨਵੀਂ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾਂ ਦੇ ਮਾਮਲੇ ਵਿੱਚ ਅੱਜ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਨੇ ਬਰਤਾਨਵੀ ਸੰਸਦ ਵਿੱਚ ਵਿਦੇਸ਼ ਮੰਤਰੀ ਫਿਲਪ ਹੈਮੰਡ ਤੋਂ ਭਾਈ ਪੰਮੇ ਦੀ ਪੁਰਤਗਾਲ ਤੋਂ ਰਿਹਾਈ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਚਾਰਜੋਈ ਬਾਰੇ ਪੁੱਛਿਆ।
ਪੁਰਤਗਾਲ ‘ਚ ਗ੍ਰਿਫ਼ਤਾਰ ਕੀਤੇ ਗਏ ਭਾਈ ਪ੍ਰਮਜੀਤ ਸਿੰਘ ਪੰਮਾ ਦਾ ਕੇਸ ‘ਚ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਵਲੋਂ ਅਗਵਾਈ ਕੀਤੀ ਜਾ ਰਹੀ ਹੈ।
ਬਰਤਾਨਵੀ ਸੰਸਦ ‘ਚ ਉਨ੍ਹਾਂ ਭਾਈ ਪੰਮਾ ਦੇ ਕੇਸ ਬਾਰੇ ਸਾਥੀ ਸੰਸਦ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰ ਤੋਂ ਪੁੱਛਿਆ ਕਿ ਭਾਈ ਪੰਮਾ ਯੂ.ਕੇ. ‘ਚ ਰਾਜਸੀ ਸ਼ਰਨ ਵਿਚ ਹੈ ਤੇ ਇਸ ਕੇਸ ਦੀ ਪੈਰਵਾਈ ਬਰਤਾਨਵੀ ਸਰਕਾਰ ਕਿਸ ਤਰ੍ਹਾਂ ਕਰ ਰਹੀ ਹੈ, ਜਿਸ ਦੇ ਜਵਾਬ ‘ਚ ਬਰਤਾਨਵੀ ਵਿਦੇਸ਼ ਮੰਤਰੀ ਫਿਲਪ ਹੈਮੰਡ ਨੇ ਕਿਹਾ ਕਿ ਬਰਤਾਨਵੀ ਸਰਕਾਰ ਇਸ ਕੇਸ ਨੂੰ ਬਹੁਤ ਹੀ ਨੇੜੇ ਤੋਂ ਵੇਖ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਜੇ ਤੱਕ ਭਾਈ ਪੰਮਾ ਖ਼ਿਲਾਫ਼ ਹਵਾਲਗੀ ਸਬੰਧੀ ਕੋਈ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਉਂ ਹੀ ਸਾਰੇ ਤੱਥ ਸਾਹਮਣੇ ਆਉਣਗੇ ਅਸੀਂ ਤੁਰੰਤ ਅਗਲੇਰੀ ਕਾਰਵਾਈ ਲਈ ਫ਼ੈਸਲਾ ਲਵਾਂਗੇ। ਆਖਰ ‘ਚ ਪੁਰਤਗਾਲ ਅਥਾਰਟੀ ਨੇ ਭਾਈ ਪੰਮਾ ਦੇ ਕੇਸ ‘ਚ ਅਮਲ ਕਰਨਾ ਹੈ ਤੇ ਉਹ ਫ਼ੈਸਲਾ ਕਰਨਗੇ ਕਿ ਉਸ ਨੂੰ ਭਾਰਤ ਹਵਾਲੇ ਕਰਨਾ ਹੈ ਜਾਂ ਨਹੀਂ।
ਦੂਜੇ ਪਾਸੇ ਭਾਈ ਪੰਮਾ ਦੀ ਰਿਹਾਈ ਲਈ ਐਮ. ਪੀ. ਜੌਹਨ ਸਪੈਲਰ ਤੇ ਕੌਂਸਲਰ ਪ੍ਰੀਤ ਗਿੱਲ ਵਲੋਂ ਜ਼ੋਰਦਾਰ ਮੁਹਿੰਮ ਜਾਰੀ ਹੈ।
Related Topics: Indian Government, Paramjit Singh Pamma (UK), Sikhs In UK