July 19, 2016 | By ਸਿੱਖ ਸਿਆਸਤ ਬਿਊਰੋ
ਜਲੰਧਰ: ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਆਨੰਦਪੁਰ ਸਾਹਿਬ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਦੀ ਕਿਤਾਬ ‘ਵਿਸਮਾਦ: ਤੀਸਰਾ ਬਦਲ-ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ’ ਇੱਥੇ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਰਿਲੀਜ਼ ਕਰਨ ਵੇਲੇ ਡਾ. ਸਵਰਾਜ ਸਿੰਘ, ਗੁਰਬਚਨ ਸਿੰਘ ਦੇਸ-ਪੰਜਾਬ, ਪ੍ਰਭਜੋਤ ਸਿੰਘ, ਬੇਅੰਤ ਸਿੰਘ ਸਰਹੱਦੀ, ਪਿਆਰਾ ਸਿੰਘ ਭੋਗਲ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮੇਜਰ ਸਿੰਘ ਤੇ ਹੋਰ ਬੁੱਧੀਜੀਵੀ ਹਾਜ਼ਰ ਸਨ। ਇਹ ਕਿਤਾਬ 1200 ਸਫ਼ਿਆਂ ਦੀ ਹੈ, ਜਿਸ ਨੂੰ ਤਿੰਨ ਜਿਲਦਾਂ ਵਿੱਚ ਛਾਪਿਆ ਗਿਆ ਹੈ।
ਬੁਲਾਰਿਆਂ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਜਿੱਥੇ ਸਿੱਖ ਫ਼ਿਲਾਸਫ਼ੀ ਨੂੰ ਮਨੁੱਖੀ ਜੀਵਨ ਦੀ ਵਿਸ਼ਵਵਿਆਪੀ ਫ਼ਿਲਾਸਫ਼ੀ ਵਜੋਂ ਪੇਸ਼ ਕੀਤਾ ਗਿਆ ਹੈ, ਉਥੇ ਇਹ ਸਮਾਜਿਕ ਵਿਕਾਸ ਦੇ ਪ੍ਰਚੱਲਿਤ ਸਰਮਾਏਦਾਰੀ ਅਤੇ ਮਾਰਕਸਵਾਦੀ ਮਾਡਲਾਂ ਦਾ ਬਦਲ ਹੈ। ਵਰਤਮਾਨ ਸੰਦਰਭ ਵਿੱਚ ਇਹ ਰਚਨਾ ਪੱਛਮ ਦੇ ਸਭਿਆਚਾਰਕ ਸਾਮਰਾਜਵਾਦ ਅਤੇ ਇਸਲਾਮ ਦੀ ਸ਼ਰੀਅਤ ਇਕਸਾਰਤਾ ਦਾ ਬਦਲ ਵੀ ਹੈ।
ਸਿੱਖ ਫ਼ਿਲਾਸਫ਼ੀ ਸਮਾਜ ਦੇ ਸਮੂਹ ਲੋਕਾਂ ਅਤੇ ਸਭਿਆਚਾਰਾਂ ਨੂੰ ਮਨੁੱਖੀ ਵਿਕਾਸ ਅਤੇ ਵਿਗਾਸ ਲਈ ਬਰਾਬਰ ਦੇ ਮੌਕੇ ਦੇਣ, ਆਪਸੀ ਸਾਂਝ ਵਿੱਚ ਰਹਿਣ ਅਤੇ ਸਰਬੱਤ ਦੇ ਭਲੇ ਲਈ ਯਤਨ ਕਰਨ ਦਾ ਸੰਦੇਸ਼ ਦਿੰਦੀ ਹੈ ਜਦੋਂਕਿ ਪਿਛਲੇਰੇ ਅਤੇ ਪ੍ਰਚੱਲਿਤ ਵਿਚਾਰ ਕੇਵਲ ਸਰਮਾਏ ਅਤੇ ਸਰਮਾਏ-ਕੇਂਦਰਿਤ ਸੰਸਥਾਵਾਂ ਅਤੇ ਨੀਤੀਆਂ ਦੁਆਲੇ ਘੁੰਮਦੇ ਹਨ। ਤਿੰਨ ਭਾਗਾਂ ਵਿੱਚ ਛਪੀ ਇਸ ਪੁਸਤਕ ਦੀ ਵਿਸਥਾਰਿਤ ਭੂਮਿਕਾ ਨੂੰ ‘ਨਵਾਂ ਵਿਸਮਾਦੀ ਸੰਸਾਰ’ ਦਾ ਸਿਰਲੇਖ ਦੇ ਕੇ ਇਸਨੂੰ ‘ਵਿਸਮਾਦੀ ਮੈਨੀਫੈਸਟੋ’ ਦੇ ਰੂਪ ਵਿੱਚ ਵਿਸ਼ਵ ਸਾਹਮਣੇ ਰੱਖਿਆ ਗਿਆ ਹੈ।
Related Topics: S. Harsimran Singh, Vismaad: Teesra Badal