February 17, 2016 | By ਸੁਖਦੇਵ ਸਿੰਘ ਭੌਰ
ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਸੰਬੰਧੀ ਛਪੇ ਇੱਕ ਪੋਸਟਰ ਵਾਰੇ ਖੂਬ ਚਰਚਾ ਹੋ ਰਹੀ ਹੈ| ਕੁੱਝ ਟੈਲੀਵੀਜ਼ਨ ਚੈਨਲ ਵੀ ਇਸ ਨੂੰ ਕੁੱਝ ਜਿਆਦਾ ਹੀ ਉਛਾਲ ਰਹੇ ਹਨ| ਤੇ ਕੁੱਝ ਅਖੌਤੀ ਆਗੂ, ਜਿਹੜੇ ਸ਼ਾਇਦ ਸੌਂਦੇ ਵੀ ਟੈਲੀਵੀਜਨ ਸੈਂਟਰ ਵਿੱਚ ਹੀ ਹਨ, ਅੱਡੀਆਂ ਚੁੱਕ ਚੁੱਕ ਇੱਕ ਦੂਜੇ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਸੰਤਾ ਦੀ ਵਿਚਾਰਧਾਰਾ ਨਾਲ ਕੀ ਸੰਬੰਧ ਹੈ| ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਦੀ ਇਹ ਕੋਝੀ ਚਾਲ ਹੈ|
ਕੌਮੀ ਆਨ ਤੇ ਸ਼ਾਨ ਨਾਲ ਪਿਆਰ ਕਰਨ ਵਾਲੇ ਸਿੱਖ ਨੌਜੁਆਨ ਅੱਜ ਵੀ ਸੰਤਾਂ ਨੂੰ ਕੌਮੀ ਨਾਇਕ ਮੰਨਦੇ ਹਨ |ਉਹ ਸਮਝਦੇ ਹਨ ਕਿ ਕੌਮ ਨਾਲ ਹੋਏ ਸਿਆਸੀ ਵਿਸਾਹਘਾਤ ਖਿਲਾਫ ਸੰਤਾਂ ਨੇ ਸਾਬਤ ਕਦਮੀ ਸੰਘਰਸ਼ ਲੜਿਆ ਹੈ, ਅਤੇ ਉਹ ਸਿਆਸੀ ਤਿਕੜਮਬਾਜੀਆਂ ਨਾਲੋਂ, ਪੰਥਕ ਚੜ੍ਹਦੀ ਕਲਾ ਦੇ ਮੁੱਦਈ ਵੱਧ ਸਨ|
ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਦੀਆਂ ਪੰਥਕ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਲਈ,ਉਨ੍ਹਾਂ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਹੋਣ ਦਾ ਸਨਮਾਨ ਦਿੱਤਾ ਗਿਆ ਹੈ| ਇਸ ਲਈ ਕੌਮ ਦਾ ਸੰਤ ਜਰਨੈਲ ਸਿੰਘ ਨਾਲ ਕੀ ਸੰਬੰਧ ਹੈ ,ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀ ਹੈ| ਸਿੱਤਮ ਤਾਂ ਇਸ ਗੱਲ ਦਾ ਹੈ ਕਿ ਪੁੱਛ ਉਹ ਲੋਕ ਰਹੇ ਹਨ ,ਜਿਹੜੇ ਕਦੀਂ ਟੈਂਕਾਂ ਤੇ ਤੋਪਾਂ ਲੈ ਕੇ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਏ ਸਨ, ਜਾਂ ਜਿਹੜੇ ਇੰਦਰਾ ਨੂੰ ਦੁਰਗਾ ਕਹਿੰਦੇ ਸਨ ਅਤੇ ਹਰਮੰਦਰ ਸਾਹਿਬ ਦੇ ਮਾਡਲ ਤੋੜ ਰਹੇ ਸਨ| ਗੁਰੂ ਰਾਮਦਾਸ ਮਹਾਂਰਾਜ ਦੀ ਤਸਵੀਰ ਤੋੜ ਕੇ ਬੇਅਦਬੀ ਕਰ ਰਹੇ ਸਨ|
ਹੱਦ ਹੋ ਗਈ ਸੱਤਾ ਪ੍ਰਪਤੀ ਲਈ ਕੋਈ ਨਰੰਕਾਰੀਆਂ ਦਾ ਆਸਰਾ ਭਾਲ ਰਿਹਾ ਹੈ, ਕੋਈ ਸੌਦਾ ਸਾਧ ਦੀ ਚਰਨ ਬੰਦਨਾ ਕਰ ਰਿਹਾ ਹੈ, ਕੋਈ ਨੂਰਮਹਿਲ ਵੱਲ ਝਾਕ ਰਿਹਾ ਹੈ ਅਤੇ ਕੋਈ ਕਿਸੇ ਸਿੱਖ ਵਿਰੋਧੀ ਡੇਰੇ ਤੇ ਟੇਕ ਲਾਈ ਬੈਠਾ ਹੈ ਤੇ ਸਿੱਖਾਂ ਨਾਲ ਝੂਠੀ ਹਮਦਰਦੀ ਵਿਖਾਉਂਦਿਆਂ, ਮਗਰਮੰਛ ਦੇ ਅੱਥਰੂ ਕੇਰ ਰਿਹਾ ਹੈ| ਸੁਆਲ ਤਾਂ ਸਿਖ ਪੁੱਛਣ ਕਿ ਤੁਹਾਡਾ ਪੰਥ ਦੇ ਦੁਸ਼ਮਣਾ ਨਾਲ ਏਨਾ ਨੇੜ ਕਿਉਂ ਹੈ?
ਤੇ ਕਿਉਂ ਤੁਸੀਂ ਸਾਡੇ ਜ਼ਜ਼ਬਾਤਾਂ ਨਾਲ ਵਾਰ ਵਾਰ ਖੇਡਣ ਦਾ ਯਤਨ ਕਰ ਰਹੇ ਹੋ?
ਮੈਂ ਤਾਂ ਹੈਰਾਨ ਹਾਂ ਕਿ ਜੇਹੜੇ ਲੋਕ ਕਦੀਂ ਸੰਤਾਂ ਦੇ ਕੰਧਾੜੇ ਚੜ੍ਹੇ, ਉਤਰਨ ਦਾ ਨਾਉਂ ਨਹੀ ਸੀ ਲੈਂਦੇ, ਉਹ ਵੀ ਮੂਕ ਦਰਸ਼ਕ ਬਣੇ ,ਅਮਨ ਕਾਨੂੰਨ ਦੇ ਰਾਖੇ ਹੋਣ ਦਾ ਪਖੰਡ ਕਰੀ ਜਾ ਰਹੇ ਹਨ|
ਕੁੱਝ ਤਾਂ ਤਰਸ ਕਰੋ ਪੰਜਾਬ ਤੇ,ਕਿਉਂ ਸਿੱਖ ਕੌਮ ਦੇ ਜਖ਼ਮ ਕੁਰੇਦ ਕੇ ਤੁਹਾਨੂੰ ਜਿਆਦਾ ਚੈਨ ਮਹਿਸੂਸ ਹੁੰਦੀ ਹੈ, ਜੇ ਬਹਿਸ ਕਰਨ ਦਾ ਏਨਾ ਹੀ ਸ਼ੌਕ ਹੈਤਾਂ ਕਰੋ ਬਹਿਸ “ਪੰਜਾਬ ਵਿੱਚ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀ ਕਿਉਂ ਨਹੀ ਫੜੇ ਗਏ.ਕਿਉਂ ਨਹੀ ਸ਼ਾਂਤਮਈ ਰੋਸ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਣ ਵਾਲਿਆਂ ਤੇ ਕੋਈ ਕਾਰਵਾਈ ਹੋਈ? ਕਿਉਂ ਪੰਜਾਬ ਵਿੱਚ ਨਸ਼ਿਆਂ ਨੇ ਜੁਆਨੀ ਨਿਗਲ ਲਈ ਹੈ? ਕਿਉਂ ਨੌਜੁਆਨ ਬੇਰੁਜਗਾਰੀ ਦੇ ਮਾਰੇ ਟੈਂਕੀਆਂ ਤੇ ਚੜ੍ਹਦੇ ਹਨ ?ਕਿਉਂ ਕਿਸਾਨ ਜ਼ਹਿਰ ਪੀ ਰਹੇ ਹਨ? ਕਿਉਂ ਡੋਡੇ ਵਰਗੇ ਲੋਕ ,ਗਰੀਬਾਂ ਦੇ ਹੱਥ ਪੈਰ ਵੱਡ ਰਹੇ ਹਨ?
ਖਾਲਸਾ ਜੀ ਸਨਿਮਰ ਬੇਨਤੀ ਹੈ ,ਅਜੇ ਵੀ ਸੋਚੋ, ਪੰਥਕ ਸਭਿਆਚਾਰ ਦੀ ਰਾਖੀ, ਬਿਨਾ ਏਕਾ ਕੀਤਿਆਂ ਸੰਭਵ ਨਹੀ ਹੋਣੀ |ਅਜੇ ਵੀ ਵਕਤ ਹੈ,ਕਿਸੇ ਹੋਰ ਨੂੰ ਸਰਦਾਰੀ ਦੇਣ ਨਾਲੋਂ ,ਆਪਣਿਆਂ ਨੂੰ ਸੀਨੇ ਨਾਲ ਲਾਉਣ ਲਈ ਪਲੈਟਫਾਰਮ ਤਿਆਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ| ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ |
Related Topics: Sukhdev SIngh Bhaur, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)