July 2, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਵੀ ਕੇਸ ਦਰਜ ਨਾ ਹੋਣ ਬਾਰੇ ਸਬੂਤਾਂ ਸਹਿਤ ਖੁਲਾਸਾ ਕਰਨ ਵਾਲੇ ਜਸਟਿਸ ਫਾਊਂਡੇਸ਼ਨ ਦੇ ਆਗੂ ਨਵਦੀਪ ਗੁਪਤਾ ਨਾਲ ਖੜ੍ਹੀ ਹੈ। ਉਹਨਾਂ ਪੰਜਾਬ ਸਰਕਾਰ ਕੋਲ ਗੁਪਤਾ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਨਵਦੀਪ ਗੁਪਤਾ ਖਿਲਾਫ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਕਿਸਮ ਦੀ ਕੋਈ ‘ਹਰਕਤ’ ਹੁੰਦੀ ਹੈ ਤਾਂ ਉਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਦਮਦਮੀ ਟਕਸਾਲ ਦੇ ਮੁਖੀ ਨੇ ਕੁੱਝ ਹਿੰਦੂ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਨਵਦੀਪ ਗੁਪਤਾ ਨੂੰ ਤੰਗ ਪ੍ਰੇਸ਼ਾਨ ਕਰਨ, ਥਾਣੇ ਵਿੱਚ ਜ਼ਲੀਲ ਕਰਦਿਆਂ ਮੁਆਫ਼ੀ ਮੰਗਵਾਉਂਦਿਆਂ ਦੀ ਵੀਡੀਉ ਬਣਾਉਣ, ਧਮਕੀਆਂ ਦੇਣ ਅਤੇ ਉਸ ‘ਤੇ ਜਾਨ ਲੇਵਾ ਹਮਲੇ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ। ਬਾਬਾ ਹਰਨਾਮ ਸਿੰਘ ਨੇ ਅਜਿਹੇ ਹਿੰਦੂ ਆਗੂਆਂ ਨੂੰ ਸਸਤੀ ਸ਼ੁਹਰਤ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਪ੍ਰਤੀ ਤਾੜਨਾ ਕਰਦਿਆਂ ਬਾਜ ਆਉਣ ਲਈ ਕਿਹਾ। ਭਾਈ ਧੁੰਮਾ ਨੇ ਨਵਦੀਪ ਗੁਪਤਾ ਦੀ ਵਕਾਲਤ ਕਰਦਿਆਂ ਕਿਹਾ ਕਿ ਗੁਪਤਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ‘ਤੇ ਕੋਈ ਵੀ ਕੇਸ ਦਰਜ ਨਾ ਹੋਣ ਦਾ ਸਬੂਤਾਂ ਸਹਿਤ ਖੁਲਾਸਾ ਕਰਕੇ ਸ਼ਲਾਘਾਯੋਗ ਕੰਮ ਕਰਦਿਆਂ ਸੱਚ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ।
ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀਹਵੀਂ ਸਦੀ ਵਿੱਚ ਸੁੱਤੀ ਕੌਮ ਨੂੰ ਜਗਾਇਆ ਅਤੇ ਹੱਕ-ਸੱਚ ਅਤੇ ਗੁਰਧਾਮਾਂ ਦੀ ਅਜ਼ਮਤ ਲਈ ਕੁਰਬਾਨੀ ਦਿੱਤੀ। ਜਿਸ ਕਾਰਨ ਉਹਨਾਂ ਦਾ ਸ਼ਹੀਦੀ ਦਿਹਾੜਾ ਸਮੁੱਚੀ ਕੌਮ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਉਹਨਾਂ ਨਵਦੀਪ ਗੁਪਤਾ ਨੂੰ ਧਮਕੀਆਂ ਦੇਣ ਅਤੇ ਜ਼ਿਆਦਤੀਆਂ ਕਰਨ ਵਾਲੇ ਹਿੰਦੂ ਆਗੂਆਂ ਅਤੇ ਡਿਊਟੀ ਦੌਰਾਨ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਥੇਦਾਰ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਹਰ ਨੂਰ ਸਿੰਘ, ਭਾਈ ਹਰਮਨਦੀਪ ਸਿੰਘ, ਭਾਈ ਭਜਨ ਸਿੰਘ ਮਿਸਤਰੀ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਦਮਦਮੀ ਟਕਸਾਲ ਦੇ ਹੋਰ ਸਮਰਥਕ ਮੌਜੂਦ ਸਨ।
Related Topics: Damdami Taksal, Harnam Singh Dhumma, Hindu Groups, navdeep gupta, Punjab Police, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)