May 31, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਮੂਲ ਨਾਨਕਸ਼ਾਹੀ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ (ਬਿਕਰਮੀ ਰੂਪੀ) ਦੇ ਵਿਵਾਦ ਕਾਰਨ ਸਿੱਖ ਹਲਕਿਆਂ ‘ਚ ਧਾਰਮਿਕ ਦਿਹਾੜੇ ਮਨਾਉਣ ਸਬੰਧੀ ਦੁਬਿਧਾ ਅਜੇ ਵੀ ਬਰਕਰਾਰ ਹੈ, ਜਿਸ ਦਾ ਪ੍ਰਭਾਵ ਹੁਣ ਪੰਜਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ‘ਤੇ ਪਵੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿਸਤਾਨ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਗੁਰੂ ਦਿਹਾੜੇ ਦੀਆਂ ਤਰੀਕਾਂ ਸਬੰਧੀ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੁਰਪੁਰਬ 8 ਜੂਨ (ਸੋਧੇ ਬਿਕਰਮੀ ਕੈਲੰਡਰ ਮੁਤਾਬਕ) ਮਨਾਉਣ ਦੀਆਂ ਤਿਆਰੀਆਂ ਸਨ, ਉਥੇ ਪਾਕਿਸਤਾਨ ਓਕਾਫ਼ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦਿਆਂ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਲਈ ਪ੍ਰਬੰਧ ਕਰ ਰਹੇ ਹਨ, ਜਿਸ ਤਹਿਤ ਪਾਕਿਸਤਾਨ ਸਫਾਰਤਖਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੀ ਵੀਜ਼ਿਆਂ ਸਬੰਧੀ ਭੇਜੀ ਸੂਚੀ ਨੂੰ ਹੁਣ ਤੱਕ ਵੀਜ਼ੇ ਜਾਰੀ ਨਹੀਂ ਕੀਤੇ ਗਏ ਅਤੇ ਇਸੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਨੇ ਹੁਣ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਜਥਾ ਨਾ ਭੇਜਣ ਦਾ ਫ਼ੈਸਲਾ ਲਿਆ ਹੈ।
ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਯਾਤਰਾ ਸ਼ਹੀਦੀ ਜੋੜ ਮੇਲ ਲਈ ਯਾਤਰੀਆਂ ਦੇ ਪਾਸਪੋਰਟ 31 ਮਈ ਤੋਂ 9 ਜੂਨ ਤੱਕ ਵੀਜ਼ੇ ਲਗਾਉਣ ਲਈ ਹਾਈ ਕਮਿਸ਼ਨ ਪਾਕਿਸਤਾਨ ਨਵੀਂ ਦਿੱਲੀ ਦੇ ਦਫ਼ਤਰ ਵਿਖੇ ਦਫ਼ਤਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਨੁਮਾਇੰਦੇ ਰਾਹੀਂ ਭੇਜੇ ਗਏ ਸਨ ਪਰ ਹਾਈ ਕਮਿਸ਼ਨ ਵੱਲੋਂ ਹੁਣ ਤੱਕ ਕੋਈ ਪੱਲਾ ਨਹੀਂ ਫੜਾਇਆ ਗਿਆ। ਜਿਸ ਦੇ ਰੋਸ ਵਜੋਂ ਇਸ ਵਾਰ ਸ਼ਹੀਦੀ ਗੁਰੂ ਅਰਜਨ ਦੇਵ ਜੀ ਸਬੰਧੀ ਪਾਕਿਸਤਾਨ ਜਾਣ ਵਾਲਾ ਜਥਾ ਨਹੀਂ ਭੇਜਿਆ ਜਾਵੇਗਾ।
ਦੂਸਰੇ ਪਾਸੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਏ ਜਾਣ ਮੌਕੇ ਮੂਲ ਕੈਲੰਡਰ ਦੀਆਂ ਹਮਾਇਤੀ ਧਿਰਾਂ, ਜਿਨ੍ਹਾਂ ‘ਚ ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਸਿੱਖ ਜਥੇਬੰਦੀਆਂ ਸ਼ਾਮਿਲ ਹਨ, ਵੱਲੋਂ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨੀ ਸਰਕਾਰ ਵੱਲੋਂ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ ਹੀ ਯਾਤਰੀਆਂ ਨੂੰ ਵੀਜ਼ੇ ਮੁਹੱਈਆ ਕਰਵਾਉਣ ਬਾਬਤ ਫ਼ੈਸਲਾ ਕੀਤਾ ਗਿਆ ਹੈ।
Related Topics: Gurduara Sahib in Pakistan, NanakshahI Calendar Issue, Shiromani Gurdwara Parbandhak Committee (SGPC)