September 14, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (13 ਸਤਬੰਰ , 2015): ਇੱਥੇ ਹੋਏ ਨਾਮਧਾਰੀ ਸ਼ਹੀਦੀ ਸਮਾਗਮ ਦੌਰਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਨਾਮਧਾਰੀ ਅੰਮਿ੍ਤਧਾਰੀ ਪੰਜ ਕਕਾਰਾਂ ਦੇ ਧਾਰਨੀ ਹਨ ਤੇ ਦਸਵੇਂ ਪਾਤਸ਼ਾਹ ਦੀ ਦੱਸੀ ਮਰਿਆਦਾ ‘ਤੇ ਪਹਿਰਾ ਦਿੰਦੇ ਹਨ।ਨਾਮਧਾਰੀ ਸ਼ਹੀਦਾਂ ਦੀ ਯਾਦ ‘ਚ ਸਥਾਨਕ ਪਟਾਕਾ ਮਾਰਕਿਟ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਵੱਲੋਂ ਕ੍ਰਾਤੀਕਾਰੀ ਕਦਮ ਚੁਕਦਿਆਂ ਇਤਿਹਾਸਕ ਫੈਸਲਾ ਲੈਂਦਿਆਂ ਨਾਮਧਾਰੀ ਸਿੱਖਾਂ ਨੂੰ ਮੁੜ ਤੋਂ ਵੱਡੀ ਸ੍ਰੀ ਸਾਹਿਬ ਧਾਰਨ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਅੰਮਿ੍ਤ ਛਕਣ ਤੇ ਛਕਾਉਣ ਸਮੇਂ ਨਾਮਧਾਰੀ ਸਿੰਘ ਸਿੰਘਣੀਆਂ ਗਾਤਰੇ ‘ਚ ਪਾਕੇ ਵੱਡੀ ਕਿ੍ਪਾਨ ਪਹਿਨਣ। ਉਨ੍ਹਾਂ ਕਿਹਾ ਕਿ ਸਾਡਾ ਜੋ ਵਿਸ਼ਵਾਸ ਸੀ ਉਹ ਅੱਜ ਵੀ ਅਟੱਲ ਹੈ, ਅਟੱਲ ਰਹੇਗਾ। ਆਪਣਾ ਵਿਸ਼ਵਾਸ਼ ਅਟੱਲ ਰੱਖਦਿਆਂ ਹੋਇਆਂ ਖਾਲਸਾਈ ਮਰਿਯਾਦਾ ਨੂੰ ਨਾਮਧਾਰੀ ਸੰਗਤ ਪੂਰਨ ਰੂਪ ‘ਚ ਧਾਰਣ ਕਰੇਗੀ।
ਇਸ ਮੌਕੇ ਠਾਕੁਰ ਦਲੀਪ ਸਿੰਘ ਨੇ ਕਈ ਨਾਮਧਾਰੀ ਸਿੰਘ-ਸਿੰਘਣੀਆਂ ਨੂੰ ਕਿ੍ਪਾਨਾ ਆਪਣੇ ਹੱਥੀਂ ਪਹਿਨਾਈਆਂ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅਜਿਹਾ ਕਰਕੇ ਠਾਕੁਰ ਦਲੀਪ ਸਿੰਘ ਨੇ ਪੰਥਕ ਏਕਤਾ ਵੱਲ ਇਕ ਹੋਰ ਕਦਮ ਵਧਾਇਆ ਹੈ ਜਿਸ ਦੀ ਸ਼ਲਾਘਾ ਕੀਤੀ ਜਾਂਦੀ ਹੈ
ਇਸ ਮੌਕੇ ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਭਾਈ ਮਨਜੀਤ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ, ਬਾਬਾ ਬਲਦੇਵ ਸਿੰਘ ਨਿਹੰਗ, ਅਕਾਲੀ ਆਗੂ ਸ: ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਰਾਜੀਵ ਭਗਤ ਪ੍ਰਧਾਨ ਕਾਂਗਰਸ ਸ਼ਹਿਰੀ, ਸ: ਗੁਰਜੀਤ ਸਿੰਘ ਔਜਲਾ ਪ੍ਰਧਾਨ ਕਾਂਗਰਸ ਦਿਹਾਤੀ ਆਦਿ ਹਾਜ਼ਰ ਸਨ ।
Related Topics: Namdhari, Sikh Panth