February 4, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਉੱਤਰ ਪ੍ਰਦੇਸ਼ ਸ਼ੀਆ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਜਿਹੜੇ ਮੁਸਲਮਾਨ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦੇ ਖ਼ਿਲਾਫ਼ ਹਨ ਉਨ੍ਹਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਚਲੇ ਜਾਣਾ ਚਾਹੀਦਾ ਹੈ।
ਰਿਜ਼ਵੀ ਨੇ ਅਯੁੱਧਿਆ ਵਿੱਚ ਜੁੰਮੇ ਦੀ ਨਮਾਜ਼ ਅਦਾ ਕੀਤੀ ਅਤੇ ਇਸ ਬਾਅਦ ਰਾਮ ਜਨਮਭੂਮੀ ਦੇ ਮੁੱਖ ਪੁਜਾਰੀ ਅਚਾਰਿਆ ਸਤੇਂਦਰ ਦਾਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਜਿਹੜੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਵਿਰੋਧ ਕਰ ਰਹੇ ਹਨ ਅਤੇ ਉਥੇ ਬਾਬਰੀ ਮਸਜਿਦ ਉਸਾਰਨਾ ਚਾਹੁੰਦੇ ਹਨ। ਅਜਿਹੀ ਕੱਟੜ ਸੋਚ ਵਾਲੇ ਲੋਕਾਂ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਚਲੇ ਜਾਣਾ ਚਾਹੀਦਾ ਹੈ। ਅਜਿਹੇ ਮੁਸਲਮਾਨਾਂ ਲਈ ਭਾਰਤ ਵਿੱਚ ਕੋਈ ਜਗ੍ਹਾ ਨਹੀਂ ਹੈ। ਜਿਹੜੇ ਇਸ ਮਸਜਿਦ ਦੇ ਨਾਂ ’ਤੇ ਜਹਾਦ ਛੇੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਈ.ਐਸ.ਆਈ.ਐਸ. ਮੁਖੀ ਅਬੂ ਬਕਰ ਅਲ-ਬਗ਼ਦਾਦੀ ਦੀ ਫ਼ੌਜ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੱਟੜਵਾਦੀ ਮੌਲਵੀ ਭਾਰਤ ਨੂੰ ਬਰਬਾਦ ਕਰਨ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਪਰਵਾਸ ਕਰ ਜਾਣਾ ਚਾਹੀਦਾ ਹੈ।
ਉੱਧਰ ਇਨ੍ਹਾਂ ਟਿੱਪਣੀਆਂ ’ਤੇ ਤਿੱਖੀ ਪ੍ਰਤੀਕਿਿਰਆ ਦਿੰਦਿਆਂ ਸ਼ੀਆ ਮੌਲਵੀਆਂ ਨੇ ਕਿਹਾ ਕਿ ਸਮਾਜ ਵਿੱਚ ਫਿਰਕੂ ਜ਼ਹਿਰ ਘੋਲਣ ਦਾ ਯਤਨ ਕਰਨ ਲਈ ਵਸੀਮ ਰਿਜ਼ਵੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਸ਼ੀਆ ਉਲੇਮਾ ਕੌਂਸਲ ਦੇ ਪ੍ਰਧਾਨ ਮੌਲਾਨਾ ਇਫਤਿਖ਼ਾਰ ਹੁਸੈਨ ਇਨਕਲਾਬੀ ਨੇ ਦੋਸ਼ ਲਾਇਆ, ਰਿਜ਼ਵੀ ਇਕ ਅਪਰਾਧੀ ਹੈ, ਜੋ ਵਕਫ਼ ਬੋਰਡ ਦੀਆਂ ਜਾਇਦਾਦਾਂ ਨੱਪਣ ਅਤੇ ਗ਼ੈਰਕਾਨੂੰਨੀ ਢੰਗ ਨਾਲ ਵੇਚਣ ਵਿੱਚ ਸ਼ਾਮਲ ਸੀ। ਉਸ ਨੂੰ ਸੀਬੀ-ਸੀਆਈਡੀ ਵੱਲੋਂ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਖ਼ੁਦ ਨੂੰ ਬਚਾਉਣ ਲਈ ਉਹ ਨਾਟਕ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਬਾਬਰੀ ਮਸਜਿਦ-ਰਾਮ ਜਨਮਭੂਮੀ ਵਿਵਾਦ ਉਤੇ 8 ਫਰਵਰੀ ਤੋਂ ਸੁਣਵਾਈ ਕੀਤੀ ਜਾਵੇਗੀ।
Related Topics: Muslims in India, Pakisatan, Waseem Rizvi