December 5, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਰਬਾਰ ਸਾਹਿਬ ਆਮਦ ਮੌਕੇ ਸਿੱਖ ਸ਼ਰਧਾਲੂਆਂ ਨੂੰ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਗਿਆ, ਨਾਲ ਹੀ ਦਰਬਾਰ ਸਾਹਿਬ ਵਿੱਚ ਫੋਟੋ ਖਿੱਚਣ ਦੀ ਮਨਾਹੀ ਦੀ ਰੀਤ ਨੂੰ ਤੋੜਿਆ ਗਿਆ, ਸਿੱਖ ਮਰਿਆਦਾ ਦੇ ਉਲਟ ਬਾਦਲ ਪਰਿਵਾਰ ਵਲੋਂ ਰੱਜ ਕੇ ਚਮਚਾਗਿਰੀ ਕੀਤੀ ਗਈ। ਇਹ ਸੱਭ ਕੁੱਝ ਪੰਜਾਬ ‘ਤੇ ਹਕੂਮਤ ਕਰ ਰਹੇ ਬਾਦਲ ਪਰਿਵਾਰ ਦੇ ਹੁਕਮਾਂ ‘ਤੇ ਕੀਤਾ ਗਿਆ, ਜਿਸਦਾ ਖਮਿਆਜ਼ਾ ਉਸ ਨੂੰ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਹਰ ਹਾਲਤ ਵਿੱਚ ਭੁਗਤਣਾ ਪਵੇਗਾ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਬਾਦਲਕਿਆਂ ਦੀ ਇਸ ਘਣੌਨੀ ਹਰਕਤ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਮਰਕੱਸੇ ਕਰ ਲਏ ਜਾਣ। ਪਿਛਲੇ ਕਈ ਦਹਾਕਿਆਂ ਤੋਂ ਇਹ ਰੀਤ ਰਹੀ ਹੈ ਕਿ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਵਿੱਚ ਫੋਟੋ ਨਹੀਂ ਖਿੱਚ ਸਕਦਾ ਪਰ ਮੋਦੀ ਨਾਲ ਆਏ ਕੈਮਰਾਮੈਨ ਸ਼ਰੇਆਮ ਫੋਟੋਆਂ ਖਿੱਚਦੇ ਰਹੇ ਕਿਸੇ ਵੀ ਬਰਛੇ ਵਾਲੇ ਸੇਵਾਦਾਰ ਵਲੋਂ ਉਹਨਾਂ ਨੂੰ ਰੋਕਣਾ ਮੁਨਾਸਿਬ ਨਾ ਸਮਝਿਆ ਬਲਕਿ ਉਹਨਾਂ ਵੱਖ-ਵੱਖ ਪੋਜ਼ ਬਣਾਉਣ ਵਾਸਤੇ ਥਾਂ ਦਿੱਤੀ ਗਈ।
ਦੂਜੇ ਪਾਸੇ ਜਦੋਂ ਵਿਦੇਸ਼ਾਂ ਵਿੱਚ ਜਨਮੇ ਸਿੱਖੀ ਸਰੂਪ ਦੇ ਧਾਰਨੀ ਬੱਚੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹਨ ਤਾਂ ਇਹਨਾਂ ਬਰਛਾਧਾਰੀਆਂ ਦੀਆਂ ਨਜ਼ਰਾਂ ਉਹਨਾਂ ਦੇ ਮੋਬਾਇਲ ਫੋਨਾਂ ਨੂੰ ਵਾਚਦੀਆਂ ਰਹਿੰਦੀਆਂ ਹਨ ਅਤੇ ਅਗਰ ਕੋਈ ਨੌਜਵਾਨ ਬੱਚਾ ਫੋਟੋ ਖਿੱਚਣੀ ਚਾਹੇ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਂਦਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਿਰ ‘ਤੇ ਟੋਪੀ ਲੈ ਕੇ ਆਏ ਮੋਦੀ ਅਤੇ ਉਸ ਦੇ ਨਾਲ ਆਏ ਕ੍ਰਿਕਟ ਸਟਾਈਲ ਟੋਪੀ ਵਾਲੇ ਨੂੰ ਸੇਵਾਦਾਰਾਂ ਕੋਲੋਂ ਬਾਦਲ ਪਿਉ- ਪੁੱਤ ਅਤੇ ਨੂੰਹ ਵਲੋਂ ਇਸ਼ਾਰੇ ਕਰ ਕਰ ਕੇ ਸਿਰੋਪਾਉ ਦਿਵਾਉਣ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਿੱਖ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰਨਗੇ, ਬਾਦਲ ਪਰਿਵਾਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।
Related Topics: Narinder Modi, Parkash Singh Badal, Punjab Government, Shiromani Gurdwara Parbandhak Committee (SGPC), UKD UK, ਹਰਸਿਮਰਤ ਕੌਰ ਬਾਦਲ (Harsimrat Kaur Badal)