October 5, 2017 | By ਸਿੱਖ ਸਿਆਸਤ ਬਿਊਰੋ
ਜੈਪੁਰ: ਭਾਈ ਹਰਨੇਕ ਸਿੰਘ ਭੱਪ ਪੁੱਤਰ ਸ. ਤਾਰਾ ਸਿੰਘ ਪਿੰਡ ਬੁਟਾਰੀ, ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਅੱਜ (5 ਅਕਤੂਬਰ, 2017) ਜੈਪੁਰ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਰਾਮਨਿਵਾਸ ਮਿਰਧਾ ਦੇ ਪੁੱਤਰ ਰਾਜੇਂਦਰ ਮਿਰਧਾ ਨੂੰ ਅਗਵਾ ਕਰਨ ਦੇ 22 ਸਾਲ ਪੁਰਾਣੇ ਕੇਸ ‘ਚ ਦੋਸ਼ੀ ਕਰਾਰ ਦਿੱਤਾ ਹੈ। 17 ਫਰਵਰੀ 1995 ਦੇ ਇਸ ਕੇਸ ‘ਚ ਭਾਈ ਨਵਨੀਤ ਸਿੰਘ ਕਾਦੀਆਂ, ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਲਾਹੌਰੀਆ ਦੀ ਪਤਨੀ ਬੀਬੀ ਕਮਲਜੀਤ ਕੌਰ ਦਾ ਨਾਂ ਵੀ ਸੀ। ਭਾਈ ਨਵਨੀਤ ਸਿੰਘ ਕਾਦੀਆਂ ਦੀ ਸ਼ਹਾਦਤ ਹੋ ਚੁਕੀ ਹੈ ਅਤੇ ਭਾਈ ਦਇਆ ਸਿੰਘ ਲਾਹੌਰੀਆ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਇਸੇ ਕੇਸ ‘ਚ ਹੋਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਬੀਬੀ ਕਮਲਜੀਤ ਕੌਰ ਇਸ ਵਿਚ ਮਿਲੀ ਸਜ਼ਾ ਕੱਟ ਕੇ ਰਿਹਾਅ ਹੋ ਚੁਕੇ ਹਨ।
ਜੈਪੁਰ ਦੇ ਅਸ਼ੋਕ ਨਗਰ ਥਾਣੇ ‘ਚ ਰਾਜਸਥਾਨ ਪੁਲਿਸ ਵਲੋਂ ਧਾਰਾ 364-ਏ, 365, 343, 201 ਤਹਿਤ ਦਰਜ ਐਫ.ਆਈ.ਆਰ. ਨੰ: 57/17-2-1995 ‘ਚ ਪੁਲਿਸ ਦੀ ਕਹਾਣੀ ਮੁਤਾਬਕ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੁਲਿਸ ਹਿਰਾਸਤ ‘ਚੋਂ ਰਿਹਾਅ ਕਰਵਾਉਣ ਲਈ ਭਾਈ ਹਰਨੇਕ ਸਿੰਘ ਭੱਪ, ਭਾਈ ਨਵਨੀਤ ਸਿੰਘ ਕਾਦੀਆਂ ਅਤੇ ਭਾਈ ਦਇਆ ਸਿੰਘ ਲਾਹੌਰੀਆ ਨੇ ਕਾਂਗਰਸੀ ਆਗੂ ਦੇ ਪੁੱਤਰ ਨੂੰ ਅਗਵਾ ਕੀਤਾ ਸੀ। ਇਸਤੋਂ ਅਲਾਵਾ ਧਾਰਾਵਾਂ 307, 363, 420, 468, 120ਬੀ, 471 ਤਹਿਤ ਐਫ.ਆਈ.ਆਰ. ਨੰ: 84/1995 ਅਤੇ ਧਾਰਾਵਾਂ 176, 177, 216, 120ਬੀ, 420, 468 ਤਹਿਤ ਐਫ.ਆਈ.ਆਰ. ਨੰ: 44/1995 ਤਹਿਤ ਵੀ ਜੈਪੁਰ ‘ਚ ਮੁਕੱਦਮੇ ਦਰਜ ਕੀਤੇ ਗਏ ਸੀ।
ਭਾਈ ਹਰਨੇਕ ਸਿੰਘ ਭੱਪ ਦੇ ਵਕੀਲ ਅਜੈ ਕੁਮਾਰ ਅਤੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਰੱਖਣ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਈ ਹਰਨੇਕ ਸਿੰਘ ਆਪਣੀ ਗ੍ਰਿਫਤਾਰੀ 10 ਮਈ 2004 ਤੋਂ ਹੁਣ ਤਕ ਜੇਲ੍ਹ ‘ਚ ਹੀ ਹਨ। ਅੱਜ ਉਨ੍ਹਾਂ ਨੂੰ ਉਪਰੋਕਤ ਤਿੰਨੋਂ ਮੁਕੱਦਿਆਂ ‘ਚ (ਜੋ ਕਿ ਇਕੱਠੇ ਹੀ ਚੱਲ ਰਹੇ ਸੀ) ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਿਰਧਾ ਅਗਵਾ ਕੇਸ ‘ਚ ਤਾਂ ਉਮਰ ਕੈਦ ਦੀ ਸੰਭਾਵਨਾ ਹੈ, ਜਦਕਿ ਬਾਕੀ ਦੋ ਮੁਕੱਦਮਿਆਂ ‘ਚ ਸਜ਼ਾ ਕੱਟੀ-ਕਟਾਈ ਹੋਣ ਦੀ ਸੰਭਾਵਨਾ ਹੈ। ਫੈਸਲੇ ਤੋਂ ਬਾਅਦ ਭਾਈ ਹਰਨੇਕ ਸਿੰਘ ਭੱਪ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੱਜ ਨੇ ਸਜ਼ਾ ਸੁਣਾਉਣ ਦੀ ਤਰੀਕ ਕੱਲ੍ਹ (6 ਅਕਤੂਬਰ) ‘ਤੇ ਪਾਈ ਹੈ।
Related Topics: Bhai Dya Singh Lahoria, Bhai Harnek Singh Bhapp, Bhai Navdeep Singh Qadian, Bibi Kamaljit Kaur, Khalistan freedom struggle, Khalistan Liberation Force, Khalistan Movement, Prof. Devinder Pal Singh Bhullar, Rajasthan Police, Sikh Political Prisoners