ਸਿਆਸੀ ਖਬਰਾਂ » ਸਿੱਖ ਖਬਰਾਂ

ਗੁ: ਗਿਆਨ ਗੋਦੜੀ ਮੁੜ ਸਥਾਪਨਾ ਮੁੱਦੇ ਤੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਇੱਕਤਰਤਾ ਦਾ ਸੱਚ (ਰਿਪੋਰਟ)

May 25, 2017 | By

“ਗੁਰਦੁਆਰੇ ਦੀ ਮੁੜ ਉਸਾਰੀ ਲਈ ਅਖਾੜਾ ਪ੍ਰੀਸ਼ਦ ਤੇ ਹਿੰਦੂ ਜਥੇਬੰਦੀਆਂ ਦਾ ਲਿਆ ਜਾਵੇ ਸਹਿਯੋਗ”

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗੁਰਦੁਆਰਾ ਗਿਆਨ ਗੋਦੜੀ ਮੁੜ ਸਥਾਪਨਾ ਮੁੱਦੇ ‘ਤੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਗਈ ਇੱਕਤਰਤਾ ਇਸ ਨਤੀਜੇ ‘ਤੇ ਪੁਜੀ ਹੈ ਕਿ ਅੱਜ (ਬੁੱਧਵਾਰ) ਮਿਲੇ ਸੁਝਾਵਾਂ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਆਪਣੀ ਰਾਏ ਗਿਆਨੀ ਗੁਰਬਚਨ ਸਿੰਘ ਨੂੰ ਦੇਵਗੀ ਜੋ ਮਸਲੇ ਦੇ ਹੱਲ ਲਈ ਇੱਕ ਬਹੁਮੰਤਵੀ ਕਮੇਟੀ ਦੇ ਗਠਨ ਲਈ ਪੰਜ ਜਥੇਦਾਰਾਂ ਦੀ ਇਕਤਰਤਾ ਬੁਲਾਕੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ। ਬੁੱਧਵਾਰ ਦੀ ਇਸ ਇਕਤਰਤਾ ਵਿੱਚ ਬੁਲਾਰੇ ਜਿਥੇ ਬਾਰ-ਬਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਗੱਲ ਕਰਦੇ ਰਹੇ ਉਥੇ ਬਾਕੀ ਚਾਰ ਤਖਤਾਂ ਵਲੋਂ ਜਥੇਦਾਰ ਤਾਂ ਇਕ ਪਾਸੇ ਉਨ੍ਹਾਂ ਦਾ ਕੋਈ ਨੁਮਾਇੰਦਾ ਵੀ ਹਾਜ਼ਰ ਨਹੀਂ ਹੋਇਆ।

ਤਖਤਾਂ ਦੇ ਜਥੇਦਾਰ, ਦਰਬਾਰ ਸਾਹਿਬ ਦੇ ਗ੍ਰੰਥੀ, ਬਾਦਲ ਦਲ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ‘ਚ ਕਮੇਟੀ ਮੈਂਬਰ ਰਹੇ ਮੀਟਿੰਗ ਤੋਂ ਦੂਰ

ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਵਧੀਕ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਸਮੇਤ ਦਰਬਾਰ ਸਾਹਿਬ ਦਾ ਕੋਈ ਵੀ ਗ੍ਰੰਥੀ ਜਾਂ ਅਕਾਲ ਤਖਤ ਸਾਹਿਬ ਦੇ ਹੈਡ ਗੰ੍ਰਥੀ ਭਾਈ ਮਲਕੀਅਤ ਸਿੰਘ ਇਕਤਰਤਾ ਵਿੱਚ ਨਹੀਂ ਪੁਜੇ। ਖੁਦ ਨੂੰ ਪੰਥਕ ਦੱਸਣ ਵਾਲੇ ਬਾਦਲ ਦਲ ਦਾ ਕੋਈ ਵੀ ਕੌਮੀ ਜਾਂ ਸ਼ਹਿਰੀ ਅਹੁਦੇਦਾਰ ਵੀ ਇਕੱਤਰਤਾ ਵਿੱਚ ਨਜ਼ਰ ਨਹੀਂ ਆਇਆ। ਇਕੱਤਰਤਾ ਵਿੱਚ ਸ਼ਾਮਿਲ ਬੁਲਾਰਿਆਂ ਨੇ ਜ਼ੋਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਉਸੇ ਅਸਥਾਨ ‘ਤੇ ਉਸਾਰਿਆ ਜਾਵੇ ਜਿਥੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ। ਇਹ ਵੀ ਸੁਝਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦਾ ਅਸਲ ਅਸਥਾਨ ਪ੍ਰਾਪਤ ਕਰਨ ਲਈ ਹਰਿਦੁਆਰ ਦੇ ਹਿੰਦੂ ਸ਼ੰਕਰਾਚਾਰੀਆ, ਪਾਂਡੇਆਂ, ਨਿਰਮਲੇ, ਉਦਾਸੀਨ ਡੇਰਿਆਂ, ਹਰਿਦੁਆਰ ਸਥਿਤ ਅਖਾੜਾ ਪ੍ਰੀਸ਼ਦ ਸਮੇਤ ਵੱਖ-ਵੱਖ ਧਰਮ ਮੁਖੀਆਂ ਦਾ ਸਹਿਯੋਗ ਵੀ ਲਿਆ ਜਾਏ।

SGPC Meeting Teja Singh Samundari Hall Gurduara Gian Godri

ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਇੱਕਤਰਤਾ ‘ਚ ਬੁਲਾਰੇ ਅਤੇ ਸੰਗਤਾਂ

ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਨਿਰਮਲੇ ਸੰਪਰਦਾ ਦੇ ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ, ਚੀਫ ਖਾਲਸਾ ਦੀਵਾਨ ਦੇ ਸੰਤੋਖ ਸਿੰਘ ਸੇਠੀ, ਸੇਵਾ ਪੰਥੀ ਸੰਪਰਦਾ ਵਲੋਂ ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਇੰਦੋਰ ਤੋਂ ਗੁਰਦੀਪ ਸਿੰਘ ਭਾਟੀਆ, ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ 96 ਕਰੋੜੀ, ਕਮੇਟੀ ਦੇ ਕਾਰਜਕਾਰਣੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਪ੍ਰਚਾਰਕ ਸਰਵਣ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਪਣੇ ਵਿਚਾਰ ਰੱਖੇ।

ਸਬੰਧਤ ਖ਼ਬਰ:

ਗੁ: ਗਿਆਨ ਗੋਦੜੀ ਦੀ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ, ਦਿੱਲੀ ਕਮੇਟੀ ਵਾਲੇ ਗਵਾਲੀਅਰ ਬਾਰੇ ਚੁੱਪ ਕਿਉ? …

ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਨਿਰਮਲੇ ਸੰਪਰਦਾ ਦੇ ਬਾਬਾ ਤੇਜਾ ਸਿੰਘ ਇੱਕ ਮੱਤ ਸਨ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਸਾਰੀ ਮੁਹਿੰਮ ਪੁਰ ਅਮਨ ਤੇ ਸਦਭਾਵਨਾ ਸਾਹਿਤ ਉਤਰਾਖੰਡ ਦੀ ਅਖਾੜਾ ਪ੍ਰੀਸ਼ਦ ਤੇ ਹੋਰ ਹਿੰਦੂ ਜਥੇਬੰਦੀਆਂ ਦੇ ਸੰਪੂਰਣ ਸਹਿਯੋਗ ਨਾਲ ਅੱਗੇ ਵਧਣੀ ਚਾਹੀਦੀ ਹੈ। ਗੁਰਚਰਨ ਸਿੰਘ ਗਰੇਵਾਲ ਨੇ ਸੁਝਾਅ ਦਿੱਤਾ ਕਿ ਗੁਦੁਆਰਾ ਸਾਹਿਬ ਦੀ ਪੁਨਰ ਉਸਾਰੀ ਲਈ ਦੇਸ਼-ਵਿਦੇਸ਼ ਦੀ ਹਰ ਗੁਰਦੁਆਰਾ ਪ੍ਰਬੰਧ ਕਮੇਟੀ ਇੱਕ ਇੱਟ ਅਤੇ ਪੰਜ ਸਿੰਘ ਜ਼ਰੂਰ ਭੇਜੇ। ਬਾਬਾ ਬਲਬੀਰ ਸਿੰਘ ਨੇ ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਅਤੇ ਬਾਬਾ ਹਰਨਾਮ ਸਿੰਘ ਨੇ ਸੰਤ ਸਮਾਜ ਵਲੋਂ ਯਕੀਨ ਦਿਵਾਇਆ ਗਿਆ ਕਿ ਗੁ: ਗਿਆਨ ਗੋਦੜੀ ਮੁੜ ਉਸਾਰੀ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਆਪਣੇ ਸੰਬੋਧਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪੁਨਰ ਸਥਾਪਨਾ ਦਾ ਪੰਥ ਵਲੋਂ ਕਾਰਜ ਤਾਂ ਹੁਣ ਸ਼ੁਰੂ ਹੋਇਆ ਹੈ ਇਸਤੋਂ ਪਹਿਲਾ ਤਾਂ ਆਪੋ ਆਪਣੀ ਡੱਫਲੀ ਆਪੋ ਆਪਣਾ ਰਾਗ ਵਾਲਾ ਕੰਮ ਸੀ।

gurduara gian godri SGPC meeting Amritsar

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਾਬਾ ਹਰਨਾਮ ਸਿੰਘ ਧੁੰਮਾ ਆਦਿ

ਉਧਰ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ 14 ਮਈ ਨੂੰ ਮਨਾਏ ਗਏ ਅਰਦਾਸ ਸਮਾਗਮ ਨੂੰ ਮਿਲੀ ਸਫਲਤਾ ਵੇਖਕੇ ਸਰਕਾਰ ਡੋਲੀ ਪਈ ਹੈ ਉਥੇ ਗਿਆਨੀ ਗੁਰਬਚਨ ਸਿੰਘ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਸਿੱਖਾਂ ਦਾ ਮੁਬਾਰਕ ਅਸਥਾਨ ਦੱਸਦਿਆਂ ਕਿਹਾ ਕਿ ਜਿਥੇ-ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ, ਉਹ ਥਾਵਾਂ ਪੂਜਣਯੋਗ ਹਨ। ਇਸੇ ਲਈ ਇਸ ਅਸਥਾਨ ਨਾਲ ਸਿੱਖਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਦੀ ਮੁੜ ਸਥਾਪਨਾ ਉਸੇ ਹੀ ਜਗ੍ਹਾ ’ਤੇ ਕੀਤੀ ਜਾਵੇ ਨਾ ਹੀ ਕਿਸੇ ਹੋਰ ਜਗ੍ਹਾ ’ਤੇ।

ਉਨ੍ਹਾਂ ਇਹ ਵੀ ਆਖਿਆ ਕਿ ਬੇਸ਼ੱਕ ਨਿੱਜੀ ਤੌਰ ’ਤੇ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਨਿਰੰਤਰ ਯਤਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ, ਪਰ ਹੁਣ ਪੰਥਕ ਤੌਰ ’ਤੇ ਲਹਿਰ ਆਰੰਭੀ ਗਈ ਹੈ ਅਤੇ ਨਿਰਸੰਦੇਹ ਇਸ ਦੇ ਨਤੀਜੇ ਵੀ ਸਾਰਥਕ ਨਿਕਲਣਗੇ।

ਮਾਮਲੇ ਤੇ ਹੁਣ ਉਤਰਾਖੰਡ ਸਰਕਾਰ ਵਲੋਂ ਮਿਲੇ ਸਹਿਯੋਗ ਬਾਰੇ ਪੁਛੇ ਜਾਣ ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੁਖ ਮੰਤਰੀਆਂ ਨੂੰ ਮਿਲਣ ਗਏ ਹਰ ਵਫਦ ਨੂੰ ਇੱਕੋ ਇੱਕ ਜਵਾਬ ਮਿਲਦਾ ਹੈ ‘ਹਮ ਵੀਚਾਰ ਕਰੇਂਗੇ’। ਇਸ ਮੌਕੇ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤਿੰ੍ਰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀਵਾਲੇ, ਬਾਬਾ ਅਵਤਾਰ ਸਿੰਘ ਮੁਖੀ ਬਿਧੀਚੰਦ ਸੰਪ੍ਰਦਾਇ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸਰਵਨਜੀਤ ਸਿੰਘ ਮੁਖੀ ਮਿਸ਼ਨ ਸ਼ਹੀਦਾਂ ਤਰਨ ਦਲ, ਬਾਬਾ ਨਵਰੰਗ ਸਿੰਘ ਹਰੀਆਂ ਵੇਲਾਂ, ਬਾਬਾ ਵੱਸਣ ਸਿੰਘ ਦਲ ਮੜੀਆਂ ਵਾਲਾ, ਬਾਬਾ ਸੁਖਵਿੰਦਰ ਸਿੰਘ ਫਿਲੌਰ, ਬਾਬਾ ਵਰਿਆਮ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਅਵਤਾਰ ਸਿੰਘ ਸੈਂਪਲਾ, ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ, ਕੁਲਮੋਹਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਗੁਰਚਰਨ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਜਸਵੰਤ ਸਿੰਘ ਨਾਨਕਸਰ, ਭਾਈ ਰਵਿੰਦਰ ਸਿੰਘ ਸ਼੍ਰੋਮਣੀ ਰਾਗੀ ਸਭਾ, ਅਵਤਾਰ ਸਿੰਘ ਹਿੱਤ, ਡਾ. ਧਰਮਵੀਰ ਸਿੰਘ ਚੀਫ ਖ਼ਾਲਸਾ ਦੀਵਾਨ, ਬ੍ਰਿਜਇੰਦਰ ਪਾਲ ਸਿੰਘ ਤੇ ਹਰਪਾਲ ਸਿੰਘ ਕੇਂਦਰੀ ਸਿੰਘ ਸਭਾ ਡੇਹਰਾਦੂਨ, ਰਤਨਦੀਪ ਸਿੰਘ ਮਾਤਾ ਗੁਜਰੀ ਫਾਊਂਡੇਸ਼ਨ ਇੰਦੌਰ, ਬਾਬਾ ਸਤੀਸ਼ ਸਿੰਘ ਨਿਰਮਲ ਕੁਟੀਆ ਹਰਿਦੁਆਰ, ਬਾਬਾ ਹਰੀਦੇਵ ਸਿੰਘ ਨਿਰਮਲੇ ਸੰਪ੍ਰਦਾਇ ਅਜਨਾਲਾ, ਬਾਬਾ ਸੁਖਵੰਤ ਸਿੰਘ ਨਿਰਮਲੇ ਸੰਪ੍ਰਦਾਇ ਜਲੰਧਰ, ਬਾਬਾ ਅਮਰਜੀਤ ਸਿੰਘ ਨਿਰਮਲੇ ਸੰਪ੍ਰਦਾਇ ਮੁਹਾਲੀ, ਬਾਬਾ ਤਰਸੇਮ ਸਿੰਘ ਮੁਖੀ ਤਰਨ ਦਲ ਮਹਿਤਾ ਚੌਂਕ, ਬਾਬਾ ਮੇਜਰ ਸਿੰਘ ਦਸਮੇਸ਼ ਤਰਨ ਦਲ ਲੁਧਿਆਣਾ, ਜਥੇ: ਹਰਭਜਨ ਸਿੰਘ ਤਰਨਾ ਦਲ ਮਿਸਲ ਬਾਬਾ ਬਘੇਲ ਸਿੰਘ ਜੀ, ਬਾਬਾ ਸਤਨਾਮ ਸਿੰਘ ਮਿਸਲ ਬਾਬਾ ਸ਼ਾਮ ਸਿੰਘ ਅਟਾਰੀ, ਜਸਬੀਰ ਸਿੰਘ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ, ਮੈਂਬਰ ਧਰਮ ਪ੍ਰਚਾਰ ਕਮੇਟੀ ਸੁਖਵਰਸ਼ ਸਿੰਘ ਪੰਨੂੰ, ਅਜੈਬ ਸਿੰਘ ਅਭਿਆਸੀ, ਮੈਂਬਰ ਸ਼੍ਰੋਮਣੀ ਕਮੇਟੀ ਰਾਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਸੰਤ ਦਲਬਾਰ ਸਿੰਘ, ਸੰਤ ਚਰਨਜੀਤ ਸਿੰਘ, ਬਾਬਾ ਗੋਪਾਲ ਸਿੰਘ ਕਾਰ ਸੇਵਾ ਜੀਂਦ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਫ਼ਤਿਹਗੜ੍ਹ ਸਾਹਿਬ, ਬਾਬਾ ਗੁਰਪਿੰਦਰ ਸਿੰਘ ਕਾਰ ਸੇਵਾ ਸਤਲਾਣੀ ਸਾਹਿਬ, ਬਾਬਾ ਹਰੀ ਸਿੰਘ ਡੇਰਾ ਕਾਰ ਸੇਵਾ ਰਾਏਕੋਟ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਂ ਵਾਲੇ, ਬਾਬਾ ਮੋਹਨ ਸਿੰਘ ਕਾਰ ਸੇਵਾ ਬੀੜ ਬਾਬਾ ਬੁੱਢਾ ਜੀ ਠੱਠਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਗੁਰਦੀਪ ਸਿੰਘ ਗੁ: ਸਿੰਘ ਸਭਾ ਛਾਉਣੀ ਨਿਹੰਗ ਸਿੰਘ, ਬਾਬਾ ਦਲਬੀਰ ਸਿੰਘ ਮਿਸਲ ਬਾਬਾ ਬੋਤਾ ਸਿੰਘ ਗਰਜਾ ਸਿੰਘ, ਪਰਮਜੀਤ ਸਿੰਘ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਉੱਤੇ ਕੁਝ ਸਿੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਸਰਗਰਮੀ ਕਰਦੀਆਂ ਆ ਰਹੀਆਂ ਹਨ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ‘ਤੇ ਦੂਰੀ ਹੀ ਬਣਾ ਕੇ ਰੱਖੀ ਜਾ ਰਹੀ ਸੀ। ਦੋਵਾਂ ਕਮੇਟੀਆਂ ਨੇ ਹਾਲ ਵਿੱਚ ਹੀ ਇਸ ਮਾਮਲੇ ‘ਤੇ ਸਰਗਰਮੀ ਸ਼ੁਰੂ ਕੀਤੀ ਹੈ। ਭਾਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਮਾਮਲੇ ਦੀ ਨੁਕਤਾ-ਨਿਗਾਹ ਤੋਂ ਇਸ ਸਰਗਰਮੀ ਨੂੰ ਠੀਕ ਉਪਰਾਲੇ ਵੱਜੋਂ ਵੇਖਿਆ ਜਾ ਰਿਹਾ ਹੈ ਪਰ ਨਾਲ ਹੀ ਇਸ ਗੱਲ ਦੀ ਵੀ ਚਰਚਾ ਹੈ ਕਿ ਜਿੱਥੇ ਦੋਵੇਂ ਕਮੇਟੀਆਂ ਇਸ ਸਰਗਰਮੀ ਨਾਲ ਇਕ ਤਾਂ ਆਪਣੀ ਸਾਖ ਸਿੱਖਾਂ ਵਿੱਚ ਮੁੜ ਬਹਾਲ ਕਰਨ ਦਾ ਯਤਨ ਕਰ ਰਹੀਆਂ ਹਨ ਓਥੇ ਇਸ ਮੁਹਿੰਮ ਦੀ ਸਰਪ੍ਰਸਤੀ ਗਿਆਨੀ ਗੁਰਬਚਨ ਸਿੰਘ ਨੂੰ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਮੁੜ ਖੜ੍ਹਾ ਕਰਨ ਦੇ ਯਤਨ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿੱਖ ਪੰਥ ਨੇ ਅਕਤੂਬਰ 2015 ਵਿੱਚ ਸਿਰਸਾ ਸਾਧ ਨੂੰ ਬਿਨ ਮੰਗਿਆਂ ਮਾਫੀ ਦੇਣ ਕਰਕੇ ਨਕਾਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,