November 20, 2018 | By ਸਿੱਖ ਸਿਆਸਤ ਬਿਊਰੋ
ਪਰਮਜੀਤ ਸਿੰਘ*
ਕਹਿੰਦੇ ਹਨ ਕਿ ਸਮੇਂ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਪਰ ਇੰਝ ਲੱਗਦਾ ਹੈ ਕਿ ਇਹ ਧਾਰਨਾ ਮੀਡੀਆ ਵੱਲੋਂ ਕੀਤੇ ਜਾਂਦੇ ਪੱਖਪਾਤ ਉੱਤੇ ਲਾਗੂ ਨਹੀਂ ਹੁੰਦੀ। ਹੁਣ ਇਸ ਗੱਲ ਦੇ ਪੁਖਤਾ ਬਿਰਤਾਂਤ, ਤੱਥ ਅਤੇ ਵਰਵੇ ਸਾਹਮਣੇ ਆ ਚੁੱਕੇ ਹਨ ਕਿ ਕਿੰਝ ਮੀਡੀਆ ਵੱਲੋਂ ਸਿੱਖਾਂ ਵਿਰੁਧ ਮਿੱਥ ਕੇ ਹਲਤ ਧਾਰਨਾਵਾਂ ਨੂੰ ਪ੍ਰਚੱਲਤ ਕੀਤਾ ਗਿਆ। ‘ਜੂਨ 1984 ਦੀ ਪੱਤਰਕਾਰ’ ਅਤੇ ‘ਅਮਬੈਡਿਡ ਜਰਨਲਿਜ਼ਮ – ਮੀਡੀਆ ਪਰੌਜੈਕਸ਼ਨ ਆਫ ਸਿੱਖਸ ਐਜ਼ ਡੀਮਨਸ’ ਘੱਟੋ-ਘੱਟ ਅਜਿਹੀਆਂ ਦੋ ਕਿਤਾਬਾਂ ਹਨ ਜਿਹੜੀਆ ਮੀਡੀਆ ਦੀ ਨਿਰਪੱਖਤਾਂ ਦੇ ਭਰਮ ਨੂੰ ਚਕਨਾਚੂਰ ਕਰਦੀਆਂ ਹਨ। ਇਹਨਾਂ ਕਿਤਾਬਾਂ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਮੀਡੀਆ ਨੇ ਮਨਘੜਤ ਤੋਂ ਲੈ ਕੇ ਭਲੇਖਾ ਪਾਊ ਅਤੇ ਝੂਠੀਆਂ ਤੋਂ ਲੈ ਕੇ ਪੱਖਪਾਤੀ ਤੱਕ ਖਬਰਾਂ ਲਾਈਆਂ ਤੇ ਸਿੱਖਾਂ ਵਿਰੁਧ ਨਾਕਾਰਤਮਕ ਵਿਚਾਰ ਸਮਾਜ ਵਿੱਚ ਫੈਲਾਏ।
ਖਬਰ ਏਜੰਸੀ ਯੂ.ਐਨ.ਆਈ. ਵਿਚੋਂ ਬਤੌਰ ਸੀਨੀਅਰ ਪੱਤਰਕਾਰ ਰਿਟਾਇਰ ਹੋਏ ਸ. ਜਸਪਾਲ ਸਿੰਘ ਸਿੱਧੂ ਦੱਸਦੇ ਹਨ ਕਿ ਕਿਵੇਂ ਖਾਸ ਘਟਨਾਵਾਂ ਉੱਤੇ ਖਬਰਾਂ ਭੇਜਣ ਲਈ ਚੁਣ ਕੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਤਾਂ ਕਿ ਇਕ ਖਾਸ ਨਜ਼ਰੀਏ ਤੋਂ ਖਬਰਾਂ ਲਵਾਈਆਂ ਜਾ ਸਕਣ। ਆਪਣੇ ਨਿੱਜੀ ਤਜ਼ਰਬੇ ਵਿਚੋਂ ਉਹਨਾਂ ਦੱਸਿਆ ਕਿ ਧਰਮ ਯੂੱਧ ਮੋਰਚੇ ਵੇਲੇ ਉਹਨਾਂ ਨੂੰ ਬਠਿੰਡਿਓਂ ਬਦਲ ਕੇ ਅੰਮ੍ਰਿਤਸਰ ਸਾਹਿਬ ਭੇਜਿਆ ਹੀ ਇਸ ਲਈ ਗਿਆ ਸੀ ਕਿ ਉਹ ਖੱਬੇ ਪੱਖੀ ਵਿਚਾਰਾਂ ਵਾਲੇ ਸਨ।
ਇਹ ਵੀ ਪੜ੍ਹੋ- “Did Army Chief Mis Mentioning “Internal Linkages” On Actual Terror in Punjab” (by – IP Singh)
ਅੱਜ ਦੇ ਮਾਹੌਲ ਵਿੱਚ ਫਿਰ ਉਹੀ ਸਾਰਾ ਕੁਝ ਮੁੜ ਵਾਪਰਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਭਾਰਤੀ ਫੌਜ ਮੁਖੀ ਨੇ ‘ਪੰਜਾਬ ਵਿੱਚ ਅਗੇਤੀ ਕਾਰਵਾਈ’ ਕਰਨ ਦੀ ਕਥਿਤ ਲੋੜ ਬਾਰੇ ਦਿੱਤੇ ਬਿਆਨ ਨੂੰ ਮੀਡੀਆ ਵੱਲੋਂ ਵਧਵੇਂ ਤੌਰ ਉੱਤੇ ਚੁੱਕਿਆ ਜਾ ਰਿਹਾ ਹੈ, ਹਾਲਾਂਕਿ ਕਿਸੇ ਵੀ ਮੀਡੀਆ ਅਦਾਰੇ ਨੇ ਆਪਣੇ ਤੌਰ ਉੱਤੇ ਇਸ ਬਿਆਨ ਦੇ ਅਧਾਰ ਉੱਤੇ ਕੋਈ ਸਵਾਲ ਚੁੱਕਣ ਦੀ ਜਰੂਰਤ ਨਹੀਂ ਸਮਝੀ। ਹਾਲਾਂਕਿ ਸੀਨੀਅਰ ਪੱਤਰਕਾਰ ਆਈ. ਪੀ. ਸਿੰਘ ਨੇ ਆਪਣੇ ਤੌਰ ਉੱਤੇ ਇਸ ਮਾਮਲੇ ਵਿੱਚ ਕਈ ਪੁਖਤਾ ਅਤੇ ਗੰਭੀਰ ਸਵਾਲ ਚੁੱਕੇ ਹਨ।
ਗੱਲ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਹੈ ਕਿ ਮੀਡੀਆ ਸਰਕਾਰ, ਪੁਲਿਸ, ਖੂਫੀਆ ਏਜੰਸੀਆਂ ਜਾਂ ਫੌਜ ਮੁਖੀ ਵਗੈਰਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਪਾਰਖੂ ਅੱਖ ਨਾਲ ਨਹੀਂ ਵੇਖਦਾ ਜਾਂ ਮਹਿਜ਼ ਅੱਖਾਂ ਬੰਦ ਕਰਕੇ ਉਸ ਨੂੰ ਦਹੁਰਾਉਣ ਲੱਗ ਜਾਂਦਾ ਹੈ ਬਲਕਿ ਮੀਡੀਆ ਇਸ ਤੋਂ ਵੀ ਅਗਾਂਹ ਖਬਰਾਂ ਨੂੰ ਅਜਿਹੇ ਭੁਲੇਖਾ ਪਾਊ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਅਸਿੱਧੇ ਤੌਰ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਇਸ ਦੀ ਇੱਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਬੀ.ਬੀ.ਸੀ. ਪੰਜਾਬੀ ਨੇ ਅੰਮ੍ਰਿਤਸਰ ਜਿਲ੍ਹੇ ਦੇ ਅਦਲੀਵਾਲ (ਨੇੜੇ ਰਾਜਾਸਾਂਸੀ) ਵਿਖੇ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ, ਜਿਸ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਕਿ ਮੋਟਰਸਾਇਕਲ ਸਵਾਰ ਦੋ ਜਾਣਿਆਂ ਨੇ ਹੱਥ ਗੋਲਾ ਸੁੱਟ ਕੇ ਇਹ ਹਮਲਾ ਕੀਤਾ ਸੀ, ਤੋਂ ਬਾਅਦ ਨਿਰੰਕਾਰੀ ਮੰਡਲ ਬਾਰੇ ਲਿਖਤਛਾਪੀ ਜਿਸ ਦੀ ਆਪਣੇ ਫੇਸਬੁੱਕ ਪੰਨੇ ਉੱਤੇ ਜਾਣਪਛਾਣ ਦੇ ਤੌਰ ਉੱਤੇ ਇਹ ਸਤਰਾਂ ਸ਼ਾਮਲ ਕੀਤੀਆਂ ਗਈਆਂ ਕਿ “1978 ਦੀ ਵਿਸਾਖੀ ਤੋਂ ਚੱਲਿਆ ਆ ਰਿਹਾ ਸਿੱਖ ਤੇ ਨਿਰੰਕਾਰੀਆਂ ਦਾ ਪਾੜਾ ਮੁੜ ਕੇ ਖ਼ਤਮ ਨਹੀਂ ਹੋਇਆ ਪਰ ਕਾਫੀ ਸਮੇਂ ਤੋਂ ਦੋਹਾਂ ਭਾਈਚਾਰਿਆਂ ਵੱਲੋਂ ਸੰਜਮ ਤੋਂ ਕੰਮ ਲਿਆ ਗਿਆ ਤੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ”।
ਜਦੋਂ ਬੀ.ਬੀ.ਸੀ ਦੀ ਇਹ ਟਿੱਪਣੀ ਪਾਠਕਾਂ ਦੀ ਨਜ਼ਰੀਂ ਪਈ ਤਾਂ ਉਹਨਾਂ ਇਸ ਦਾ ਭਰਵਾਂ ਵਿਰੋਧ ਕੀਤਾ। ਪਾਠਕਾਂ ਕਿਹਾ ਕਿ ਇੱਥੇ ਬੀ.ਬੀ.ਸੀ. ਬਿਨਾ ਕਿਸੇ ਬਿਨਾਅ ਦੇ ਆਮ ਪਾਠਕ ਦੇ ਮਨ ਵਿੱਚ ਇਹ ਗੱਲ ਬਿਠਾਉਣੀ ਚਾਹ ਰਿਹਾ ਹੈ ਕਿ ਇਸ ਹਮਲੇ ਪਿੱਛੇ ਸਿੱਖਾਂ ਦਾ ਹੱਥ ਹੈ।
ਜਦੋਂ ਇੱਥੇ ਮਸਲਾ ਸਿੱਧੀ ਗਲਤ ਬਿਆਨੀ ਦਾ ਨਹੀਂ ਸੀ ਬਲਕਿ ਪੇਸ਼ਕਾਰੀ ਦੇ ਟੇਢ ਦਾ ਸੀ ਜਿਸ ਉੱਤੇ ਪਾਠਕਾਂ ਨੇ ਡਟਵਾਂ ਵਿਰੋਧ ਕੀਤਾ। ਇਸ ਤੋਂ ਬਾਅਦ ਬੀ.ਬੀ.ਸੀ. ਪੰਜਾਬੀ ਨੇ ਖਬਰ ਦੀ ਜਾਣਪਛਾਣ ਵਿੱਚ ਲਿਖੀ ਉਕਤ ਸਤਰ ਨੂੰ ਇਹਨਾਂ ਅੱਖਰਾਂ ਨਾਲ ਬਦਲ ਦਿੱਤਾ ਕਿ: “ਅੰਮ੍ਰਿਤਸਰ ਵਿੱਚ ਅੱਜ ਨਿਰੰਕਾਰੀ ਭਵਨ ‘ਤੇ ਹਮਲਾ ਹੋਇਆ। ਜਾਣੋ ਕੌਣ ਹਨ ਨਿਰੰਕਾਰੀ ਅਤੇ ਕੀ ਹੈ ਉਨ੍ਹਾਂ ਦਾ ਸਿਆਸੀ ਅਤੇ ਧਾਰਮਿਕ ਪਿਛੋਕੜ”।
ਇਸ ਤੋਂ ਬਾਅਦ ਬੀ.ਬੀ.ਸੀ. ਪੰਜਾਬੀ ਦੇ ਹੀ ਇੱਕ ਪੱਤਰਕਾਰ ਨੇ ਉਕਤ ਲਿਖਤ ਲਿਖਣ ਵਾਲੇ ਬੀ.ਬੀ.ਸੀ. ਪੰਜਾਬੀ ਦੇ ਹੀ ਦੂਜੇ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਗੱਲਬਾਤ ਕੀਤੀ ਜਿਸ ਦੀ ਜਾਣਪਛਾਣ ਵੱਜੋਂ ਲਿਿਖਆ ਗਿਆ ਕਿ: “ਬੀਬੀਸੀ ਇਹ ਨਹੀਂ ਕਹਿ ਰਿਹਾ ਕਿ ਧਮਾਕਾ ਕਿਸ ਨੇ ਕਰਵਾਇਆ। ਧਮਾਕਾ ਨਿਰੰਕਾਰੀ ਭਵਨ ’ਤੇ ਹੋਇਆ ਹੈ। ਨਿਰੰਕਾਰੀਆਂ ਦਾ ਧਾਰਮਿਲ ਤੇ ਸਿਆਸੀ ਪਿਛੋਕੜ ਦੱਸਣਾ ਜਰੂਰੀ ਹੈ”।
ਇਹ ਗੱਲਬਾਤ ਪਹਿਲੀ ਲਿਖਤ ਨੂੰ ਛਾਪਣ ਤੋਂ ਤਕਰੀਬਨ 3 ਘੰਟੇ ਬਾਅਦ ਪਾਈ ਗਈ ਜਿਸ ਵੇਲੇ ਕਿ ਬੀ.ਬੀ.ਸੀ. ਪੰਜਾਬੀ ਨੇ ਉਸ ਲਿਖਤ ਦੀ ਜਾਣਪਛਾਣ ਵਾਲੇ ਸ਼ਬਦ ਬਦਲੇ ਸਨ ਜਿਸ ਦਾ ਜ਼ਿਕਰ ਉੱਤੇ ਕੀਤਾ ਜਾ ਚੁੱਕਾ ਹੈ। ਇਸ ਗੱਲਬਾਤ ਦੇ ਸ਼ੁਰੂ ਵਿੱਚ ਹੀ ਖੁਸ਼ਹਾਲ ਲਾਲੀ ਨੇ ਸਪਸ਼ਟੀਕਰਨ ਦੇਂਦਿਆਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਧਾਮਕੇ ਜੋ ਮੁੱਢਲੀ ਪੁਲਿਸ ਜਾਂਚ ਹੋਈ ਹੈ ਉਸ ਵਿੱਚ ਇਹ ਨਹੀਂ ਆਇਆ ਕਿ ਇਹ ਕਾਰਵਾਈ ਪੁਰਾਣੇ ਵਿਵਾਦ ਜਾਂ ਸਿੱਖਾਂ ਤੇ ਨਿਰੰਕਾਰੀਆਂ ਦੇ ਟਕਰਾਅ ਕਰਕੇ ਹੋਈ ਹੋਵੇ।
ਗੱਲ ਸਿਰਫ ਬੀ.ਬੀ.ਸੀ. ਪੰਜਾਬੀ ਤੱਕ ਸੀਮਤ ਨਹੀਂ ਹੈ ਜੇਕਰ ਅਜਿਹਾ ਹੁੰਦਾ ਤਾਂ ਸ਼ਾਇਦ ਕੁਝ ਬਚਾਅ ਰਹਿ ਜਾਂਦਾ ਕਿਉਂਕਿ ਜੋ ਪੱਤਰਕਾਰੀ ਖਬਰਾਂ ਵਾਲੇ ਕਹੇ ਜਾਂਦੇ ਟੀ.ਵੀ. ਚੈਨਲਾਂਤੇ ਹੋਈ ਹੈ ਉਸ ਨੇ ਤਾਂ ਨਿਵਾਣ ਦੀ ਹਰ ਹੱਦ ਪਾਰ ਕਰ ਦਿੱਤੀ ਹੈ।
ਨੈਟਵਰਕ 18 ਦੇ ਪੰਜਾਬੀ ਚੈਨਲ ਨਿਊਜ਼ 18 ਪੰਜਾਬ ਵੱਲੋਂ ਸਿੱਖ ਦਿੱਖ ਵਾਲੀਆਂ ਤਸਵੀਰਾਂ ਨੂੰ ਇਹ ਕਹਿ ਕੇ ਸਾਰਾ ਦਿਨ ਵਾਰ-ਵਾਰ ਵਿਖਾਇਆ ਗਿਆ ਕਿ ਇਹ ਧਮਾਕਾ ਕਰਨ ਵਾਲੇ ਸ਼ੱਕੀਆਂ ਦੇ ਹੁਲੀਏ ਦੇ ਨਕਸ਼ ਹਨ। ਹਾਲਾਂਕਿ ਉਹ ਤਸਵੀਰਾਂ ਕਿਸੇ ਬੰਨਿਓਂ ਵੀ ਨਕਸ਼ (ਸਕੈਚ) ਨਹੀਂ ਸਨ ਬਲਕਿ ਅਸਲ ਤਸਵੀਰਾਂ ਵਰਗੀਆਂ ਸਨ। ਗੱਲ ਇੱਥੋਂ ਤੱਕ ਵੀ ਸੀਮਤ ਨਹੀਂ ਰਹੀ ਕਿਉਂਕਿ ਬਾਅਦ ਵਿੱਚ ਇਹ ਪਤਾ ਲੱਗਾ ਕਿ ਅਸਲ ਵਿੱਚ ਅਜਿਹੀਆਂ ਕੋਈ ਵੀ ਤਸਵੀਰਾਂ ਜਾਂ ਸ਼ੱਕੀਆਂ ਦੇ ਨਕਸ਼ ਜਾਰੀ ਹੀ ਨਹੀਂ ਸਨ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਸਾਫ ਕਿਹਾ ਕਿ ਜਦੋਂ ਇਸ ਘਟਨਾ ਵਿੱਚ ਸ਼ਾਮਲ ਦੋਵਾਂ ਜਾਣਿਆਂ ਨੇ ਮੂੰਹ ਢੰਕੇ ਹੋਏ ਸਨ ਤਾਂ ਉਹਨਾਂ ਦੇ ਹੁਲੀਏ ਦੇ ਨਕਸ਼ ਜਾਰੀ ਕਰਨ ਲਈ ਕੀ ਗੁੰਜਾਇਸ਼ ਬਾਕੀ ਰਹਿ ਜਾਂਦੀ ਹੈ।
ਟੀ.ਵੀ. ਚੈਨਲਾਂ ਨਿਊਜ਼ 18 ਪੰਜਾਬ, ਜ਼ੀ ਨਿਊਜ਼, ਨਿਊਜ਼ ਐਕਸ ਆਦਿ ਵੱਲੋਂ ਇਕ ਸੀ.ਸੀ.ਟੀ.ਵੀ ਦੇ ਕੁਝ ਦ੍ਰਿਸ਼ ਵਾਰ-ਵਾਰ ਵਿਖਾਏ ਗਏ ਜਿਹਨਾਂ ਵਿੱਚ ਦੋ ਮੋਟਰਸਾਇਕਲ ਸਵਾਰ ਵਿਖਾਈ ਦੇ ਰਹੇ ਹਨ। ਇਸ ਬਾਰੇ ਜਦੋਂ ਅੰਮ੍ਰਿਤਸਰ ਦੇ ਪੱਤਰਕਾਰਾਂ ਨੇ ਅੰਮ੍ਰਿਤਸਰ ਦਿਹਾਤੀ ਜਿਲ੍ਹੇ ਦੇ ਪੁਲਿਸ ਮੁਖੀ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਇਹ ਦ੍ਰਿਸ਼ ਵੀ ਉਕਤ ਹੁਲੀਏ ਵਾਲੀਆਂ ਤਸਵੀਰਾਂ ਵਾਙ ਮੀਡੀਆ ਦੀ ਹੀ ਕਾਢ ਸੀ ਅਤੇ ਅਜਿਹੇ ਕੋਈ ਦ੍ਰਿਸ਼ ਪੁਲਿਸ ਵੱਲੋਂ ਜਾਰੀ ਹੀ ਨਹੀਂ ਸਨ ਕੀਤੇ ਗਏ।
ਨਿਊਜ਼ ਐਕਸ ਨਾਮੀ ਅੰਗਰੇਜ਼ੀ ਚੈਨਲ ਨੇ ਤਾਂ ਨਿਵਾਣ ਦੀਆਂ ਸਭ ਹੱਦਾਂ ਪਾਰ ਕਰਦਿਆਂ ਅੰਮ੍ਰਿਤਸਰ ਨੇੜੇ ਵਾਪਰੇ ਇਸ ਧਮਾਕੇ ਬਾਰੇ ਖਬਰ (ਹਾਲਾਂਕਿ ਉਸ ਪ੍ਰਚਾਰ ਨੂੰ ਕਿਸੇ ਵੀ ਮਿਆਰ ਤੋਂ ਖਬਰ ਨਹੀਂ ਕਿਹਾ ਜਾ ਸਕਦਾ) ਪੇਸ਼ ਕਰਦਿਆਂ ਬਿਨਾ ਸਬੂਤਾਂ ਜਾਂ ਦਲੀਲਾਂ ਦੇ ਦੂਸਣਬਾਜ਼ੀ ਦਾ ਹੜ ਹੀ ਲੈ ਆਂਦਾ। ਇਸ ਚੈਨਲ ਨੇ ਕਨੇਡਾ ਦੇ ਸਿੱਖ ਮੰਤਰੀ ਅੰਮਰਜੀਤ ਸਿੰਘ ਸੋਹੀ, ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇੰਗਲੈਂਡ ਤੋਂ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ, ਬਰਤਾਨੀਆ ਦੇ ਹਾਊਸ ਆਫ ਲਾਰਡਜ਼ ਦੇ ਮੈਂਬਰ ਲਾਰਡ ਨਜ਼ੀਰ ਅਹਿਮਤ ਅਤੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਨਾਵਾਂ ਦਾ ਜ਼ਿਕਰ ਕਰਦਿਆਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਲਈ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਬੀਤੇ ਸਾਲ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨੌਜਵਾਨ ਜਿਸ ਖਿਲਾਫ ਹਾਲੀ ਮੁਕਦਿਆਂ ਦੀ ਕਾਰਵਾਈ ਵੀ ਚੰਗੀ ਤਰ੍ਹਾਂ ਸ਼ੂਰੂ ਨਹੀਂ ਹੋਈ ਨੂੰ ‘ਅਤਿਵਾਦੀ’ ਗਰਦਾਨਿਆ ਗਿਆ।
ਮੀਡੀਆ ਇੰਨੀ ਜ਼ਹਿਰੀਲੀ ਬੋਲੀ ਬੋਲ ਰਿਹਾ ਹੈ ਕਿ ਇਹਨਾਂ ਖਬਰਾਂ ਨੂੰ ਸੱਚ ਮੰਨਣਵਾਲਿਆਂ ਦੀ ਮਾਨਸਿਕਤਾ ਜ਼ਹਿਰੀਲੀ ਹੋਏ ਬਿਨਾ ਨਹੀਂ ਰਹਿ ਸਕਦੀ।
ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਕਈ ਵਾਰ ਇਹ ਗੱਲ ਬਿਆਨ ਕੀਤੀ ਹੈ ਕਿ 1980ਵਿਆਂ ਵਿੱਚ ਵੀ ਪ੍ਰੈਸ/ਮੀਡੀਆ ਨੇ ਮਿੱਥ ਕੇ ਸਿੱਖਾਂ ਖਿਲਾਫ ‘ਭਾਰਤੀਆਂ’ ਦੀ ਮਾਨਸਿਕਤਾ ਵਿੱਚ ਜ਼ਹਿਰ ਭਰਿਆ ਸੀ ਜਿਸ ਦਾ ਨਤੀਜਾ ਸਿੱਖਾਂ ਦੇ ਕਤਲੇਆਮ ਵਿੱਚ ਨਿੱਕਲਿਆ ਸੀ। ਉਹਨਾਂ ਆਪਣੀ ਕਿਤਾਬ ਵਿੱਚ ਵੀ ਦੱਸਿਆ ਹੈ ਕਿ 1982 ਦੀਆਂ ਏਸ਼ੀਆਈ ਖੇਡਾਂ ਮੌਕੇ ਹਰਿਆਣੇ ਰਾਹੀਂ ਦਿੱਲੀ ਜਾਂ ਪੰਜਾਬ ਨੂੰ ਆਉਣ ਜਾਣ ਵਾਲੇ ਸਿੱਖਾਂ ਦੀ ਵੱਡੀ ਪੱਧਰ ਉੱਤੇ ਹੋਈ ਕੁੱਟਮਾਰ ਵੀ ਅਸਲ ਵਿੱਚ ਇੱਕ ਪੱਤਰਕਾਰ ਵੱਲੋਂ ਲਾਈ ਝੂਠੀ ਖਬਰ ਦਾ ਹੀ ਸਿੱਟਾ ਸੀ।
ਇਹਨਾਂ ਦੋ ਦਿਨਾਂ ਦੀਆਂ ਖਬਰਾਂ ਦੱਸ ਪਾ ਰਹੀਆਂ ਹਨ ਕਿ ਅੱਜ ਵੀ ਮੀਡੀਆ ਤੀਹ ਸਾਲ ਪਹਿਲਾਂ ਵਾਲਾ ਕੰਮ ਹੀ ਕਰ ਰਿਹਾ ਹੈ ਬਲਕਿ ਹੁਣ ਇਸ ਦੇ ਸਾਧਨ ਤੇ ਸਮਰੱਥਾ ਪਹਿਲਾਂ ਨਾਲੋਂ ਕਿਤੇ ਵੱਧ ਗਈ ਹੈ।
ਮੀਡੀਆ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਤੇ ਪੰਜਾਬ ਦੇ ਕਹਾਉਂਦੇ ਅਦਾਰਿਆ, ਪੰਜਾਬ ਪੱਖੀਆਂ ਤੇ ਸਿਆਸੀ ਧਿਰਾਂ ਵੱਲੋਂ ਧਾਰੀ ਮੁਜ਼ਮਾਨਾ ਚੁੱਕ ਸੰਕਟ ਦੀ ਗੰਭੀਰਤਾ ਤੇ ਵਿਆਪਤਾ ਦੀ ਹੀ ਦੱਸ ਪਾਉਂਦੀ ਹੈ। ਅਜਿਹੇ ਵਿੱਚ ਸਿੱਖਾਂ ਨੂੰ ਇਸ ਸਾਰੇ ਝੂਠੇ ਬਿਰਤਾਂਤ ਦਾ ਭਾਂਡਾ ਭੰਨਣ ਲਈ ਆਪ ਸਮਰੱਥ ਹੋਣ ਤੇ ਮਿਹਨਤ ਕਰਨ ਦੀ ਲੋੜ ਹੈ।
*ਸਰਦਾਰ ਪਰਮਜੀਤ ਸਿੰਘ ਸਿੱਖ-ਸਿਆਸਤ ਦੇ ਸੰਪਾਦਕ ਹਨ।
Related Topics: Adliwal (Rajasansi) Nirankari Bhawan Blast, Anti Sikh Media, BBC Punjabi, Embedded Journalism, Indian Media Exposed, Jaspal Singh Sidhu (Senior Journalist), NewsX