May 6, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੀਆਂ ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਦੇ ਸਕਦੇ ਹਨ। ਹਾਲਾਂਕਿ ਵਿਧਾਇਕ ਦਲ ਦੇ ਵ੍ਹਿਪ ਮੁਖੀ ਸੁਖਪਾਲ ਸਿੰਘ ਖਹਿਰਾ ਵੀ ਪ੍ਰਧਾਨਗੀ ਦੇ ਅਹੁਦੇ ਲਈ ਦਾਅਵੇਦਾਰ ਦੱਸੇ ਜਾ ਰਹੇ ਹਨ।
‘ਆਪ’ ਦੀ ਹਾਈ ਕਮਾਂਡ ਵੱਲੋਂ 8 ਮਈ ਨੂੰ ਪੰਜਾਬ ਦੇ ਆਗੂਆਂ ਦੀ ਦਿੱਲੀ ’ਚ ਇਕ ਮੀਟਿੰਗ ਸੱਦੀ ਗਈ ਹੈ, ਜਿਸ ਦੌਰਾਨ ਵੱਡੇ ਫ਼ੈਸਲੇ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ 20 ਵਿਧਾਇਕਾਂ ਸਣੇ ਦੋ ਸੰਸਦ ਮੈਂਬਰਾਂ ਅਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਸੱਦਾ ਭੇਜਿਆ ਗਿਆ ਹੈ। ‘ਆਪ’ ਦੇ ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਮੀਟਿੰਗ ਲਈ ਸੱਦਾ ਮਿਲਣ ਦੀ ਪੁਸ਼ਟੀ ਕੀਤੀ। ਪਾਰਟੀ ਲੀਡਰਸ਼ਿਪ ਵੱਲੋਂ ਸੂਬੇ ਲਈ ਨਵਾਂ ਕਨਵੀਨਰ ਚੁਣਨ ਦੀ ਸੰਭਾਵਨਾ ਸਬੰਧੀ ਪੁੱਛੇ ਜਾਣ ’ਤੇ ਵੜੈਚ (ਘੁੱਗੀ) ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਜਾਣਦੀ ਹੈ ਕਿ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਤੋਂ ਬਾਅਦ ਮੁਸ਼ਕਲ ਹਾਲਾਤਾਂ ’ਚ ਉਨ੍ਹਾਂ ਕਿਵੇਂ ਪਾਰਟੀ ਨੂੰ ਇਕਮੁੱਠ ਰੱਖਣ ਲਈ ਵੱਡੀ ਘਾਲਣਾ ਘਾਲੀ ਹੈ।
ਸਬੰਧਤ ਖ਼ਬਰ:
ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਮੀਟਿੰਗ ਦੇ ਏਜੰਡੇ ਬਾਰੇ ਭਾਵੇਂ ਕੁੱਝ ਸਪੱਸ਼ਟ ਨਹੀਂ ਕੀਤਾ ਪਰ ਇਸ ਦੌਰਾਨ ਪਾਰਟੀ ਵੱਲੋਂ ਭਵਿੱਖੀ ਯੋਜਨਾਵਾਂ ’ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਪੰਜਾਬ ਨੂੰ ਖ਼ੁਦਮੁਖ਼ਤਿਆਰ ਪ੍ਰਧਾਨ ਦਿੱਤੇ ਜਾਣ ਦੀ ਆਸ ਰੱਖਦੇ ਹਨ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਹੀ ਫ਼ੈਸਲੇ ਲਏ ਜਾ ਸਕਣ।
Related Topics: Aam Aadmi Party, Advocate Harwinder Singh Phoolka, Arvind Kejriwal, Bhagwant Maan, Gurpreet Singh Waraich Ghuggi, Sukhpal SIngh Khaira