ਡਰਬੀ: ਬਰਤਾਨੀਆ ਦੇ ਡਰਬੀ ਸ਼ਹਿਰ ਵਿੱਚ ਲੰਘੀ 25 ਮਈ ਨੂੰ ਸਵੇਰੇ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਹਮਲਾ ਕੀਤਾ ਗਿਆ। ਹਮਲਾਵਰ ਨੇ ਗੁਰਦੁਆਰਾ ਸਾਹਿਬ ਦੇ ਦਰਵਾਜੇ ਵਿੱਚ ਲੱਗਾ ਸ਼ੀਸ਼ਾ ਤੋੜਿਆ ਅਤੇ ਉਹ ਅੰਦਰ ਦਾਖਲ ਹੋ ਗਿਆ। ਹਮਲਾਵਰ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕੁਝ ਹੋਰ ਭੰਨ ਤੋੜ ਕੀਤੀ ਗਈ ਜਿਸ ਤੋਂ ਬਾਅਦ ਉਹ ਉਥੋਂ ਚਲਾ ਗਿਆ ਪਰ ਉਸ ਦੀਆਂ ਇਹ ਸਾਰੀਆਂ ਕਾਰਵਾਈਆਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈਆਂ।
ਇਹ ਘਟਨਾ ਜਾਹਿਰ ਹੋਣ ਤੋਂ ਬਾਅਦ ਬਰਤਾਨੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਵੱਲੋਂ ਹਮਲਾਵਰ ਦੀਆਂ ਤਸਵੀਰਾਂ ਬਿਜਲ ਸੱਥ ਉੱਤੇ ਜਾਰੀ ਕਰਦਿਆਂ ਉਸ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।
ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਡਰਬੀ) ਦੇ ਪ੍ਰਬੰਧਕਾਂ ਵੱਲੋਂ ਜਾਰੀ ਕੀਤੇ ਗਏ ਇੱਕ ਮੁੱਢਲੇ ਬਿਆਨ ਵਿੱਚ ਕਿਹਾ ਗਿਆ ਕਿ ਹਮਲਾਵਰ ਵਿਅਕਤੀ ਦੇ ਪਹਿਰਾਵੇ ਅਤੇ ਉਸ ਵੱਲੋਂ ਘਟਨਾ ਵਾਲੀ ਥਾਂ ਉੱਪਰ ਛੱਡੇ ਗਏ ਇੱਕ ਲਿਖਤੀ ਪਰਚੇ ਤੋਂ ਲੱਗਦਾ ਸੀ ਕਿ ਉਹ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਸੀ।
ਲਿਖਤੀ ਪਰਚੀ ਰਾਹੀਂ ਹਮਲਾਵਰ ਨੇ ਆਪਣੀ ਕਾਰਵਾਈ ਨੂੰ ਕਸ਼ਮੀਰ ਵਿਚ ਭਾਰਤੀ ਹਕੂਮਤ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਪ੍ਰਤੀਕਰਮ ਦੱਸਣ ਦੀ ਕੋਸ਼ਿਸ਼ ਕੀਤੀ ਸੀ।
ਸਿੱਖ ਭਾਈਚਾਰੇ ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਹਮਲਾਵਰ ਨੂੰ ਪੁਲਿਸ ਵੱਲੋਂ ਹਮਲਾਵਰ ਨੂੰ 25 ਮਈ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ। ਪਰ, ਭਾਵੇਂ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਸੀ ਕਿ ਇਸ ਘਟਨਾ ਦੌਰਾਨ ਗੁਰਦੁਆਰਾ ਸਾਹਿਬ ਵਿੱਚੋਂ ਕੋਈ ਵੀ ਚੀਜ ਚੋਰੀ ਨਹੀਂ ਹੋਈ ਫਿਰ ਵੀ ਪੁਲੀਸ ਵਲੋਂ ਮੁੱਢਲੇ ਤੌਰ ’ਤੇ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਦੱਸਿਆ ਗਿਆ।
ਤਾਜਾ ਜਾਣਕਾਰੀ ਮੁਤਾਬਿਕ ਸਿੱਖ ਭਾਈਚਾਰੇ ਵੱਲੋਂ ਪੁਲਿਸ ਦੀ ਉਕਤ ਕਾਰਵਾਈ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਹੁਣ ਪੁਲਿਸ ਨੇ ਇਸ ਘਟਨਾ ਦੀ ਤਫਤੀਸ਼ “ਨਫਰਤ ਦੇ ਜੁਰਮ” (ਹੇਟ ਕਰਾਈਮ) ਵਜੋਂ ਕਰ ਰਹੀ ਹੈ।
ਗੁਰਦੁਆਰਾ ਗੁਰੂ ਅਰਜਨ ਦੇਵ ਜੀ ਡਰਬੀ ਦੇ ਪ੍ਰਬੰਧਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਰਬੀ ਭਾਂਤ-ਸੁਭਾਂਤੀ ਵਸੋਂ ਵਾਲਾ ਸ਼ਹਿਰ ਹੈ ਅਤੇ ਕਿਸੇ ਇੱਕ ਵਿਅਕਤੀ ਦੀ ਗਲਤ ਕਾਰਵਾਈ ਨੂੰ ਪੂਰੇ ਭਾਈਚਾਰੇ ਜਾਂ ਮਜ਼ਹਬ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।
ਡਰਬੀ ਦੀ ਜਾਮੀਆ ਮਸਜਿਦ ਦੇ ਸੀਨੀਅਰ ਇਮਾਮ ਵੱਲੋਂ ਵੀ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।
26 ਮਈ ਨੂੰ ਜਾਰੀ ਇੱਕ ਲਿਖਤੀ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕਦੇ ਵੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟੇ, ਇਸੇ ਗੁਰਦੁਆਰਾ ਸਾਹਿਬ ਤੋਂ ਹਰ ਰੋਜ਼ ਕਰੋਨਾ ਨਾਮਕ ਮਹਾਂਮਾਰੀ ਦੌਰਾਨ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ, ਫਿਰ ਵੀ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਅਕਾਲ ਪੁਰਖ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਸਿੰਘ ਸਾਹਿਬ ਜੀ ਨੇ ਬਰਤਾਨੀਆ ਦੀ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਇਸ ਤਰ੍ਹਾਂ ਦੀ ਦੁੱਖਦਾਈ ਘਟਨਾ ਦੁਬਾਰਾ ਨਾ ਵਾਪਰੇ।
ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਵੀ ਇੱਕ ਲਿਖਤੀ ਬਿਆਨ ਰਾਹੀਂ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਹੈ। ਸਿੱਖ ਫੈਡਰੇਸ਼ਨ ਯੂ.ਕੇ. ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਦਹਿਸ਼ਤੀ ਕਾਰਵਾਈ ਵਜੋਂ ਨਜਿੱਠਿਆ ਜਾਣਾ ਚਾਹੀਦਾ ਹੈ।