September 4, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਥੇਦਾਰਾਂ ਵੱਲੋਂ ਦਿੱਤੀ ਜਾਣ ਵਾਲੀ ਮਾਫੀ ਬਾਰੇ ਅਗਾਊਂ ਜਾਣਕਾਰੀ ਦਿੱਤੀ ਸੀ। ਅਵਤਾਰ ਸਿੰਘ ਸਿੰਘ ਮੱਕੜ ਨੇ ਕਿਹਾ ਕਿ 24 ਸਤੰਬਰ 2015 ਨੂੰ ਸਵੇਰ ਵੇਲੇ ਸੁਖਬੀਰ ਸਿੰਘ ਬਾਦਲ ਨੇ ਉਸਨੂੰ ਆਪਣੀ ਰਿਹਾਇਸ਼ ਵਿਖੇ ਚੰਡੀਗੜ੍ਹ ਬੁਲਇਆ ਸੀ ਤੇ ਦੱਸਿਆ ਕਿ ਸੌਦਾ ਸਾਧ ਨੂੰ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਮ੍ਰਿਤ ਸੰਸਕਾਰ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਮਾਫ ਕੀਤਾ ਜਾ ਰਿਹਾ ਹੈ।
ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਨਾਲ ਗੱਲਬਾਤ, ਜਿਸਦੇ ਹਿੱਸੇ ਅੱਜ (4 ਸਤੰਬਰ) ਦੇ ਅਖਬਾਰ ਵਿੱਚ ਛਪੇ ਹਨ, ਦੌਰਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਅਜਿਹਾ ਕਰਨ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਤੇ ਸਲਾਹ-ਮਸ਼ਵਰਾ ਕੀਤਾ ਜਾਵੇ।
ਸ਼੍ਰੋ.ਗੁ.ਪ੍ਰ.ਕ. ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਸਦੀ ਸਲਾਹ ਮੰਨਣ ਦੀ ਹਾਮੀ ਭਰੀ ਸੀ ਜਿਸ ਤੋਂ ਬਾਅਦ ਉਹ ਕਰਨਾਲ ਲਈ ਰਵਾਨਾ ਹੋ ਗਿਆ ਪਰ ਉਸੇ ਦਿਨ ਉਸ ਨੂੰ ਵਟਸਐਪ ਸੁਨੇਹੇਂ ਰਾਹੀਂ ਪਤਾ ਲੱਗਾ ਕਿ ‘ਜਥੇਦਾਰਾਂ’ ਨੇ ਸੋਦਾ ਸਾਧ ਨੂੰ ਮਾਫੀ ਦੇ ਦਿੱਤੀ ਹੈ।
ਇਸ ਮਾਫੀਨਾਮੇ ਦੇ ਹੱਕ ਵਿੱਚ ਸ਼੍ਰੋ.ਗੁ.ਪ੍ਰ.ਕ. ਵੱਲੋਂ 90 ਲੱਖ ਤੋਂ ਵੱਧ ਦੇ ਅਖਬਾਰੀ ਇਸ਼ਤਿਹਾਰ ਦੇਣ ਬਾਰੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹ ਲੋਕਾਂ ਵਿੱਚ ‘ਅਕਾਲ ਤਖਤ ਦੀ ਲਾਜ ਰੱਖਣਾ ਚਾਹੁੰਦਾ ਸੀ’ ਪਰ ਗਿਆਨੀ ਗੁਰਬਚਨ ਸਿੰਘ ਇਸ ਨੂੰ ਰੋਲਣ ’ਤੇ ਤੁਲਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਸ਼੍ਰੋ.ਗੁ.ਪ੍ਰ.ਕ. ਵੱਲੋਂ ਡੇਰਾ ਸਾਧ ਦੀ ਕਥਿਤ ਮਾਫੀ ਦੇ ਫੈਂਸਲੇ ਦੇ ਹੱਕ ’ਚ 16 ਅਕਤੂਬਰ 2015 ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ ਤੇ ਇਸੇ ਦਿਨ ਸ਼ਾਮ ਨੂੰ ਗਿਆਨੀ ਗੁਰਬਚਨ ਸਿੰਘ ਨੇ ਮਾਫੀਨਾਮਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਲੰਘੇ ਦਿਨੀਂ, 28 ਅਗਸਤ ਨੂੰ, ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਅਤੇ ਇਸ ਉੱਤੇ ਹੋਈ ਬਹਿਸ ਤੋਂ ਬਾਅਦ ਸ਼੍ਰੋ.ਅ.ਦ. (ਬਾਦਲ) ਵੱਲੋਂ ਸੌਦਾ ਸਾਧ ਦੀ ਮਾਫੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬਚਾਉਣ ਅਤੇ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਉੱਤੇ ਗੋਲੀ ਚਲਾਉਣ ਵਿੱਚ ਬਾਦਲਾਂ ਦੀ ਭੂਮਿਕਾ ਸਾਹਮਣੇ ਆਈ ਹੈ।
Related Topics: Avtar Singh Makkar, Giani Gurbachan Singh, SGPC, So called Dera Sirsa Pardon Issue, sukhbir singh badal