February 28, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1947 ਮਗਰੋਂ ਚੱਲੇ ਸਿੱਖ ਕੌਮ ਨਾਲ ਬੇਵਿਸਾਹੀਆਂ ਦੇ ਦੌਰ ਤੋਂ ਬਾਅਦ ਸਿੱਖ ਚੇਤਨਾ ਦੇ ਸਿਖਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੰਥ ‘ਚ ਉਭਾਰ, ਫੇਰ ੳਹਨਾਂ ਸ਼ਹਾਦਤ ਅਤੇ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕੀਤੇ ਜਾਣ ਮਗਰੋਂ ਸਿੱਖ ਨੌਜਵਾਨੀ ਖਾਲਸਾਈ ਸ਼ਾਨ ਨੂੰ ਬਹਾਲ ਕਰਨ ਲਈ ਸਿੱਖ ਰਾਜ ਦੇ ਸਿਧਾਂਤ ਨੂੰ ਅਮਲ ‘ਚ ਲਿਆਉਣ ਲਈ ਜਾਨਾਂ ਤਲੀ ‘ਤੇ ਟਿਕਾਅ ਤੁਰ ਪਈ।
ਸਿੱਖਾਂ ਅੰਦਰ ਏਸ ਪਾਤਸਾਹੀ ਦੀ ਚਾਹ ਨੂੰ ਥੰਮਣ ਲਈ ਮੌਕੇ ਦੀ ਹਕੂਮਤ ਨੂੰ ਕਈਂ ਹੀਲੇ ਵਰਤੇ ਜਿਨ੍ਹਾਂ ਚੋਂ ਇੱਕ ਸੀ ਪੰਜਾਬ ਪੁਲਸ ਵਲੋਂ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਦੇਣਾ।
ਪੰਜਾਬ ਪੁਲਸ ਵਲੋਂ ਝੂਠੇ ਮੁਕਾਬਲੇ ਬਣਾ ਕੇ ਮਾਰੇ ਗਏ ਨੌਜਵਾਨਾਂ ਦੀ ਗਿਣਤੀ ਪੰਝੀ ਹਜ਼ਾਰ ਤੋਂ ਵੀ ਵੱਧ ਹੈ,ਅਜੇ ਵੀ ਹਜ਼ਾਰਾ ਅਜਿਹੇ ਦੋਸ਼ੀ ਪੁਲਸ ਅਫਸਰ ਅਜਾਦ ਹਨ।
ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਬੀਤੇ ਕੱਲ੍ਹ ਸੀ.ਬੀ.ਆਈ. ਅਦਾਲਤ ਦੇ ਖਾਸ ਜੱਜ ਐਨ.ਐੱਸ. ਗਿੱਲ ਦੀ ਅਦਾਲਤ ਨੇ ਫਰਵਰੀ 1993 ‘ਚ ਪੁਲਿਸ ਵਲੋਂ ਗੁਰਮੇਲ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਅਤੇ ਕੁਲਦੀਪ ਸਿੰਘ ਵਾਸੀ ਲੋਧੀਮਾਜਰਾ ਜ਼ਿਲ੍ਹਾ ਰੋਪੜ ਨੂੰ ਝੂਠੇ ਪੁਲਸ ਮੁਕਾਬਲੇ ‘ਚ ਕਤਲ ਕਰ ਦੇਣ ਦੇ ਮਾਮਲੇ ‘ਚ ਉਸ ਸਮੇਂ ਦੇ ਥਾਣਾ ਸਦਰ ਰੋਪੜ ਦੇ ਮੁਖੀ ਹਰਜਿੰਦਰਪਾਲ ਸਿੰਘ, ਜੋ ਕਿ ਡੀ. ਐਸ. ਪੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ, ਨੂੰ ਧਾਰਾ-302 ‘ਚ ਉਮਰ ਕੈਦ ਤੇ 5 ਲੱਖ ਰੁਪਏ ਜੁਰਮਾਨਾ, ਧਾਰਾ 218 ‘ਚ 2 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਜੁਰਮਾਨੇ ਦੀ ਰਕਮ ‘ਚੋਂ 2-2 ਲੱਖ ਰੁਪਏ ਮ੍ਰਿਤਕ ਦੇ ਪਰਿਵਾਰਾਂ ਨੂੰ ਬਤੌਰ ਹਰਜਾਨੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ ।
ਅਦਾਲਤ ਵਲੋਂ ਇਸ ਮਾਮਲੇ ‘ਚ ਨਾਮਜਦ ਸੇਵਾ-ਮੁਕਤ ਡੀ. ਐੱਸ. ਪੀ. ਅਵਤਾਰ ਸਿੰਘ ਅਤੇ ਸਬ-ਇੰਸਪੈਕਟਰ ਬਚਨ ਦਾਸ ਨੂੰ 1 ਸਾਲ ਦੇ ਨੇਕ ਚਾਲ-ਚਲਣ ਦੀ ਸ਼ਰਤ ‘ਤੇ 20-20 ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਛੱਡ ਦਿੱਤਾ, ਜਦਕਿ ਸੇਵਾ-ਮੁਕਤ ਡੀ. ਐੱਸ. ਪੀ. ਜਸਪਾਲ ਸਿੰਘ, ਹੌਲਦਾਰ ਹਰਜੀ ਰਾਮ ਅਤੇ ਕਰਨੈਲ ਸਿੰਘ ਸਿਪਾਹੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ । ਇਸ ਮਾਮਲੇ ਦੀ ਪੈਰਵੀ ਸੀ. ਬੀ. ਆਈ. ਦੇ ਵਕੀਲ ਗੁਰਵਿੰਦਰਜੀਤ ਸਿੰਘ ਅਤੇ ਗੁਰਮੇਲ ਸਿੰਘ ਦੇ ਪਰਿਵਾਰ ਵਲੋਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸਤਨਾਮ ਸਿੰਘ ਬੈਂਸ ਕਰ ਰਹੇ ਸਨ।
ਹੋਰਨਾਂ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਹਾਈਕੋਰਟ ਤੱਕ ਪਹੁੰਚ ਕਰੇਗਾ ਪਰਿਵਾਰ
ਅਦਾਲਤ ਦੇ ਬਾਹਰ ਮ੍ਰਿਤਕ ਗੁਰਮੇਲ ਸਿੰਘ ਦੀ ਮਾਂ ਤੇਜ ਕੌਰ ਅਤੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪੇਸ਼ੇ ਵਜੋਂ ਡਰਾਇਵਰੀ ਕਰਦਾ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦਾ ਸਾਰਾ ਘਰ ਹੀ ਉਜਾੜ ਦਿੱਤਾ। ਉਹ ਹੇਠਲੀ ਅਦਾਲਤ ਦੇ ਫ਼ੈਸਲੇ ਤੋਂ ਨਾਖੁਸ਼ ਹਨ, ਕਿਉਂਕਿ ਅਦਾਲਤ ਵਲੋਂ ਕਈ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਰੀ ਕਰ ਦਿੱਤਾ ਹੈ। ਉਹ ਬਰੀ ਕੀਤੇ ਅਤੇ ਨੇਕ ਚਾਲ ਚਲਣ ‘ਤੇ ਛੱਡੇ ਪੁਲਿਸ ਵਾਲਿਆਂ ਖਿਲਾਫ ਹਾਈਕੋਰਟ ‘ਚ ਅਪੀਲ ਦਾਇਰ ਕਰਨਗੇ ਤੇ ਉਨ੍ਹਾਂ ਨੂੰ ਸਜ਼ਾਵਾਂ ਦਵਾਉਣ ਤੱਕ ਆਪਣੀ ਲੜਾਈ ਲੜਦੇ ਰਹਿਣਗੇ।
ਡੀ.ਐਸ.ਪੀ. ਜਸਪਾਲ ਸਿੰਘ ਨੂੰ ਖਾਲੜਾ ਕੇਸ ਅਤੇ ਭਗਤ ਸਿੰਘ ਦੇ ਭਤੀਜੇ ਦੇ ਕਤਲ ਕੇਸ ‘ਚ ਸਜਾ ਹੋ ਚੁੱਕੀ ਹੈ
ਐਡਵੋਕੇਟ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ‘ਚ ਅਦਾਲਤ ਵਲੋਂ ਬਰੀ ਕੀਤਾ ਸੇਵਾ-ਮੁਕਤ ਡੀ.ਐਸ. ਪੀ. ਜਸਪਾਲ ਸਿੰਘ ਪਹਿਲਾਂ ਤੋਂ ਹੀ ਵਿਵਾਦਾਂ ‘ਚ ਰਿਹਾ ਹੈ ।ਜਸਪਾਲ ਸਿੰਘ ਨੂੰ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਅਤੇ ਸ: ਭਗਤ ਸਿੰਘ ਦੇ ਭਤੀਜੇ ਹਰਭਜਨ ਸਿੰਘ ਢੱਟ ਦੇ ਕਤਲ ਕੇਸ ‘ਚ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ। ਜਸਪਾਲ ਸਿੰਘ ਅੱਜ-ਕੱਲ੍ਹ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ ।
Related Topics: Fake Encounter, Khalistan Movement, Punjab Police Atrocities