ਪੱਤਰ » ਸਿੱਖ ਖਬਰਾਂ

ਪਾਠਕ ਸੱਥ: ਸੁਖਦੇਵ ਸਿੰਘ ਭੌਰ ਦੀ ਗ੍ਰਿਫਤਾਰੀ ਪੰਥ ਦੀ ਅਵਾਜ਼ ਬੰਦ ਕਰਨ ਲਈ ਕੀਤੀ ਗਈ

September 14, 2018 | By

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੋਰ ਦੀ ਗ੍ਰਿਫਤਾਰੀ ਬਾਰੇ ਸਿੱਖ ਸਿਆਸਤ ਦੇ ਪਾਠਕ ਸ. ਮਹਿੰਦਰ ਸਿੰਘ ਖਹਿਰਾ ਵੱਲੋਂ ਇੰਗਲੈਂਡ ਤੋਂ ਆਪਣੇ ਵਿਚਾਰ ਇਕ ਚਿੱਠੀ ਵਿੱਚ ਲਿਖ ਕੇ ਭੇਜੇ ਗਏ ਹਨ। ਸ. ਮਹਿੰਦਰ ਸਿੰਘ ਦੀ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਛਾਪੀ ਜਾ ਰਹੀ ਹੈ:-

ਸਤਿਕਾਰਯੋਗ ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,

ਸਰਦਾਰ ਸੁਖਦੇਵ ਸਿੰਘ ਭੌਰ ਦੀ ਗ੍ਰਿਫਤਾਰੀ, ‘ਗੁਰੂ ਗ੍ਰੰਥ ਗੁਰੂ ਪੰਥ’ ਦੀ ਅਵਾਜ਼ ਬੰਦ ਕਰਨ ਲਈ ਕੀਤੀ ਗਈ ਹੈ।

ਇਸ ਵਿੱਚ ਦੋ ਰਾਵਾਂ ਨਹੀਂ ਹਨ, ਕਿ ਸ. ਸੁਖਦੇਵ ਸਿੰਘ ਭੌਰ ਉੱਤੇ 295 ਏ ਦੀ ਧਾਰਾ ਤਹਿਤ ਪਰਚਾ ਦਰਜ (ਐਫ. ਆਈ. ਆਰ.) ਕਰਕੇ ਕੀਤੀ ਗਈ ਗ੍ਰਿਫਤਾਰੀ ਸਿੱਖ ਵਿਰੋਧੀ ਰਾਜ ਨੀਤੀ ਤੋਂ ਪ੍ਰੇਰਤ ਹੈ। ਜੂਨ 1984 ਦੇ ਘੱਲੂਘਾਰੇ ਅਤੇ ਸਿੱਖਾਂ ਦੀ ਹੋਈ ਨਸਲਕੁਸ਼ੀ ਤੋਂ ਬਾਅਦ ਕੇਂਦਰ ਵਿੱਚ ਸਰਕਾਰ ਭਾਂਵੇ ਕਾਂਗਰਸ ਦੀ ਹੋਵੇ ਭਾਂਵੇ ਭਾਜਪਾ ਦੀ ਹੋਵੇ ਜਾਂ ਕੋਈ ਗੱਠਜੋੜ ਸਰਕਾਰ ਹੋਵੇ, ਏਸੇ ਤਰ੍ਹਾਂ ਪੰਜਾਬ ਵਿੱਚ ਕੋਈ ਵੀ ਰਾਜਨੀਤਕ ਪਾਰਟੀ ਹੋਵੇ, ਸਿੱਖ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਰਾਜ ਨੀਤਕ ਪਾਰਟੀ ਸੰਜੀਦਾ ਨਹੀਂ ਹੈ, ਨਾ ਪਹਿਲਾਂ ਰਹੀ ਹੈ ਤੇ ਨਾ ਹੀ ਭਵਿਖ ਵਿੱਚ ਰਹਿਣ ਦੀ ਆਸ ਹੈ। ਸਿੱਖਾਂ ਦੇ ਕੁਝ ਹੋਰ ਧੜੇ ਵੀ ਹਨ ਜਿਹੜੇ ਆਪਣਾ ਨਿਸ਼ਾਨਾ ਕੌਮੀ ਘਰ ਦੀ ਸਥਾਪਨਾ ਦੱਸਦੇ ਹਨ ਪਰ ਇਹ ਧੜੇ ਵੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਆਪਸ ਵਿੱਚ ਹੀ ਖਹਿੰਦੇ ਰਹਿੰਦੇ ਹਨ, ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਮੁਤਾਬਕ ਪੰਥਕ ਏਕਤਾ ਕਰਕੇ ‘ਗੁਰੂ ਗ੍ਰੰਥ, ਗੁਰੂ ਪੰਥ’ ਦੇ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਦੀ ਕਦੇ ਲੋੜ ਨਹੀਂ ਸਮਝੀ, ਬਸ ਟੀਵੀ ਚੈਨਲਾਂ, ਰੇਡੀਓ ਸਟੇਸ਼ਨਾ ਅਤੇ ਅਖਬਾਰਾਂ ਵਿੱਚ ਖਾਲਿਸਤਾਨ ਬਾਰੇ ਬਿਆਨ ਦਾਗ਼ਦੇ ਰਹਿੰਦੇ ਹਨ ਜਾਂ ਆਪਣੇ ਵਿਰੋਧੀਆਂ ਅਤੇ ਰਵਾਇਤੀ ਆਗੂਆਂ ਨੂੰ ਨਿੰਦਦੇ ਰਹਿੰਦੇ ਹਨ ਪਰ ਪੰਜਾਬ ਵਿੱਚ ਸਿੱਖ ਪੰਥ ਅਜ਼ਾਦ ਕਿਵੇਂ ਹੋਵੇ, ਇਸ ਬਾਰੇ ਕੋਈ ਵੀ ਪੰਥ ਪ੍ਰਵਾਣਿਤ ਰਣਨੀਤੀ ਅੱਜ ਤੱਕ ਤਿਆਰ ਨਹੀਂ ਕੀਤੀ ਗਈ।

ਇਸ ਨੂੰ ਸਿੱਖ ਪੰਥ ਦਾ ਦੁਖਾਂਤ ਹੀ ਕਿਹਾ ਜਾਵੇਗਾ ਕਿ ਜਿਥੇ ਪੁਰਾਤਨ ਸਿੱਖ ਲੀਡਰ ਪੰਥਕ ਨਿਸ਼ਾਨਿਆਂ ਨੂੰ ਸਾਹਮਣੇ ਰੱਖ ਕੇ ਸੰਘਰਸ਼ ਕਰਦੇ ਸਨ ਤੇ ਰਾਜਸੀ ਤਾਕਤ ਨੂੰ ਪੰਥਕ ਹਿੱਤਾਂ ਲਈ ਵਰਤਦੇ ਸਨ। ਉਥੇ ਅਜੋਕੇ ਅਕਾਲੀ ਦਲ (ਪੰਜਾਬੀ ਪਾਰਟੀ) ਨੇ ਸਿਆਸੀ ਤਾਕਤ ਦੀ ਪ੍ਰਾਪਤੀ ਦੇ ਮਗਰੋਂ ਪੰਥਕ ਨਿਸ਼ਾਨਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ, ਜਿਨ੍ਹਾਂ ਮੰਗਾਂ ਲਈ ਧਰਮਯੁੱਧ ਮੋਰਚਾ ਲਾਇਆ ਸੀ ਉਸ ਪੰਥਕ ਏਜੰਡੇ ਦਾ ਕਦੇ ਜਿਕਰ ਵੀ ਨਹੀਂ ਕੀਤਾ ਸਗੋਂ ਅਨੰਦਪੁਰ ਦਾ ਮਤਾ ਕਿਸੇ ਡੂੰਘੀ ਖਾਈ ਵਿੱਚ ਸੁੱਟ ਦਿੱਤਾ। ਏਨਾ ਹੀ ਬਸ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸਿਰਸੇ ਦੇ ਸੌਦਾ ਸਾਧ ਨੂੰ ਪੰਥ ਕੋਲੋਂ ਮੁਆਫੀ ਦੁਆਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਅਤੇ ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਵੀ ਦਾਅ ਉੱਤੇ ਲਗਾ ਦਿੱਤਾ ਗਿਆ।‘ਗੁਰੂ ਗ੍ਰੰਥ, ਗੁਰੂ ਪੰਥ’ ਨੂੰ ਪਿੱਠ ਦੇ ਕੇ ਪੰਜਾਬੀ ਪਾਰਟੀ ਦੇ ਸੋਹਿਲੇ ਗਾਣੇ ਸ਼ੁਰੂ ਕਰ ਦਿੱਤੇ।

ਸਿਰਸਾ ਵਾਲੇ ਸਾਧ ਦੇ ਪੈਰੋਕਾਰਾਂ ਨੇ ਪਿੰਡ ਜਵਾਹਰ ਸਿੰਘ ਵਾਲਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰ ਕੇ ਸਿੱਖ ਪੰਥ ਨੂੰ ਵੰਗਾਰਿਆ ਕਿ ‘ਤੁਸੀਂ ਸਾਡੇ ਬਾਬੇ ਦੀ ਫਿਲਮ ਨਹੀਂ ਚਲਣ ਦਿੱਤੀ, ਅਸੀਂ ਤੁਹਾਡਾ ਬਾਬਾ ਹੀ ਚੁੱਕ ਲਿਆ ਹੈ, ਜੇ ਹਿੰਮਤ ਹੈ ਤਾਂ ਵਾਪਿਸ ਲੈ ਕੇ ਵਿਖਾਓ’ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ। ਪੰਥ ਦਰਦੀਆਂ ਨੇ ਦੋਸ਼ੀਆਂ ਨੂੰ ਫੜ ਕੇ ਸਜਾਵਾਂ ਦਿਵਾਉਣ ਲਈ ਸ਼ਾਂਤਮਈ ਧਰਨੇ ਦਿੱਤੇ। ਅਕਾਲੀ ਮੁਖ ਮੰਤਰੀ ਨੇ ਕਿਸੇ ਵੀ ਕੀਮਤ ਤੇ ਸਿੱਖਾਂ ਦੇ ਸ਼ਾਂਤਮਈ ਧਰਨੇ ਚੁਕਵਾਉਣ ਲਈ ਪੁਲਸ ਨੂੰ ਹਦਾਇਤਾਂ ਦਿੱਤੀਆਂ, ਫਿਰ ਪੁਲਸ ਨੇ ਸ਼ਾਂਤਮਈ ਧਰਨੇ ਚੁਕਵਾਉਣ ਲਈ ਸਿੱਖਾਂ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਕੀਤੀਆਂ, ਡਾਂਗਾਂ ਵਰ੍ਹਾਈਆਂ ਅਤੇ ਗੋਲੀਆਂ ਚਲਾਈਆਂ, ਬਹਿਬਲ ਕਲਾਂ ਵਿਖੇ ਪੁਲਸ ਦੀਆਂ ਗੋਲੀਆਂ ਨਾਲ ਦੋ ਨੋਜਵਾਨ ਸਿੱਖ ਸ਼ਹੀਦ ਹੋ ਗਏ।

ਸੁਖਦੇਵ ਸਿੰਘ ਭੌਰ ਦੀ ਹਾਜਰੀ ਵਿੱਚ ਸ਼੍ਰੋਮਣੀ ਕਮੇਟੀ ਨੇ ਫਤਹਿਗੜ੍ਹ ਸਾਹਿਬ ਵਿਖੇ ਮਤਾ ਪਾਸ ਕੀਤਾ ਕਿ ਸ਼ਹੀਦ ਹੋਣ ਵਾਲੇ ਦੋ ਸਿੱਖ ਨੋਜਵਾਨਾਂ ਦੇ ਘਰਦਿਆਂ ਨੂੰ ਦਸ, ਦਸ ਲੱਖ ਰੁਪਿਆ ਦਿੱਤਾ ਜਾਵੇ ਅਤੇ ਜ਼ਖਮੀਆਂ ਦਾ ਇਲਾਜ ਵੀ ਸ਼੍ਰੋਮਣੀ ਕਮੇਟੀ ਆਪਣੇ ਖਰਚੇ ਤੇ ਕਰਵਾਵੇਗੀ, ਪਰ ਇਸ ਮਤੇ ਦੀ ਕੋਈ ਸ਼ਰਤ ਵੀ ਪੂਰੀ ਨਾ ਕੀਤੀ ਗਈ ਸਗੋਂ ਸੋਦਾ ਸਾਧ ਨੂੰ ਮੁਆਫੀ ਦੁਆਉਣ ਲਈ 90 ਲੱਖ ਰੁਪਈਆ ਇਸ਼ਤਿਹਾਰਾਂ ’ਤੇ ਖਰਚ ਕੀਤਾ ਗਿਆ। ਇਸ ਸਾਰੇ ਘਟਨਾਕ੍ਰਮ ਬਾਰੇ ਬਰਗਾੜੀ ਇਨਸਾਫ ਮੋਰਚੇ ਦੀ ਸਟੇਜ ਤੋਂ ਬੋਲਦਿਆਂ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਮੈਂ ਉਕਤ ਤੱਥਾਂ ਦਾ ਚਸ਼ਮਦੀਦ ਗਵਾਹ ਹਾਂ ਅਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਈ ਸੁਝਾਅ ਵੀ ਦਿੱਤੇ ਪਰ ਉਨ੍ਹਾਂ ਨੇ ਮੇਰੀ ਇੱਕ ਵੀ ਨਹੀਂ ਮੰਨੀ ਸਗੋਂ ਸੋਦਾ ਸਾਧ ਨੂੰ ਮੁਆਫੀ ਦੁਆਉਣ ਲਈ ਸੁਖਬੀਰ ਸਿੰਘ ਬਾਦਲ ਬਜ਼ਿਦ ਰਿਹਾ। ਪ੍ਰਕਾਸ਼ ਸਿੰਘ ਬਾਦਲ ਦੇ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਇੱਕ ਹੋਰ ਘਟਨਾ ਦਾ ਜਿਕਰ ਕਰਦਿਆਂ ਸ. ਸੁਖਦੇਵ ਸਿੰਘ ਭੌਰ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇੱਕ ਹੋਰ ਡੇਰੇਦਾਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਗੱਦੀ ਲਾ ਕੇ ‘ਦੇਹਧਾਰੀ ਗੁਰੂ’ ਦੀ ਹੈਸੀਅਤ ਵਿੱਚ ਬੈਠਦਾ ਸੀ ਅਤੇ ਉਸ ਦੇ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੁਮਾਲੇ ਚੜ੍ਹਾਉਣ ਤੋਂ ਪਹਿਲਾਂ ਉਸ ਡੇਰੇਦਾਰ ‘ਦੇਹਧਾਰੀ ਗੁਰੂ’ ਦੇ ਪੈਰਾਂ ਨੂੰ ਛੁਹਾਉਂਦੇ ਸਨ ਉਸ ਸਮੇਂ ਗੁਰਦੁਆਰੇ ਦੇ ਅੰਦਰ ਕੁਝ ਸਿੱਖ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਡੇਰੇਦਾਰ ਦੇ ਸ਼ਰਧਾਲੂਆਂ ਨੇ ਉਨ੍ਹਾਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਸਾਰੀ ਸੰਗਤ ਹਿੰਸਕ ਹੋ ਗਈ ਅਤੇ ਇਸ ਹਿੰਸਕ ਵਰਤਾਰੇ ਵਿੱਚ ਡੇਰੇਦਾਰ ਦੀ ਮੌਤ ਹੋ ਗਈ।

ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਡੇਰੇਦਾਰ ਦੀ ਦੇਹ ਹਵਾਈ ਜਹਾਜ਼ ਵਿੱਚ ਪੰਜਾਬ ਲਿਆ ਕੇ ਸੰਸਕਾਰ ਕੀਤਾ ਅਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡਪਾਠ ਕਰਕੇ ਉਸ ਦੀ ਅੰਤਿਮ ਅਰਦਾਸ ਕੀਤੀ ਗਈ। ਉਕਤ ਸਾਰੀ ਘਟਨਾ ਬਿਆਨ ਕਰਦਿਆਂ ਭੌਰ ਸਾਹਿਬ ਦੀ ਜ਼ੁਬਾਨ ਵਿੱਚੋਂ ਜਾਣੇ ਅਣਜਾਣੇ ਵਿੱਚ ਕੁਝ ਅਜਿਹੇ ਸ਼ਬਦ ਨਿਕਲ ਗਏ ਜਿਨ੍ਹਾਂ ਦਾ ਉਕਤ ਘਟਨਾ ਨਾਲ ਸਬੰਧਤ ਡੇਰੇ ਦੇ ਸ਼ਰਧਾਲੂਆਂ ਨੇ ਬੁਰਾ ਮਨਾਇਆ ਤੇ ਕਿਹਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਸ. ਸੁਖਦੇਵ ਸਿੰਘ ਨੇ ਇਸ ਗੱਲ ਦੀ ਮੁਆਫੀ ਵੀ ਮੰਗ ਲਈ ਸੀ ਫਿਰ ਵੀ ਉਨ੍ਹਾਂ ਉੱਤੇ ਧਾਰਮਿਕ ਭਾਵਨਾਵਾਂ ਨੂੰ ਸਟ ਮਾਰਨ ਹਿੱਤ 295 ਏ ਦੀ ਧਾਰਾ ਤਹਿਤ ਐਫ. ਆਈ. ਆਰ. ਦਰਜ ਕਰ ਲਈ ਗਈ।

ਹੁਣ ਸਮੁੱਚੇ ਸਿੱਖ ਪੰਥ ਦੇ ਵਿਚਾਰਨਯੋਗ ਤੱਥ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ, ਕਰਾਉਣ ਨਾਲ, ਸਿੱਖ ਧਰਮ ਬਾਰੇ ਦੋਗਲੀ ਨੀਤੀ ਅਪਨਾਉਣ ਵਾਲੇ ਡੇਰੇਦਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਦਾ ਅਪਮਾਣ ਕਰਨ ਨਾਲ ਅਤੇ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਕੇ ਸਿੱਖਾਂ ਦੇ ਸਰਬਉੱਚ ਧਾਰਮਿਕ ਅਤੇ ਰਾਜਨੀਤਕ ਕੇਂਦਰ ਅਕਾਲ ਤੱਖਤ ਢਾਉਣ ਵਾਲੀ ਇੰਦਰਾ ਗਾਂਧੀ ਦਾ ਪੰਜਾਬ ਵਿੱਚ ਬੁੱਤ ਲਾਉਣ ਨਾਲ, ਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਾਤਲ ਬੇਅੰਤ ਸਿੰਘ ਦਾ ਬੁੱਤ ਲਾਉਣ ਨਾਲ ਤੇ ਬੁੱਚੜ ਅਫਸਰ, ਕੇ. ਪੀ. ਐਸ. ਗਿੱਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦੇਣ ਨਾਲ, ਕੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ! ਸਿੱਖ ਕੌਮ ਦੇ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਦਾ ਹੱਲ ਲੱਭਣ ਲਈ ਦੇਸ਼ਾਂ, ਵਿਦੇਸ਼ਾਂ ਵਿੱਚ ਸਥਾਪਿਤ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਤੇ ਪੰਥਕ ਜਥੇਬੰਦੀਆਂ ਕੋਲ ਸ਼ਾਇਦ ਸਮਾਂ ਹੀ ਨਹੀਂ ਹੈ।

ਭੁੱਲਾਂ ਚੁੱਕਾਂ ਦੀ ਖਿਮਾ।

ਗੁਰੂ ਪੰਥ ਦਾ ਦਾਸ:

ਜਥੇਦਾਰ ਮਹਿੰਦਰ ਸਿੰਘ ਖਹਿਰਾ (ਯੂ. ਕੇ.)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,