November 6, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1 ਨਵੰਬਰ 1984 ਨੂੰ ਕਾਂਗਰਸ ਪਾਰਟੀ ਦੇ ਗੁੰਡਿਆਂ ਨੇ ਗੁਰਚਰਨ ਸਿੰਘ ਰਿਸ਼ੀ ਨੂੰ ਜਿਉਂਦੇ ਨੂੰ ਸਾੜ ਦਿੱਤਾ। ਉਸਦੇ ਚਾਚਾ ਸੰਤੋਖ ਸਿੰਘ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ, ਪਿਤਾ ਅਤੇ ਭਾਈ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਜਦਕਿ ਉਸਦੇ ਸਾਰੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਕਾਤਲਾਂ ਨੇ ਗੁਰਚਰਨ ਸਿੰਘ ਰਿਸ਼ੀ ਨੂੰ ਸੜਦੇ ਟਰੱਕ ‘ਚ ਸੁੱਟ ਦਿੱਤਾ ਸੀ, ਪਰ ਉਹ ਬਚ ਗਿਆ ਉਸਦੀ ਮੌਤ 17 ਫਰਵਰੀ 2009 ਨੂੰ ਹੋਈ। 1984 ‘ਚ ਅੱਧਾ ਸਰੀਰ ਸੜ ਜਾਣ ਤੋਂ ਬਾਅਦ ਉਹ ਬਾਕੀ ਦੀ ਜ਼ਿੰਦਗੀ ਠੀਕ ਹੀ ਨਾ ਹੋ ਸਕਿਆ, ਅੱਧਾ ਸਰੀਰ ਸੜ ਜਾਣ ਕਰਕੇ ਉਸਨੂੰ ਅਧਰੰਗ ਹੋ ਗਿਆ ਸੀ ਅਤੇ ਉਸਨੇ ਬਚੀ ਜ਼ਿੰਦਗੀ ਦਰਦਨਾਕ ਗੁਜ਼ਾਰੀ।
ਭਾਰਤੀ ਇਨਸਾਫ ਦਾ ਤਕਾਜ਼ਾ ਕਿ ਹੁਣ ਤਕ ਕਿਸੇ ਨੂੰ ਵੀ ਇਸ ਕੇਸ ਵਿਚ ਦੋਸ਼ੀ ਨਹੀਂ ਬਣਾਇਆ ਗਿਆ। ਸੀ.ਬੀ.ਆਈ. ਨੇ ਉਸਦਾ ਬਿਆਨ 11 ਮਾਰਚ 2008 ਨੂੰ ਦਰਜ ਕੀਤਾ ਸੀ, ਜਿਸ ਵਿਚ ਗੁਰਚਰਨ ਸਿੰਘ ਨੇ ਸਾਬਕਾ ਕਾਂਗਰਸੀ ਸੰਸਦ ਸੱਜਣ ਕੁਮਾਰ ਦਾ ਨਾਂ ਲਿਆ ਸੀ ਪਰ ਸੀ.ਬੀ.ਆਈ. ਨੇ ਆਪਣੇ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਇਸਤੇ ਕੋਈ ਕਾਰਵਾਈ ਨਹੀਂ ਕੀਤੀ।
ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ 14 ਜਨਵਰੀ 2010 ਨੂੰ ਉਨ੍ਹਾਂ ਦੀ ਮੁਲਾਕਾਤ ਸੀ.ਬੀ.ਆਈ. ਅਫਸਰਾਂ ਨਾਲ ਹੋਈ ਜੋ ਬੇਸਿੱਟਾ ਰਹੀ।
ਐਡਵੋਕੇਟ ਨਵਕਿਰਨ ਸਿੰਘ ਨੇ 2 ਨਵੰਬਰ, 2016 ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਥਾਨਕ ਪੁਲਿਸ ਸਟੇਸ਼ਨ ਜਿੱਥੇ 9 ਨਵੰਬਰ 1984 ਨੂੰ ਗੁਰਚਰਨ ਸਿੰਘ ਦੇ ਭਰਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਥੇ ਉਹ ਰਿਕਾਰਡ ਮੌਜੂਦ ਹੀ ਨਹੀਂ ਹੈ। ਕਾਰਨ ਇਹ ਹੈ ਕਿ ਉਕਤ ਪੁਲਿਸ ਸਟੇਸ਼ਨ ਸੱਜਣ ਕੁਮਾਰ ਦੇ ਲੋਕ ਸਭਾ ਹਲਕੇ ਵਿਚ ਪੈਂਦਾ ਹੈ ਜੋ ਕਿ ਦੋਸ਼ੀਆਂ ਵਿਚੋਂ ਇਕ ਹੈ। ਗੁਰਚਰਨ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਬਿਆਨ ਨੂੰ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਸੀ ਪਰ ਸੀ.ਬੀ.ਆਈ. ਜ਼ਿਆਦਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸਨੇ ਅਜਿਹਾ ਕਿਉਂ ਨਹੀਂ ਕੀਤਾ।”
ਉਨ੍ਹਾਂ ਸੀ.ਬੀ.ਆਈ. ਨੂੰ ਪੁੱਛਿਆ, “ਹਾਲਾਤ ਬਦਲ ਜਾਣ ਕਰਕੇ ਹੁਣ ਸੀ.ਬੀ.ਆਈ. ਦਬਾਅ ਤੋਂ ਬਾਹਰ ਹੋਣ ਕਰਕੇ ਪਰਚਾ ਦਰਜ ਕਰੇਗੀ?”
ਉਨ੍ਹਾਂ ਦੱਸਿਆ, “1 ਨਵੰਬਰ 2016 ਨੂੰ ਸੀ.ਬੀ.ਆਈ. ਅਤੇ ਦਿੱਲੀ ਸਰਕਾਰ ਨੂੰ ਤਾਜ਼ਾ ਜਾਣਕਾਰੀ ਭੇਜੀ ਗਈ ਹੈ, ਕੀ ਦਿੱਲੀ ਸਰਕਾਰ ਹੁਣ ਗੁਰਚਰਨ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇਗੀ?”
ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ, “ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਮੇਰੇ ਮੁਅੱਕਲ ਗੁਰਚਰਨ ਸਿੰਘ ਰਿਸ਼ੀ ਅਤੇ ਉਸਦੇ ਚਾਚੇ ਦੇ ਕਾਤਲ ਸੱਤਾ ਦੇ ਗਲਿਆਰਿਆਂ ‘ਚ ਆਪਣੀ ਪਹੁੰਚ ਸਦਕਾ ਬਚਦੇ ਰਹੇ ਹਨ। ਹੁਣ ਜਦੋਂ ਕਾਂਗਰਸ ਸੱਤਾ ਤੋਂ ਬਾਹਰ ਹੈ ਤਾਂ ਸਿੱਖ ਨਸਲਕੁਸ਼ੀ ਦੀ 32ਵੀਂ ਵਰ੍ਹੇਗੰਢ ਮੌਕੇ ਗੁਰਚਰਨ ਸਿੰਘ ਰਿਸ਼ੀ ਨੂੰ ਇਨਸਾਫ ਮਿਲੇਗਾ ਕਿ ਨਹੀਂ?”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
lawyer seeks justice gurcharan singh lives half burnt man since 1984 died awaitig justice 2009 …
Related Topics: Advocate Navkiran Singh, CBI, Congress Government in Punjab 2017-2022, Denial of Justice, Gurcharan Singh Rishi, Sajjan Kumar, ਸਿੱਖ ਨਸਲਕੁਸ਼ੀ 1984 (Sikh Genocide 1984)