May 21, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪਾਕਿਸਤਾਨੀ ਮੀਡੀਆ ਦੇ ਮੁਤਾਬਕ ਉਥੋਂ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਨੇਵੀ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਮਾਮਲੇ ‘ਚ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਹੀ ਸਜ਼ਾ ਦਿੱਤੀ ਜਾਏਗੀ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਕੌਮਾਂਤਰੀ ਅਦਾਲਤ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਆਖਰੀ ਫੈਸਲਾ ਆਉਣ ਤਕ ਰੋਕ ਲਾਉਣ ਲਈ ਕਿਹਾ ਹੈ।
‘ਦਾ ਐਕਸਪ੍ਰੈਸ ਟ੍ਰਿਬਿਊਨ’ ਦੇ ਮੁਤਾਬਕ ਚੌਧਰੀ ਨਿਸਾਰ ਅਲੀ ਨੇ ਕਿਹਾ, “ਜਾਧਵ ਨੂੰ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਸਜ਼ਾ ਦਿੱਤੀ ਗਈ ਹੈ। ਉਸਨੂੰ ਪਾਕਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪਾਕਿਸਤਾਨ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਸੀ।”
ਨਿਸਾਰ ਅਲੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਹੀ ਸਜ਼ਾ ਮਿਲੇਗੀ।
ਦੂਜੇ ਪਾਸੇ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਭਾਰਤ ਨੇ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਕੌਮਾਂਤਰੀ ਅਦਾਲਤ ਜਾ ਕੇ ਗੰਭੀਰ ਗਲਤੀ ਕੀਤੀ ਹੈ।
ਇਸ ‘ਤੇ ਕਾਟਜੂ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ ਹੈ, “ਲੋਕ ਕੌਮਾਂਤਰੀ ਅਦਾਲਤ ‘ਚ ਜਾਧਵ ਮਾਮਲੇ ‘ਚ ਭਾਰਤ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਹਨ, ਪਰ ਮੇਰੀ ਨਿਜੀ ਰਾਏ ਕਿ ਭਾਰਤ ਨੇ ਉਥੇ ਜਾ ਕੇ ਵੱਡੀ ਗਲਤੀ ਕੀਤੀ ਹੈ। ਅਸੀਂ ਪਾਕਿਸਤਾਨ ਦੇ ਹੱਥਾਂ ‘ਚ ਖੇਡ ਗਏ, ਇਸਦੇ ਨਾਲ ਹੀ ਅਸੀਂ ਪਾਕਿਸਤਾਨ ਨੂੰ ਕਈ ਮੁੱਦਿਆਂ ‘ਤੇ ਉਥੇ ਜਾਣ ਦਾ ਰਾਹ ਖੋਲ੍ਹ ਦਿੱਤਾ।”
ਕਾਟਜੂ ਨੇ ਕਿਹਾ, “ਇਥੋਂ ਤਕ ਕਿ ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਦੇ ਅਧਿਕਾਰ ਖੇਤਰ ‘ਤੇ ਗੰਭੀਰਤਾ ਨਾਲ ਇਤਰਾਜ਼ ਵੀ ਨਹੀਂ ਜਤਾਇਆ। ਹੁਣ ਇਹ ਤੈਅ ਹੈ ਕਿ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਵੀ ਕੌਮਾਂਤਰੀ ਅਦਾਲਤ ‘ਚ ਲੈ ਕੇ ਜਾਏਗਾ। ਅਜਿਹੇ ‘ਚ ਭਾਰਤ ਕਿਹੜੇ ਮੂੰਹ ਨਾਲ ਕਹੇਗਾ ਕਿ ਇਹ ਕੌਮਾਂਤਰੀ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਹੈ। ਅਸੀਂ ਦੋਵੇਂ ਗੱਲਾਂ ਇਕੱਠੀਆਂ ਨਹੀਂ ਕਰ ਸਕਦੇ।”
ਕਾਟਜੂ ਨੇ ਕਿਹਾ, “ਸਾਡੇ ਕੌਮਾਂਤਰੀ ਅਦਾਲਤ ਜਾਣ ਨਾਲ ਪਾਕਿਸਤਾਨ ਕਾਫੀ ਖੁਸ਼ ਹੋਊਗਾ, ਅਸੀਂ ਸਿਰਫ ਇਕ ਬੰਦੇ ਲਈ ਅਜਿਹਾ ਕੀਤਾ। ਹੁਣ ਪਾਕਿਸਤਾਨ ਹਰ ਮਾਮਲੇ ਨੂੰ ਉੱਥੇ ਚੁੱਕੇਗਾ। ਖਾਸ ਕਰਕੇ ਉਹ ਕਸ਼ਮੀਰ ਮਸਲੇ ਦਾ ਕੌਮਾਂਤਰੀਕਰਨ ਕਰਨ ਦੀ ਕੋਸ਼ਿਸ਼ ਕਰੇਗਾ, ਜਿਸਨੂੰ ਕਿ ਅਸੀਂ (ਭਾਰਤ ਵਾਲੇ) ਹਮੇਸ਼ਾ ਦੋ ਪੱਖੀ ਮਾਮਲਾ ਕਹਿੰਦੇ ਰਹੇ ਹਾਂ।”
ਹਾਲਾਂਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਜਾਧਵ ਮਾਮਲੇ ‘ਚ ਭਾਰਤ ਸਰਕਾਰ ਦੇ ਕੌਮਾਂਤਰੀ ਅਦਾਲਤ ‘ਚ ਜਾਣ ਦੀ ਤਰੀਫ ਕੀਤੀ ਹੈ। ਪ੍ਰਸ਼ਾਂਤ ਨੇ ਕਿਹਾ, “ਭਾਰਤ ਸਰਕਾਰ ਦਾ ਜਾਧਵ ਕੇਸ ‘ਚ ਕੌਮਾਂਤਰੀ ਅਦਾਲਤ ‘ਚ ਜਾਣਾ ਸ਼ਲਾਘਾਯੋਗ ਕਦਮ ਹੈ, ਵਿਵਾਦ ਦੇ ਹੱਲ ਦਾ ਇਹ ਸਭਿਅਕ ਤਰੀਕਾ ਹੈ।”
ਸਬੰਧਤ ਖ਼ਬਰ:
ਕੌਮਾਂਤਰੀ ਅਦਾਲਤ ਨੇ ਕਿਹਾ; ਆਖਰੀ ਫੈਸਲਾ ਆਉਣ ਤਕ ਜਾਧਵ ਨੂੰ ਫਾਂਸੀ ਨਾ ਲਾਵੇ ਪਾਕਿਸਤਾਨ …
Related Topics: Indian Satae, international court of justice ICJ, Kulbhushan Jadhav, Markandey Katju, Pakistan India Relations, Prashant Bhushan, RAW