September 20, 2016 | By ਸਿੱਖ ਸਿਆਸਤ ਬਿਊਰੋ
ਅਲੀਗੜ੍ਹ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਇਕ ਕਸ਼ਮੀਰੀ ਵਿਦਿਆਰਥੀ ਨੂੰ ਉੜੀ ਹਮਲੇ ਬਾਰੇ ਫੇਸਬੁਕ ‘ਤੇ ਟਿੱਪਣੀ ਕਰਨ ਕਾਰਨ ਯੂਨੀਵਰਸਿਟੀ ‘ਚੋਂ ਕੱਢ ਦਿੱਤਾ ਹੈ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਨੇ ਐਮ.ਐਸ ਸੀ (ਆਰਗੇਨਿਕ ਕੈਮਿਸਟ੍ਰੀ) ਦੇ ਵਿਦਿਆਰਥੀ ਮੁਦੱਸਰ ਯੂਸੁਫ, ਜੋ ਕਿ ਸ੍ਰੀਨਗਰ ਦਾ ਰਹਿਣ ਵਾਲਾ ਹੈ ਨੂੰ ਯੂਨੀਵਰਸਿਟੀ ‘ਚੋਂ ਕੱਢਣ ਦਾ ਫੈਸਲਾ ਕੀਤਾ ਹੈ।
ਯੂਨੀਵਰਸਿਟੀ ਦੇ ਬੁਲਾਰੇ ਰਾਹਤ ਅਬਰਾਰ ਨੇ ਮੀਡੀਆ ਨੂੰ ਦੱਸਿਆ, “ਲੈਫ. ਜਨ. ਸ਼ਾਹ ਨੇ ਕਿਹਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਅਜਿਹੇ ਵਿਦਿਆਰਥੀਆਂ ਦੀ ਲੋੜ ਨਹੀਂ ਜੋ ਕਿ “ਰਾਸ਼ਟਰ ਵਿਰੋਧੀ” ਵਿਚਾਰ ਰੱਖਦੇ ਹੋਣ”।
ਦੂਜੇ ਪਾਸੇ ਭਾਰਤੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜਿਸ ਵਿਅਕਤੀ ਦਾ ਪਿਛੋਕੜ ਪੜ੍ਹਾਈ ਵਾਲਾ ਨਾ ਹੋਵੇ ਉਸਨੂੰ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿਵੇਂ ਲਾਇਆ ਜਾ ਸਕਦਾ ਹੈ? ਚੀਫ ਜਸਟਿਸ ਟੀ.ਐਸ. ਠਾਕੁਰ ਅਤੇ ਜਸਟਿਸ ਏ.ਐਮ. ਖਾਨਵੀਲਕਰ ਦੇ ਬੈਂਚ ਨੇ ਕਿਹਾ, “ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇਕ ਕੇਂਦਰੀ ਯੂਨੀਵਰਸਿਟੀ ਹੈ। ਯੂਜੀਸੀ ਦੇ ਨਿਯਮ ਤੁਹਾਡੇ (ਏ.ਐਮ.ਯੂ.) ‘ਤੇ ਲਾਗੂ ਹੁੰਦੇ ਹਨ। ਵੀ.ਸੀ. ਇਕ ਅਧਿਆਪਕ ਹੋਣਾ ਚਾਹੀਦਾ ਹੈ ਅਤੇ ਉਸਨੂੰ ਪ੍ਰੋਫੈਸਰ ਦੇ ਤੌਰ ‘ਤੇ ਘੱਟ ਤੋਂ ਘੱਟ ਦਸ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।” ਬੈਂਚ ਨੇ ਇਹ ਟਿੱਪਣੀ ਉਸ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੀਤੀ ਜਿਸ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਜ਼ਮੀਰਉਦੀਨ ਸ਼ਾਹ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਸੀ।
Related Topics: Aligarh muslim University, All News Related to Kashmir