September 25, 2017 | By ਸਿੱਖ ਸਿਆਸਤ ਬਿਊਰੋ
ਔਕਲੈਂਡ: ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ 23 ਸਤੰਬਰ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਨਿਊਜ਼ੀਲੈਂਡ ਦੀ 52ਵੀਂ ਸੰਸਦ ਦੇ ਲਈ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਦੇ ਰੁਝਾਨ ਨਤੀਜੇ ਆਉਣੇ ਸ਼ੁਰੂ ਹੋ ਗਏ। ਜਿਸ ਦੇ ਵਿਚ ਸੱਤਾਧਾਰੀ ਨੈਸ਼ਨਲ ਪਾਰਟੀ ਮੌਜੂਦਾ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਦੀ ਅਗਵਾਈ ਵਿਚ ਬਹੁਮਤ ਦੇ ਨੇੜੇ ਪਹੁੰਚੀ। ਪਾਰਟੀ ਨੂੰ 58 ਸੀਟਾਂ ‘ਤੇ ਜਿੱਤ ਮਿਲੀ ਪਰ ਬਹੁਮਤ ਵਾਸਤੇ 61 ਸੀਟਾਂ ਚਾਹੀਦੀਆਂ ਸਨ। ਇਨਾਂ ਵਿਚ 41 ਉਮੀਦਵਾਰ ਵੋਟਾਂ ਰਾਹੀਂ ਅਤੇ 17 ਉਮੀਦਵਾਰ ਪਾਰਟੀ ਵੋਟ ਨਾਲ ਸੰਸਦ ਬਣੇ।
ਇਨ੍ਹਾਂ ਚੋਣਾਂ ‘ਚ ਇਸ ਵਾਰ ਫਿਰ ਪਾਰਟੀ ਵੋਟ ਉਤੇ ਸੰਸਦ ਦੇ ਵਿਚ ਆਪਣੀ ਪਹੁੰਚ ਬਣਾਉਣ ਵਾਲੇ ਸ. ਕੰਵਲਜੀਤ ਸਿੰਘ ਬਖਸ਼ੀ 8 ਨਵੰਬਰ 2008 ਤੋਂ ਲਗਾਤਾਰ ਸੰਸਦ ਮੈਂਬਰ ਬਣੇ ਹੋਏ ਹਨ ਅਤੇ ਸੰਸਦ ਦੇ ਵਿਚ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਉਮੀਦਵਾਰ ਹਨ। ਉਹ ਜਿੱਥੇ ਕਈ ਪਾਰਲੀਮਾਨੀ ਕਮੇਟੀਆਂ ਦੇ ਮੈਂਬਰ ਰਹੇ ਹਨ ਉਥੇ ਉਹ ‘ਲਾਅ ਐਂਡ ਆਰਡਰ’ ਸਿਲੈਕਟ ਕਮੇਟੀ ਦੇ 2014 ਦੇ ਵਿਚ ਡਿਪਟੀ ਚੇਅਰਮੈਨ ਬਣੇ ਅਤੇ ਫਿਰ 11 ਫਰਵਰੀ 2015 ਤੋਂ 22 ਅਗਸਤ 2017 ਤੱਕ ਚੇਅਰਮੈਨ ਵੀ ਰਹੇ। ਸੰਨ 2001 ਦੇ ਵਿਚ ਉਹ ਨਿਊਜ਼ੀਲੈਂਡ ਆਏ ਸਨ। ਉਨਾਂ ਦਾ ਪਾਰਟੀ ਲਿਸਟ ਵਿਚ 32ਵਾਂ ਸਥਾਨ ਸੀ।
ਇਸੇ ਤਰ੍ਹਾਂ ਡਾ. ਪਰਮਜੀਤ ਕੌਰ ਪਰਮਾਰ ਜੋ ਕਿ ਨੈਸ਼ਨਲ ਪਾਰਟੀ ਲਿਸਟ ਦੇ 34ਵੇਂ ਸਥਾਨ ਉਤੇ ਸਨ ਨੇ ਦੂਜੀ ਵਾਰ ਪਾਰਟੀ ਵੋਟ ਉਤੇ ਸੰਸਦ ਦੇ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਈ। ਡਾ. ਪਰਮਾਰ ਪਹਿਲੀ ਵਾਰ 20 ਸਤੰਬਰ 2014 ਨੂੰ ਪਾਰਟੀ ਲਿਸਟ ‘ਤੇ ਸੰਸਦ ਮੈਂਬਰ ਬਣੇ ਸਨ। ਉਹ ਮੂਲ ਰੂਪ ਵਿਚ ਜ਼ਿਲਾ ਹੁਸ਼ਿਆਰਪੁਰ ਤੋਂ ਹਨ ਅਤੇ 1995 ਦੇ ਵਿਚ ਇਥੇ ਆਏ ਸਨ। ਉਨ੍ਹਾਂ ਨੇ ਇਥੇ ਆ ਕੇ ਉਚ ਸਿੱਖਿਆ ਪ੍ਰਾਪਤ ਦੇ ਨਾਲ-ਨਾਲ ਪੀ. ਐਚ.ਡੀ. ਵੀ ਕੀਤੀ ਅਤੇ ਇਕ ਸਾਇੰਸਦਾਨ ਵੱਜੋਂ ਇਥੇ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਫੈਮਿਲੀਜ਼ ਕਮਿਸ਼ਨਰ ਰਹਿ ਚੁੱਕੇ ਹਨ।
ਵਿਰੋਧੀ ਧਿਰ ਲੇਬਰ ਪਾਰਟੀ ਨੇ 35.6% ਵੋਟਾਂ ਦੇ ਨਾਲ 45 ਉਮੀਦਵਾਰਾਂ ਨੂੰ ਸੰਸਦ ਦੇ ਵਿਚ ਥਾਂ ਮਿਲੀ। ਇਸੇ ਤਰ੍ਹਾਂ ਨਿਊਜ਼ੀਲੈਂਡ ਫਸਟ ਦੇ 7.5% ਨਾਲ 9 ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 ਸੰਸਦ ਮੈਂਬਰ ਅਤੇ ਐਕਟ ਪਾਰਟੀ 1 ਸੀਟ ‘ਤੇ ਜੇਤੂ ਰਹੇ। ਇਨ੍ਹਾਂ ਚੋਣਾਂ ਵਿਚ 17 ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਈ ਕਰ ਰਹੇ ਸਨ ਅਤੇ 500 ਤੋਂ ਉਪਰ ਉਮੀਦਵਾਰ ਸਨ।
Related Topics: Dr. Paramjit Kaur Parmar, Kanwaljit Singh Bakhshi, Newzeland, Sikhs in New zealand