February 12, 2016 | By ਸਿੱਖ ਸਿਆਸਤ ਬਿਊਰੋ
ਜੈਤੋ (11ਫਰਵਰੀ, 2016): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਅੱਜ ਘਟਨਾਵਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਮਿਲ ਕੇ ਬਿਆਨ ਦਰਜ ਕੀਤੇ।
ਜਸਟਿਸ ਜ਼ੋਰਾ ਸਿੰਘ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗਏ ਅਤੇ ਉਥੇ ਪਹਿਲੀ ਜੂਨ ਨੂੰ ਪਾਵਨ ਸਰੂਪ ਦੇ ਚੋਰੀ ਹੋਣ ਦੀ ਘਟਨਾ ਸਬੰਧੀ ਕੁਝ ਵਿਅਕਤੀਆਂ ਦੇ ਬਿਆਨ ਲਏ। ਪਿੰਡ ਬਰਗਾੜੀ ਵਿੱਚ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਬਰਗਾੜੀ ਦੇ ਕੁਝ ਵਿਅਕਤੀਆਂ ਨੂੰ ਮਿਲ ਕੇ ਜਾਣਕਾਰੀ ਲਈ। ਇਨ੍ਹਾਂ ਦੋਹਾਂ ਪਿੰਡਾਂ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਤੋਂ ਵੀ ਘਟਨਾਵਾਂ ਬਾਰੇ ਪੁੱਛਗਿੱਛ ਕੀਤੀ।
ਜਸਟਿਸ ਜ਼ੋਰਾ ਸਿੰਘ 14 ਅਕਤੂਬਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਨੂੰ ਵੀ ਮਿਲੇ। ਗੋਲੀ ਕਾਂਡ ਦੇ ਜ਼ਖ਼ਮੀ ਬੇਅੰਤ ਸਿੰਘ ਤੋਂ ਵੀ ਉਨ੍ਹਾਂ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਘਟਨਾ ਦੇ ਇੱਕ ਹੋਰ ਚਸ਼ਮਦੀਦ ਬਹਿਬਲ ਕਲਾਂ ਵਾਸੀ ਅੰਗਰੇਜ਼ ਸਿੰਘ ਤੋਂ ਵੀ ਘਟਨਾ ਦਾ ਵੇਰਵਾ ਜਾਣਿਆ।
ਸੂਤਰਾਂ ਮੁਤਾਬਿਕ ਅੱਜ ਬਹੁਤੇ ਲੋਕਾਂ ਨੇ ਹਲਫ਼ੀਆ ਬਿਆਨ ਦੇਣ ਦੀ ਥਾਂ ਕਮਿਸ਼ਨ ਕੋਲ ਜ਼ੁਬਾਨੀ ਬਿਆਨ ਰਿਕਾਰਡ ਕਰਵਾਏ। ਜ਼ਿਕਰਯੋਗ ਹੈ ਕਿ ਬਰਗਾੜੀ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਤੇ ਬਹਿਬਲ ਗੋਲੀ ਕਾਂਡ ਦੀ ਘੋਖ ਕਰਨ ਲਈ ਪੰਜਾਬ ਸਰਕਾਰ ਨੇ ਕਰੀਬ ਚਾਰ ਮਹੀਨੇ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਸਥਾਪਿਤ ਕੀਤਾ ਸੀ।
14 ਅਕਤੂਬਰ ਨੂੰ ਵਾਪਰੇ ਬਹਿਬਲ ਕਾਂਡ ਬਾਰੇ ਪੁਲੀਸ ਨੇ 21 ਅਕਤੂਬਰ ਨੂੰ ਦਰਜ ਕੀਤੀ ਰਿਪੋਰਟ ਵਿੱਚ ਕਥਿਤ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਕਹੀ ਸੀ। ਇਸ ਵਿਵਾਦਿਤ ਐਫ.ਆਈ.ਆਰ. ਸਬੰਧੀ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Related Topics: Behbal Kalan Goli Kand, Incident of Beadbi of Guru Granth Shaib at Bargar Village, Sri Guru Granth Sahib ji