June 14, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਜੂਨ 1984 ਦੌਰਾਨ ਭਾਰਤੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਕੀਤੇ ਗਏ ਫ਼ੌਜੀ ਹਮਲੇ ਸੰਬੰਧੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ‘ਇੰਡੀਆ ਪੋਲੀਟਿਕਸ’ ਮਾਰਕ ਕੀਤੀ ਮਿਸਲ (ਫਾਈਲ) ਸਮੇਤ ਪੂਰੇ ਦਸਤਾਵੇਜ਼ ਜਨਤਕ ਕਰਨ ਦੀ ਬਰਤਾਨੀਆ ਸਰਕਾਰ ਤੋਂ ਮੰਗ ਕੀਤੀ ਹੈ।
ਦਮਦਮੀ ਟਕਸਾਲ ਮੁਖੀ 1984 ਦੇ ਘੱਲੂਘਾਰੇ ਸਬੰਧੀ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਉੱਥੋਂ ਦੀ ਇਕ ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਬਾਰੇ ਯੂ ਕੇ ਦੀ ਜੁਆਇੰਟ ਇੰਟੈਲੀਜੈਂਸ ਕਮੇਟੀ ਨਾਲ ਸੰਬੰਧਿਤ ਇਕ ਮਿਸਲ (ਫਾਈਲ) ਨੂੰ ਜਨਤਕ ਕਰਨ ਦੇ ਘੇਰੇ ਵਿਚੋਂ ਬਾਹਰ ਰੱਖ ਸਕਣ ਦੀ ਗਲ ਆਖੀ ਸੀ, ਬਾਰੇ ਟਿੱਪਣੀ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਤਾਨੀਆ ਅਦਾਲਤ ਦੀ ਸੁਹਿਰਦਤਾ ਬਾਰੇ ਕਈ ਸ਼ੱਕ ਨਹੀ ਪਰ 1984 ਦੇ ਘੱਲੂਘਾਰੇ ਵਰਗੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਅਤੇ ਭਾਰਤੀ ਹਕੂਮਤ ਵੱਲੋਂ ਵਿਦੇਸ਼ੀ ਤਾਕਤ ਦੀ ਆਪਣੇ ਹੀ ਨਾਗਰਿਕਾਂ ਦੇ ਅਧਿਕਾਰਾਂ ਦੇ ਦਮਨ ਅਤੇ ਨਾਗਰਿਕਾਂ ਦਾ ਘਾਣ ਕਰਨ ਲਈ ਵਰਤੋਂ ਕਰਨ ਪ੍ਰਤੀ ਬਰਤਾਨੀਆ ਦੀ ਭੂਮਿਕਾ ਸੰਬੰਧੀ ਅੰਸ਼ਿਕ ਦਸਤਾਵੇਜ਼ ਜਾਰੀ ਕਰਦਿਆਂ ਅਧੂਰੀ ਜਾਣਕਾਰੀ ਮੁਹੱਈਆ ਕਰਨਾ ਸਿਖ ਕੌਮ ਨਾਲ ਬੇਇਨਸਾਫ਼ੀ ਹੈ।
ਉਨ੍ਹਾਂ ਕਿਹਾ ਕਿ ਬਰਤਾਨੀਆ ਅਦਾਲਤ ਦੇ ਉਕਤ ਕਦਮ ਨਾਲ ਜੂਨ ’84 ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਵਰਗੇ ਨਾ ਭੁਲਣ ਯੋਗ ਵਰਤਾਰੇ ਆਦਿ ਕੌਮਾਂਤਰੀ ਪੱਧਰ ‘ਤੇ ਮੁੜ ਕੇਂਦਰ ‘ਚ ਆ ਗਏ ਹਨ। ਉਨ੍ਹਾਂ ਕਿਹਾ ਕਿ ’84 ਦੀਆਂ ਤ੍ਰਾਸਦੀਆਂ ਪ੍ਰਤੀ ਕੌਮਾਂਤਰੀ ਪੱਧਰ ਉੱਤੇ ਨਵੀਂ ਬਹਿਸ ਛਿੜ ਚੁੱਕੀ ਹੈ, ਤਾਂ ਮੌਜੂਦਾ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਨਾਲ ਬੇਇਨਸਾਫ਼ੀ ਕਰਨ ਵਾਲੀ ਅਤੇ ਉਕਤ ਦੁਖਾਂਤ ਨੂੰ ਅੰਜਾਮ ਦੇਣ ਵਾਲੀ ਇੰਦਰਾ ਗਾਂਧੀ ਹਕੂਮਤ ਦੀ ਕਰੂਰਤਾ ਨੂੰ ਸੰਸਾਰ ਸਨਮੁੱਖ ਲਿਆਉਣ ਲਈ ’84 ਦੇ ਦੁਖਾਂਤ ਨਾਲ ਸੰਬੰਧਿਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕਰਨ ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤੀ ਹਕੂਮਤਾਂ ਦੇ ਸਿਖ ਕੌਮ ਪ੍ਰਤੀ ਤੰਗ ਨਜ਼ਰੀਆ ਦੇ ਚੱਲਦਿਆਂ 34 ਸਾਲਾਂ ਦੇ ਸਮੇਂ ਬਾਅਦ ਵੀ ਸਿੱਖ ਕੌਮ ਨੂੰ ਨਿਆਂ ਨਾ ਮਿਲਣ ਬਾਰੇ ਵਿਸ਼ਵ ਭਾਈਚਾਰੇ ਨੂੰ ਬੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਾਨਵਤਾ ਨੂੰ ਸਿੱਖ ਕੌਮ ਨਾਲ ਹੋਈ ਬੇਇਨਸਾਫੀ ਨੂੰ ਜਾਣਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਕਤ ਦੁਖਾਂਤ ਤੇ ਤ੍ਰਾਸਦੀਆਂ ਦਾ ਸੰਬੰਧ ਕੇਵਲ ਸਿਖ ਕੌਮ ‘ਤੇ ਕੀਤੇ ਗਏ ਹਮਲਿਆਂ ਤਕ ਹੀ ਸੀਮਤ ਨਹੀਂ ਸਗੋਂ ਲੰਮੇ ਸਮੇਂ ਤੋਂ ਪੰਜਾਬ ਦੀ ਧਰਤੀ, ਦਰਿਆਈ ਪਾਣੀਆਂ ਅਤੇ ਹੋਰਨਾਂ ਕੁਦਰਤੀ ਸਾਧਨਾਂ ਦੀ ਲੁੱਟ ਨਾਲ ਵਾਬਸਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਤਸੱਲੀ ਇਨਸਾਫ਼ ਮਿਲਣ ਨਾਲ ਹੀ ਹੋਵੇਗੀ। ਪਰ ਦੁਖ ਦੀ ਗਲ ਹੈ ਕਿ ਸਿਖ ਕੌਮ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ। ਨਾ ਹੀ ਭਾਰਤ ਵਿਚ ਸਿੱਖ ਅਤੇ ਹੋਰਨਾਂ ਘੱਟਗਿਣਤੀ ਭਾਈਚਾਰਿਆਂ ਵਿਚ ਵਿਸ਼ਵਾਸ ਬਹਾਲ ਕਰਨ ਅਤੇ ਫ਼ਿਰਕੂ ਹਿੰਸਾ ਨੂੰ ਰੋਕਣ ਲਈ ਕੋਈ ਠੋਸ ਕਦਮ ਚੁਕੇ ਜਾ ਰਹੇ ਹਨ।
Related Topics: Baba Harnam Singh Dhumma, Bristish Government, Ghallughara June 1984, Government of India