May 8, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (7 ਮਈ, 2015): ਭਾਰਤੀ ਕਾਨੂੰਨ ਸਿੱਖਾਂ ਨੂੰ ਸਿੱਖੀ ਦੇ ਪੰਜ ਕੱਕਾਰਾਂ ਵਿੱਚ ਕਿਰਪਾਨ ਨੂੰ ਹਰ ਜਗਾ ‘ਤੇ ਪਹਿਨਣ ਦੀ ਇਜ਼ਾਜ਼ਤ ਦਿੰਦਾ ਹੈ, ਪਰ ਇਸਦੇ ਬਾਵਜੂਦ ਸਿੱਖਾਂ ਨੂੰ ਕਈ ਵਾਰ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਕੱਝਲ ਖੁਆਰ ਕੀਤਾ ਜਾਂਦਾ ਹੈ।ਕੋਈ ਅਜਿਹਾ ਵਿਅਕਤੀ ਜਾਂ ਸੰਸਥਾ ਸਿੱਖਾਂ ਨੂੰ ਮਿਲੇ ਇਸ ਕਾਨੂੰਨੀ ਅਧਿਕਾਰ ਨੂੰ ਨਾ ਸਮਝੇ, ਪਰ ਜਦ ਭਾਰਤੀ ਕਾਨੂੰਨ ਅਨੁਸਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਨੂੰ ਨਿਆ ਦੇਣ ਵਾਲੀ ਅਦਾਲਤ ਜਾਂ ਜੱਜ ਹੀ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ ਸਿੱਖ ਕਿਰਪਾਨ ਪ੍ਰਤੀ ਗੈਰ ਕਾਨੂੰਨੀ ਕਾਰਵਾਈ ਕਰੇ ਤਾਂ ਭਾਰਤ ਵਿੱਚ ਸਿੱਖਾਂ ਦੀ ਹੋਣੀ ਦੇ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।
ਸੈਸ਼ਨ ਜੱਜ ਅੰਬਾਲਾ ਵੱਲੋਂ ਬਕਾਇਦਾ ਲਿਖਤੀ ਆਰਡਰ ਜਾਰੀ ਕਰਦਿਆਂ ਇੱਕ ਅੰਮਿ੍ਤਧਾਰੀ ਸਿੱਖ ਨੌਜਵਾਨ ਨੂੰ ਅਦਾਲਤ ‘ਚ ਗਵਾਹੀ ਦੇਣ ਦੀ ਇਜਾਜ਼ਤ ਨਾ ਦਿੱਤੇ ਜਾਣ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ ।
ਦਿਲਾਵਰ ਸਿੰਘ ਨਾਮੀਂ ਇਸ ਅੰਮਿ੍ਤਧਾਰੀ ਨੌਜਵਾਨ ਦੇ ਵਕੀਲ ਅਤੇ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਮੀਂ ਵਕੀਲਾਂ ਦੀ ਗ਼ੈਰ ਸਰਕਾਰੀ ਸੰਸਥਾ ਦੇ ਮੁਖੀ ਨਵਕਿਰਨ ਸਿੰਘ ਨੇ ਖ਼ੁਦ ਬਤੌਰ ਵਕੀਲ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਨਮੁੱਖ ਰੱਖਦਿਆਂ ਇਸ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੀ ਉਲੰਘਣਾ ਕਰਾਰ ਦਿੱਤਾ ਹੈ ।
ਪਟੀਸ਼ਨ ‘ਚ ਦੱਸਿਆ ਗਿਆ ਹੈ ਕਿ ਸੈਸ਼ਨ ਜੱਜ ਅੰਬਾਲਾ ਰਾਜੇਸ਼ ਗੁਪਤਾ ਦੀ ਅਦਾਲਤ ‘ਚ ਇੱਕ ਸੁਣਵਾਈ ਅਧੀਨ ਕਤਲ ਕੇਸ ਤਹਿਤ ਦਿਲਾਵਰ ਸਿੰਘ ਦੀ ਗਵਾਹੀ ਹੋਣੀ ਸੀ ਪਰ ਪਿਛਲੇ ਮਹੀਨੇ ਜਦੋਂ ਇਹ ਅੰਮਿ੍ਤਧਾਰੀ ਨੌਜਵਾਨ ਅਦਾਲਤ ‘ਚ ਪੁੱਜਾ ਤਾਂ ਜੱਜ ਵੱਲੋਂ ਉਸ ਵੱਲੋਂ ਪਾਈ ਹੋਈ ਗਾਤਰੇ ਵਾਲੀ ਛੋਟੀ ਕਿਰਪਾਨ ‘ਤੇ ਇਤਰਾਜ਼ ਉਠਾਇਆ ਗਿਆ ਅਤੇ ਉਸ ਨੂੰ ਕਿਰਪਾਨ ਉਤਾਰ ਕੇ ਆਉਣ ਦੀ ਸੂਰਤ ‘ਚ ਹੀ ਅਦਾਲਤ ਅੰਦਰ ਗਵਾਹੀ ਦੇਣ ਦੀ ਹਦਾਇਤ ਕੀਤੀ ਗਈ । ਪਰ ਦਿਲਾਵਰ ਸਿੰਘ ਦਾ ਕਹਿਣਾ ਹੈ ਕਿ ਉਹ ਇੱਕ ਅੰਮਿ੍ਤਧਾਰੀ ਸਿੱਖ ਹੋਣ ਦੇ ਨਾਤੇ ਆਪਣੇ ਕਕਾਰ ਨੂੰ ਵੱਖ ਨਹੀਂ ਕਰ ਸਕਦਾ ਅਤੇ ਅਗਲੀ ਪੇਸ਼ੀ ‘ਤੇ ਉਹ ਫ਼ਿਰ ਗਾਤਰੇ ਵਾਲੀ ਛੋਟੀ ਕਿਰਪਾਨ ਸਣੇ ਅਦਾਲਤ ਗਵਾਹੀ ਦੇਣ ਪਹੰੁਚ ਗਿਆ ।
ਜਿਸ ‘ਤੇ ਸਬੰਧਤ ਜੱਜ ਵੱਲੋਂ ਬਕਾਇਦਾ ਤੌਰ ‘ਤੇ ਆਪਣੇ ਅੰਤਿ੍ਮ ਆਰਡਰ ‘ਚ ਵੇਰਵੇ ਸ਼ਾਮਲ ਕਰਦਿਆਂ ਉਕਤ ਗਵਾਹ ਦੇ ਬਗ਼ੈਰ ਕਿਰਪਾਨ ਤੋਂ ਆਉਣ ਦੀ ਸੂਰਤ ‘ਚ ਹੀ ਗਵਾਹੀ ਕਰਵਾਏ ਜਾਣ ਦੀ ਗੱਲ ਕਹਿ ਦਿੱਤੀ ਗਈ ।
ਕੀ ਕਹਿੰਦਾ ਹੈ ਸਿੱਖ ਦੀ ਕਿਰਪਾਨ ਬਾਰੇ ਆਰਟੀਕਲ 25?:
ਦਿਲਾਵਰ ਸਿੰਘ ਵੱਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਬਕਾਇਦਾ ਸਿਵਲ ਰਿੱਟ ਪਟੀਸ਼ਨ ਦਾਇਰ ਕਰਦਿਆਂ ਇਹ ਮਾਮਲਾ ਚੁੱਕਿਆ ਗਿਆ ਹੈ । ਐਡਵੋਕੇਟ ਨਵਕਿਰਨ ਸਿੰਘ ਨੇ ਇਸ ਕੇਸ ‘ਚ ਬਤੌਰ ਵਕੀਲ ਸ਼ਾਮਲ ਹੁੰਦਿਆਂ ਦਾਅਵਾ ਕੀਤਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 25 ‘ਚ ਸਿੱਖ ਨੂੰ ਕਿਰਪਾਨ ਪਹਿਨਣ ਅਤੇ ਨਾਲ ਚੁੱਕ ਸਕਣ ਦੀ ਖੁੱਲ੍ਹ ਦਿੰਦਿਆਂ ਇਸ ਨੂੰ ਇੱਕ ਸਿੱਖ ਦਾ ਬੁਨਿਆਦੀ ਅਧਿਕਾਰ ਗਿਣਿਆ ਗਿਆ ਹੈ । ਉਨ੍ਹਾਂ ਅਜਿਹੀ ਵਿਵਸਥਾ ਭਾਰਤੀ ਸੰਵਿਧਾਨ ‘ਚ ਸਿਰਫ਼ ਇੱਕ ਸਿੱਖ ਲਈ ਹੀ ਹੋਣ ਦਾ ਵੀ ਦਾਅਵਾ ਕਰਦਿਆਂ ਦੱਸਿਆ ਕਿ ਅਸਲਾ ਐਕਟ ‘ਚ 1962 ਦੀਆਂ ਸੋਧਾਂ ਤਹਿਤ ਸਿੱਖਾਂ ਦੀ ‘ਕਿਰਪਾਨ’ ਅਤੇ ਗੋਰਿਖ਼ਆਂ ਦੀ ‘ਖੁਖਰੀ’ ਨੂੰ ਹਥਿਆਰਾਂ ਦੀ ਪਰਿਭਾਸ਼ਾ ਤੋਂ ਬਾਹਰ ਕੀਤਾ ਜਾ ਚੁੱਕਾ ਹੈ ।
Related Topics: Kirpan, Kirpan Issue, Sikh Sword