August 30, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਪੰਥਕ ਹਲਕਿਆਂ ਅਤੇ ਸਿੱਖ ਸਿਆਸਤ ਵਿਚ ਆਪਣਾ ਅਲੱਗ ਮੁਕਾਮ ਰੱਖਣ ਵਾਲੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਕੰਵਰ ਸੰਧੂ, ਪਾਰਟੀ ਦੇ ਬੁਲਾਰੇ ਗੁਰਪ੍ਰੀਤ ਘੁੱਗੀ, ਕਾਨੂੰਨੀ ਵਿੰਗ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ, ਪਾਰਟੀ ਦੇ ਬੁਲਾਰੇ ਅਤੇ ਪਟਿਆਲਾ ਜ਼ੋਨ ਦੇ ਇੰਚਾਰਜ ਡਾ. ਬਲਵੀਰ ਸਿੰਘ, ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਅਮਨ ਅਰੋੜਾ, ਕਿਸਾਨ ਵਿੰਗ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਟਿਵਾਣਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ।
ਟੌਹੜਾ ਪਰਿਵਾਰ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਵਿਚ ਪੈਦਾ ਹੋਏ ਹਲਾਤਾਂ ਨੂੰ ਠੀਕ ਕਰਨ ਲਈ ਸਮੂਹ ਪੰਜਾਬੀਆਂ ਦਾ ਇਕੱਠਾ ਹੋਣਾ ਜ਼ਰੂਰੀ ਹੈ ਅਤੇ ਟੌਹੜਾ ਪਰਿਵਾਰ ਜਿਸਨੇ ਕਿ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਇਸ ਕਾਫਿਲੇ ਨੂੰ ਨਿਸ਼ਚਿਤ ਤੌਰ ‘ਤੇ ਮਜਬੂਤੀ ਦੇਵੇਗਾ। ਸੰਜੇ ਸਿੰਘ ਨੇ ਕਿਹਾ ਕਿ ਟੌਹੜਾ ਪਰਿਵਾਰ ਦੀਆਂ ਪੰਜਾਬ ਅਤੇ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪਾਰਟੀ ਵਿਚ ਸ਼ਮੂਲੀਅਤ ਦਾ ਐਲਾਨ ਕਰਦੇ ਹੋਏ ਜੱਥੇਦਾਰ ਟੌਹੜਾ ਦੀ ਬੇਟੀ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਟੌਹੜਾ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਵਿਚ ਲਗਾ ਦਿੱਤੀ ਪਰੰਤੂ ਪਾਰਟੀ ਦੀ ਕਮਾਨ ਸੁਖਬੀਰ ਬਾਦਲ ਦੇ ਹੱਥ ਆਉਂਦਿਆਂ ਹੀ ਉਨ੍ਹਾਂ ਨੇ ਟਕਸਾਲੀ ਅਕਾਲੀਆਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ।
ਟੌਹੜਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਹੱਕਾਂ ਲਈ ਹਰ ਮੋਰਚੇ ਵਿਚ ਸ਼ਾਮਲ ਹੁੰਦਾ ਰਿਹਾ ਅਤੇ ਜੇਲ੍ਹਾਂ ਕੱਟਦਾ ਰਿਹਾ। ਜੱਥੇਦਾਰ ਟੌਹੜਾ 27 ਸਾਲ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਕਰੀਬ 26 ਸਾਲ ਤੱਕ ਲੋਕ ਸਭਾ ਦੇ ਮੈਂਬਰ ਰਹੇ, ਪਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਬਦਲੇ ਰੂਪ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਸਾਫ-ਸੁਥਰੀ ਰਾਜਨੀਤੀ ਅਤੇ ਇਕ ਵਧੀਆ ਸਮਾਜ ਸਿਰਜਣ ਦੀ ਨੀਅਤ ਨਾਲ ਕਾਰਜ ਕਰ ਰਹੀ ਹੈ ਇਸ ਕਰਕੇ ਉਹ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ।
ਟੌਹੜਾ ਨੇ ਕਿਹਾ ਕਿ ਅਕਾਲੀ ਦਲ ਵਿਚ ਇਸ ਸਮੇਂ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਨਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਅਜਿਹੇ ਹਲਾਤ ਵਿਚ ਉਨ੍ਹਾਂ ਦਾ ਅਕਾਲੀ ਦਲ ਵਿਚ ਦਮ ਘੁਟ ਰਿਹਾ ਸੀ ਅਤੇ ਉਹ ਬਿਨਾ ਸ਼ਰਤ ‘ਆਪ’ ਵਿਚ ਸ਼ਾਮਲ ਹੋ ਗਏ ਹਨ।
Related Topics: Aam Aadmi Party, Harmail Singh Tohra, Kuldeep Kaur Tohra, Punjab Politics, Sanjay Singh AAP