January 17, 2015 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ( 17 ਜਨਵਰੀ, 2015): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਸ਼ੋਮਣੀ ਕਮੇਟੀ ਦੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਦੌਰਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਦੀ ਥਾਂ ‘ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਵਧੀਕ ਚਾਰਜ ਦੇ ਕੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਐਕਟਿੰਗ ਜੱਥੇਦਾਰ (ਕਾਰਜਕਾਰੀ ਜੱਥੇਦਾਰ) ਨਿਯੁੱਕਤ ਕਰ ਦਿੱਤਾ ਗਿਆ ਹੈ।
ਪਿੱਛਲੇ ਕਾਫੀ ਸਮੇਂ ਤੋਂ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਚੱਲਦਿਆਂ ਜੱਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਪੱਖ ਵਿੱਚ ਲਏ ਸਖਤ ਪੈਤੜੇ ਕਾਰਣ ਉਹ ਸੰਤ ਸਮਾਜ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ।
ਇਹ ਵਿਵਾਦ ਉਦੋਂ ਹੋਰ ਵੱਧ ਗਿਆ ਜਦ ਜੱਥੇਦਾਰ ਨੰਦਗੜ੍ਹ ਨੇ ਤਖਤ ਦਮਦਮਾ ਸਾਹਿਬ ਵੱਲੋਂ 28 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੀਤੇ ਗਏ ਨਗਰ ਕੀਰਤਨ ਵਿੱਚ ਸਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ 5 ਜਨਵਰੀ ਨੂੰ ਤਖਤ ਸਾਹਿਬ ਵਿਖੇ ਆਪਣੀ ਰਿਹਾਇਸ਼ ‘ਤੇ 5 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਸੀ।
ਤਖ਼ਤ ਦਮਦਮਾ ਸਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਿਸ ਤਰੀਕੇ ਨਾਲ ਅਹੁਦੇ ਤੋਂ ਹਟਾਇਆ ਗਿਆ ਹੈ, ਉਸ ਅਨੁਸਾਰ ਤਖਤ ਸਹਿਬਾਨਾਂ ਦੇ ਜੱਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਕਾਰਜ਼ ਖੇਤਰ ਅਤੇ ਭੁਮਿਕਾ ਸਬੰਧੀ ਨਿਯਮ ਨਿਰਧਾਰਤ ਕੀਤੇ ਜਾਣ ਦੀ ਸਖਤ ਜਰੂਰਤ ਹੇ ਤਾਂ ਕਿ ਇਸ ਸਤਿਕਾਰਤ ਅਹੁਦੇ ਦਾ ਸਨਮਾਨ ਬਹਾਲ ਰੱਖਿਆ ਜਾ ਸਕੇ।
Related Topics: Jathedar Balwant Singh Nandgarh, NanakshahI Calander, Sant Samaj, Shiromani Gurdwara Parbandhak Committee (SGPC)