ਲੰਡਨ (4 ਫਰਵਰੀ, 2015): ਸਿੱਖ ਸਿਆਸਤਦਾਨ ਅਤੇ ਕੈਨੇਡਾ ਦੀ ਨਵੀ ਲੋਕਤੰਤਰੀ ਪਾਰਟੀ ਦੇ ਮੀਤ ਪ੍ਰਧਾਨ ਸ੍ਰ. ਜਗਮੀਤ ਸਿੰਘ ਅਤੇ ਸਿੱਖ ਖੋਜ ਸੰਸਥਾ ਦੇ ਸਾਬਕਾ ਪ੍ਰਬੰਧਕੀ ਮੁਖੀ ਹਰਿੰਦਰ ਸਿੰਘ ਅੱਜ ਬਰਤਾਨੀਆ ਦੇ ਦੌਰੇ ‘ਤੇ ਆਏ ਹਨ।
ਉਹ ਅਕਾਲ ਤਖਤ ਸਾਹਿਬ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਵਾਉਣ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਹੋਂਦ ਹਸਤੀ ਨਾਲ ਸਬੰਧਿਤ ਮਾਮਲਿਆਂ ‘ਤੇ ਚਰਚਾ ਕਰਨ ਲਈ ਅੰਤਰਰਾਸ਼ਟਰੀ ਮੁਹਿੰਮ ਨੂੰ ਸ਼ੁਰੂ ਕਰਨ ਮੌਕੇ ਸਮਾਗਮ ਵਿੱਚ ਹਿੱਸਾ ਲੈਣਗੇ।
ਬੀਬੀ ਗੁਰਪ੍ਰੀਤ ਕੌਰ ਇਹ ਜਾਣਕਾਰੀ ਸਿੱਖ ਸਿਆਸਤ ਨੂੰ ਭੇਜੇ ਲਿਖਤੀ ਬਿਆਨ ਰਾਹੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨਾਲ ਦੁਨੀਆਂ ਭਰ ਦੇ ਸਿੱਖਾਂ ਦੇ ਮਨਾਂ ਨੂੰ ਦੁੱਖ ਪੁਜਾ ਹੈ ਅਤੇ ਇਸ ਨਾਲ ਸਿੱਖਾਂ ਵਿੱਚ ਭਰਵੀ ਬਹਿਸ ਛਿੜੀ ਹੋਈ ਹੈ। ਇਨਾਂ ਘਟਨਾਵਾਂ ਅਤੇ ਹੋਰ ਕੌਮੀ ਮੁੱਦਿਆਂ ‘ਤੇ ਵਿਚਾਰ ਕਰਨ ਲਈ ਉਹ ਬਰਤਾਨੀਆਂ, ਕੈਨੇਡਾ, ਫਰਾਂਸ, ਆਸਟਰੇਲੀਆ ਅਤੇ ਸਿੰਘਾਂਪੁਰ ਦੇਸ਼ਾਂ ਦਾ ਦੌਰਾ ਕਰਨਗੇ।
ਇਸ ਬਾਰੇ ਗੱਲ ਕਰਦਿਆਂ ਸ੍ਰ. ਜਗਮੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਵਾਉਣਾ ਬਹੁਤ ਜਰੂਰੀ ਹੈ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਸ ਮੁਹਿੰਮ ਦਾ ਹਿੱਸਾ ਬਣ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਬਰਤਾਨੀਆ ਇਸ ਮਾਮਲੇ ‘ਤੇ ਗੱਲ ਕਰਨ ਲਈ ਵਧੀਆ ਜਗ੍ਹਾ ਹੈ, ਕਿਉਂਕਿ ਬਰਤਾਨੀਆ ਵਿੱਚ ਸਿੱਖਾਂ ਨੇ ਚੰਗਾ ਨਾਮਣਾ ਖੱਟਿਆ ਹੈ।ਸਿੱਖਾਂ ਦੇ ਕੌਮੀ ਭਵਿੱਖ ਲਈ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਮੁਹਿੰਮ ਦੀ ਸ਼ੁਰੂਆਤ ਕਰਨਾ ਵਧੀਆ ਉੱਦਮ ਹੈ।
ਦੁਨੀਆਂ ਭਰ ਦੇ ਸਿੱਖ ਆਪਣੀ ਮਾਂ ਧਰਤੀ ਪੰਜਾਬ ਦੀ ਮੌਜੂਦਾ ਹਾਲਤ ਬਾਰੇ ਫਿਕਰਮੰਦ ਹਨ।ਭਾਵੇਂ ਸਿੱਖਾਂ ਨੇ ਦੁਨੀਆਂ ਭਰ ਵਿੱਚ ਹਰ ਪਾਸੇ ਵੱਡੀਆਂ ਮੱਲਾਂ ਮਾਰੀਆਂ ਅਤੇ ਨਾਂਅ ਕਮਾਇਆ, ਪਰ ਕੌਮ ਅਜੇ ਵੀ ਆਪਣੀ ਖੁਦਮੁਖਤਿਆਰੀ ਸੱਤਾ ਤੋਂ ਵਾਂਝੀ ਹੈ।
ਸ੍ਰ. ਹਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੀ ਕੌਮ ਦੀ ਹੋਂਦ ਹਸਤੀ ‘ਤੇ ਖਤਰਿਆਂ ਦੇ ਬੱਦਲ ਛਾਏ ਹੋਏ ਹਨ ਅਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਇਨ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ।ਅਸੀਂ ਇਨ੍ਹਾਂ ਦਾ ਮੁਕਾਬਲਾ ਕਰ ਸਕਦੇ ਹਾਂ ਜੇਕਰ ਅਸੀਂ ਇਕੱਠੇ ਹੋ ਕੇ ਹੰਭਲਾ ਮਾਰੀਏ।
ਉਨਾਂ ਕਿਹਾ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ, ਸਾਡੇ ਕੋਲ ਸਭ ਕੁਝ ਹੈ, ਸਾਧਨ ਹਨ, ਅਸੀਂ ਇੱਕ ਦੂਜੇ ਨਾਲ ਦੂਰ ਬੈਠਿਆਂ ਵੀ ਜੂੜ ਸਕਦੇ ਹਾਂ ਅਤੇ ਹਰ ਇੱਕ ਨੂੰ ਚਰਚਾ ਵਿੱਚ ਸ਼ਾਮਲ ਕਰਕੇ ਕੌਮ ਦੀ ਸਾਂਝੀ ਸਮਝ ਮੁਤਾਬਿਕ ਅਗਲੀ ਰਣਨੀਤੀ ਘੜ ਸਕਦੇ ਹਾਂ।ਸਾਡੇ ਕੋਲ ਇਹ ਇੱਕ ਮੌਕਾ ਹੈ ਅਤੇ ਸਾਨੂੰ ਇਸਤੋਂ ਲਾਭ ਉਠਾਉਣਾ ਚਾਹੀਦਾ ਹੈ।