April 23, 2016 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਕਾਂਗਰਸ ਪਾਰਟੀ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਬਰਖ਼ਾਸਤ ਕੀਤੇ ਜਾਣ ਉਪਰੰਤ ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾਉਣਗੇ, ਬਲਕਿ ਉਹ ਕਿਸੇ ਹਮਖ਼ਿਆਲੀ ਧਿਰ ਨਾਲ ਸਾਂਝ ਪਾਉਣਗੇ। ਇਸ ਤੋਂ ਇਲਾਵਾ ਉਹ ਕਾਂਗਰਸ ਅਤੇ ਅਕਾਲੀ ਦਲ ਦੀ ਹਾਰ ਯਕੀਨੀ ਬਣਾਉਣ ਲਈ ਪੰਜਾਬ ਦੀਆਂ ਬਾਕੀ ਹਮਖ਼ਿਆਲੀ ਰਾਜਸੀ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰਨ ਲਈ ਵੀ ਚਾਰਾਜੋਈ ਕਰਨਗੇ।
ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹ 21 ਮਈ ਨੂੰ ਚੱਪੜ-ਚਿੜੀ ਦੇ ਮੈਦਾਨ ‘ਚ ਪੰਜਾਬ ਦੇ ਉੱਜਲ ਭਵਿੱਖ ਲਈ ਕ੍ਰਾਂਤੀਕਾਰੀ ਪਾਰਟੀਆਂ ਦਾ ਇਕੱਠ ਕਰਨ ਜਾ ਰਹੇ ਹਨ । ਸਮਾਗਮ ‘ਚ ਹਮਿਖ਼ਆਲੀ ਪਾਰਟੀਆਂ ਨਾਲ ਮਿਲ ਕੇ ਪੰਜਾਬ ਦੇ ਭਵਿੱਖ ਦੀ ਗੱਲ ਕੀਤੀ ਜਾਵੇਗੀ।ਇਸ ਕਾਨਫਰੰਸ ਨੂੰ ‘ਸਦੀਵੀਂ ਅਮਨ ਤੇ ਸਰਬੱਤ ਦਾ ਭਲਾ ਕਾਨਫਰੰਸ’ ਦਾ ਨਾਂਅ ਦਿੱਤਾ ਗਿਆ ਹੈ ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਉਸ ਦਿਨ ਉਹ ਕੋਈ ਨਵੀਂ ਪਾਰਟੀ ਨਹੀਂ ਬਣਾਉਣਗੇ ।ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਹੁਣ ਕਾਂਗਰਸ ‘ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਪੰਜਾਬ ਅੰਦਰ ਕਾਂਗਰਸ ਦੀ ਦੁਰਦਸ਼ਾ ਲਈ ਉਨ੍ਹਾਂ ਸਿੱਧੇ ਤੌਰ ‘ਤੇ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ।
ਬਰਾੜ ਨੇ ਦੋਸ਼ ਲਾਇਆ ਕਿ ਕੈਪਟਨ ਨੇ ਹਾਈਕਮਾਂਡ ਨੂੰ ਗੁੰਮਰਾਹ ਕਰਕੇ ਉਸ ਨੂੰ ਬਰਖ਼ਾਸਤ ਕਰਵਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵੱਖਰੀ ਪਾਰਟੀ ਨਹੀਂ ਬਣਾ ਰਹੇ। ਉਨ੍ਹਾਂ ਦਾ ਤਰਕ ਸੀ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਪੰਜਾਬ ਵਾਸੀਆਂ ਦਾ ਖਹਿੜਾ ਛੁਡਵਾਉਣਾ ਹੀ ਹੁਣ ਉਨ੍ਹਾਂ ਦਾ ਮੁੱਖ ਮਨੋਰਥ ਹੈ, ਜਿਸ ਲਈ ਉਹ ਇਨ੍ਹਾਂ ਦੋਵਾਂ ਧਿਰਾਂ ਖ਼ਿਲਾਫ਼ ਬਾਕੀ ਸਾਰੀਆਂ ਹਮਖ਼ਿਆਲੀ ਧਿਰਾਂ ਨੂੰ ਇਕੱਠੀਆਂ ਕਰਨ ਦਾ ਤਹੱਈਆ ਕਰਨਗੇ।
Related Topics: Jagmeet Singh Brar, Punjab Politics