November 24, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਪਾਕਿਸਤਨ ਵਲੋਂ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਵੀ ਪਤਨੀ ਅਤੇ ਮਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਆਈਆਂ ਖ਼ਬਰਾਂ ਤੋਂ ਬਾਅਦ ਭਾਰਤ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਲਈ ਪਾਕਿਸਤਾਨ ਦੌਰੇ ਸਮੇਂ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੇ ਜਾਧਵ ਦੀ ਮਾਂ ਅਤੇ ਪਤਨੀ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਮਿਲਣ ਪਾਕਿਸਤਾਨ ਜਾਂਦੇ ਹਨ ਤਾਂ ਪਾਕਿਸਤਾਨੀ ਏਜੰਸੀਆਂ ਜਾਧਵ ਦੀ ਭਾਰਤੀ ਨੇਵੀ ਵਿਚ ਨੌਕਰੀ ਜਾਂ ਉਸਦੇ ਕਾਰੋਬਾਰ ਬਾਰੇ ਉਨ੍ਹਾਂ ਨੂੰ ਕੁਝ ਵੀ ਪੁੱਛਗਿੱਛ ਨਾ ਕਰਨ ਦੀ ਗਾਰੰਟੀ ਦੇਣ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਕਤ ਦੋਵਾਂ ਔਰਤਾਂ ਦੇ ਪਾਕਿਸਤਾਨ ਦੌਰੇ ਦੌਰਾਨ ਉਥੇ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਕੂਟਨੀਤਕ ਅਧਿਕਾਰੀ ਨੂੰ ਉਨ੍ਹਾਂ ਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਥੋਂ ਤੱਕ ਕਿ ਜਾਧਵ ਨਾਲ ਮੁਲਾਕਤ ਦੌਰਾਨ ਵੀ ਉਹ ਉਨ੍ਹਾਂ ਦੇ ਨਾਲ ਹੋਵੇ। ਭਾਰਤੀ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਨੇ ਹੀ ਜਾਧਵ ਦੇ ਪਤਨੀ ਅਤੇ ਮਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦੀ ਪੇਸ਼ਕਸ਼ ਕੀਤੀ ਹੈ ਅਤੇ ਹੁਣ ਉਸ ਨੂੰ ਕੌਮਾਂਤਰੀ ਸਮਝੌਤੇ ‘ਵਿਆਨਾ ਸਮਝੌਤੇ’ ਦੀਆਂ ਉਲੰਘਣਾ ਨਹੀਂ ਕਰਨੀ ਚਾਹੀਦੀ।
ਸਬੰਧਤ ਖ਼ਬਰ:
ਕੁਲਭੂਸ਼ਣ ਜਾਧਵ: ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ‘ਚ ਕਿਹਾ; ਭਾਰਤ ‘ਡਿਪਲੋਮੈਟਿਕ ਡਰਾਮਾ’ ਕਰ ਰਿਹਾ ਹੈ …
ਭਾਰਤੀ ਅਧਿਕਾਰੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਕਤ ਦੋਵੇਂ ਔਰਤਾਂ ਦੇ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਸਾਡੇ ਮੁਤਾਬਕ ਸੁਵਿਧਾਵਾਂ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਬੀਤੀ 10 ਨਵੰਬਰ ਨੂੰ ਪਾਕਿਸਤਾਨ ਨੇ ਭਾਰਤੀ ਜਾਸੂਸ ਅਤੇ ਸਾਬਕਾ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਉਸ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤੀ ਅਧਿਕਾਰੀ ਆਪਣੇ ਜਾਸੂਸ ਦੇ ਮਾਮਲੇ ‘ਚ ਜਿਨ੍ਹਾਂ ਕੌਮਾਂਤਰੀ ਕਾਨੂੰਨਾਂ ਅਤੇ ਮਨੁੱਖਤਾ ਦੀਆਂ ਦੁਹਾਈਆਂ ਦਿੰਦੇ ਹਨ ਉਹ ਆਪਣੇ ਉੱਤੇ ਲਾਗੂ ਨਹੀਂ ਕਰਦੇ।
Related Topics: Indian Home Ministry, Indian Satae, Indian Spy, Kulbhushan Jadhav, Pakistan India Relations, RAW