April 29, 2017 | By ਸਿੱਖ ਸਿਆਸਤ ਬਿਊਰੋ
ਜੈਪੁਰ: ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ‘ਚ ਇਕ ਦਲਿਤ ਲਾੜੇ ਨੂੰ ਘੋੜੀ ਚੜ੍ਹਨ ਕਾਰਨ ਉਸਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਉਦੈਪੁਰ ਦੇ ਘਾਸਾ ਥਾਣੇ ‘ਚ ਦਲਿਤ ਲਾੜੇ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੁਲਿਸ ਨੇ ਚਾਰ ਦੋਸ਼ੀਆਂ ਖਿਲਾਫ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਦੈਪੁਰ ਦੇ ਪਿੰਡ ਝਾਲੋ ਕਾ ਢਾਣਾ ‘ਚ ਵੀਰਵਾਰ ਰਾਤ ਨੂੰ ਦਲਿਤ ਲਾੜੇ ਕੈਲਾਸ਼ ਮੇਘਵਾਲ (25) ਦੀ ਬਰਾਤ ਜਾ ਰਹੀ ਸੀ। ਉਸੇ ਦੌਰਾਨ ਕੁਝ ਬੰਦਿਆਂ ਨੇ ਡਾਂਗਾਂ, ਤੇਜ਼ਧਾਰ ਹਤਿਆਰਾਂ, ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਅਤੇ ਲਾੜੇ ਮੇਘਵਾਲ ਨੂੰ ਘੋੜੀ ਤੋਂ ਲਾਹ ਕੇ ਉਸਨੂੰ ਕੁੱਟ ਦਿੱਤਾ।
ਪੁਲਿਸ ‘ਚ ਦਰਜ ਸ਼ਿਕਾਇਤ ‘ਚ ਕੈਲਾਸ਼ ਮੇਘਵਾਲ ਨੇ ਦੱਸਿਆ ਕਿ ਰਾਜਪੂਤ ਬਹੁਗਿਣਤੀ ਵਾਲੇ ਇਲਾਕੇ ‘ਚ ਦਲਿਤਾਂ ਨੂੰ ਘੋੜੀ ‘ਤੇ ਚੜ੍ਹਨ ਦਾ ਹੱਕ ਨਹੀਂ ਦਿੱਤਾ ਜਾਂਦਾ। ਲਾੜੇ ਦੇ ਸਿਰ ਅਤੇ ਸਰੀਰ ‘ਤੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਕਈ ਟਾਂਕੇ ਵੀ ਲੱਗੇ ਹਨ।
ਥਾਣਾ ਘਾਸਾ ਦੇ ਐਸ.ਐਚ.ਓ. ਰਮੇਸ਼ ਕਾਵਿਆ ਨੇ ਦੱਸਿਆ ਕਿ ਦਰਜ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਕਾਲੂ ਸਿੰਘ, ਨੇਪਾਲ ਸਿੰਘ, ਰਾਜੇਂਦਰ ਸਿੰਘ ਅਤੇ ਕਿਸ਼ਨ ਸਿੰਘ ਦੇ ਖਿਲਾਫ ਐਸ.ਸੀ./ਐਸ.ਟੀ. ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਇਲਾਕੇ ‘ਚ ਵਾਧੂ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ।
ਸਬੰਧਤ ਖ਼ਬਰ:
ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲਕੇ ਨਾਗਪੁਰ ਵਿੱਚ ਸ਼ਾਂਤੀ ਮਾਰਚ ਕੱਢਿਆ
Related Topics: Atrocities on Dalits in India, Dalits in Rajasthan, Dalits of India, Indian Satae