May 27, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਨੌਕਰਾਂ ਰਾਹੀਂ ਰੇਤ ਬਜਰੀ ਦੀਆਂ ਖੱਡਾਂ ਦੇ ਬੇਨਾਮੀ ਠੇਕੇ ਲੈਣ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸੋਮਵਾਰ, 29 ਮਈ 2017 ਤੱਕ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁਦੇ ਤੋਂ ਹਟਾਉਣ, ਜੇਕਰ ਮੁੱਖ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਵਿਰੋਧੀ ਧਿਰ ਦੇ ਆਗੂ ਐਚ.ਐਸ ਫੂਲਕਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਤੋਂ ਮੁੱਖ ਮੰਤਰੀ ਦੀ ਸਰਕਾਰ ਰਿਹਾਇਸ਼ ਤੱਕ ਰੋਸ਼ ਮਾਰਚ ਕਰਨਗੇ।
ਸ਼ੁਕਰਵਾਰ ਨੂੰ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਅਤੇ ਪਿਛਲੀ ਬਾਦਲ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਵਲੋਂ ਕੀਤੇ ਗਏ ਅਜਿਹੇ ਬੇਨਾਮੀ ਅਤੇ ਨਜਾਇਜ਼ ਕਾਰੋਬਾਰ ਦੀ ਸਮਾਂਬੱਧ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਫੂਲਕਾ ਨੇ ਕਿਹਾ ਕਿ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਵੱਲੋਂ ਸਰਕਾਰੀ ਕਾਰੋਬਾਰ ਅਤੇ ਰੇਤਾ-ਬਜਰੀ ਸਮੇਤ ਹੋਰ ਠੇਕੇ ਬੇਨਾਮੀ ਲੈਣ ਦੀ ਗੈਰ ਕਾਨੂੰਨੀ ਰਿਵਾਇਤ ਲੋਕਤੰਤਰ ਲਈ ਖਤਰਾ ਹੈ। ਫੂਲਕਾ ਨੇ ਯਾਦ ਕਰਵਾਇਆ ਕਿ ਪਿਛਲੀ ਬਾਦਲ-ਭਾਜਪਾ ਸਰਕਾਰ ਵਿੱਚ ਇਹ ਵਰਤਾਰਾ ਆਮ ਰਿਹਾ ਹੈ। ਉਸ ਵੇਲੇ ਵਿਰੋਧੀ ਧਿਰ ਵਜੋਂ ਤੁਸੀਂ (ਕੈਪਟਨ ਅਮਰਿੰਦਰ ਸਿੰਘ) ਵੀ ਬਾਦਲ-ਭਾਜਪਾ ਆਗੂਆਂ ਰਾਹੀਂ ਰੇਤਾ-ਬਜਰੀ ਅਤੇ ਹੋਰ ਠੇਕਿਆਂ ਉਪਰ ਕੀਤੇ ਨਜਾਇਜ਼ ਕਬਜ਼ਿਆਂ ਦੀ ਨਿਖੇਧੀ ਕਰਦੇ ਰਹੇ ਹੋ। ਪਰ ਹੁਣ ਤੁਹਾਡੀ ਸਰਕਾਰ ਦੇ ਮੰਤਰੀ ਵਲੋਂ ਆਪਣੇ ਰਸੋਈਏ ਅਤੇ ਹੋਰ ਨਿੱਜੀ ਨੌਕਰਾਂ ਰਾਹੀਂ ਬੇਨਾਮੀ ਠੇਕੇ ਲੈਣ ਦਾ ਜੋ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਇਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਫੂਲਕਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਪਰਿਵਾਰਿਕ ਕੰਪਨੀ ਵੱਲੋਂ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਵੇਚ ਕੇ ‘ਕਨਫਲਿਕਟ ਆਫ ਇਨਟਰਸਟ’ ਦੀ ਉਲੰਘਣਾ ਪਹਿਲਾਂ ਹੀ ਤੁਹਾਡੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਰਾਣਾ ਗੁਰਜੀਤ ਸਿੰਘ ਦਾ ਹੌਂਸਲਾ ਇੰਨਾ ਵੱਧ ਗਿਆ ਹੈ ਕਿ ਉਸਨੇ ਬੇਨਾਮੀ ਰੇਤਾ ਬਜਰੀ ਠੇਕੇ ਲੈਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਜੇਬਾਂ, ਸਰਕਾਰੀ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਦੀ ਜੋ ਰਿਵਾਇਤ ਪਿਛਲੀ ਬਾਦਲ-ਭਾਜਪਾ ਸਰਕਾਰ ਨੇ ਚਲਾਈ ਹੋਈ ਸੀ, ਉਸ ਨੂੰ ਤੁਹਾਡੀ (ਕਾਂਗਰਸ) ਸਰਕਾਰ ਦੇ ਮੰਤਰੀਆਂ ਵੱਲੋਂ ਜਿਸ ਬੇਰਹਿਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਇਹ ਬੇਹੱਦ ਚਿੰਤਾਜਨਕ ਅਤੇ ਮੰਦਭਾਗਾ ਵਰਤਾਰਾ ਹੈ। ਆਮ ਆਦਮੀ ਪਾਰਟੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਅਜਿਹੇ ਨਜਾਇਜ਼ ਕਾਰੋਬਾਰਾਂ ਵਿਰੁੱਧ ਸਾਡੀ ਪਾਰਟੀ ਸਦਨ ਤੋਂ ਲੈ ਕੇ ਸੜਕ ਤੱਕ ਸੰਘਰਸ਼ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰੇਗੀ। ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਰਾਜਪਾਲ ਦੇ ਭਾਸ਼ਣ ਪੰਨਾ ਨੰਬਰ- 5 ਅਤੇ ਪੈਰਾ ਨੰਬਰ 12-ਸੀ ਵਿਚ ਸਰਕਾਰ ਨੇ ਸਦਨ ਰਾਹੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਮੰਤਰੀ ਸਰਕਾਰੀ ਕਾਰੋਬਾਰ (ਕਨਫਲਿਕਟ ਆਫ ਇਨਟਰਸਟ) ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਨੂੰ ਅਹੁੱਦੇ ਤੋਂ ਹਟਾ ਦਿੱਤਾ ਜਾਵੇਗਾ। ਇਸ ਲਈ ਕੈਪਟਨ ਅਮਰਿੰਦ ਸਿੰਘ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁੱਦੇ ਤੋਂ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ। ਫੂਲਕਾ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਮਾਫੀਆ ਮੁਕਤ ਸੂਬਾ ਬਣਾਉਣ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣਗੇ।
Related Topics: Aam Aadmi Party, Advocate Harwinder Singh Phoolka, Congress Government in Punjab 2017-2022, corruption, Punjab Politics, Rana Gurjit Singh