June 10, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਾਲ 2014 ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਹੁਣ ਹਰਿਆਣਾ ਕਮੇਟੀ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਅੱਜ ਜਨਤਾ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਅੱਜ (10 ਜੂਨ, 2017) ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਝੀਂਡਾ ਨੇ ਦੱਸਿਆ ਕਿ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਆਇਆ ਅਕਾਲੀ ਦਲ ਪੂਰੀ ਤਰ੍ਹਾਂ ਸਿੱਖੀ ਸਿਧਾਤਾਂ ਤੇ ਧਰਮ ਦੇ ਕੁੰਡੇ ਤੋਂ ਦੂਰ ਹੋ ਚੁੱਕਾ ਹੈ ਅਤੇ ਜਿਤਨਾ ਨਿਘਾਰ ਸਿੱਖ ਸਿਆਸਤ ਵਿੱਚ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਿੱਚ ਆਇਆ ਐਨਾ ਪਹਿਲਾਂ ਕਦੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜਨਤਾ ਅਕਾਲੀ ਦਲ ਪੂਰੀ ਤਰ੍ਹਾਂ ਜਨਤਾ ਦੁਆਰਾ, ਜਨਤਾ ਲਈ ਅਤੇ ਜਨਤਾ ਦਾ ਹੋਵੇਗਾ ਜਿਸਦੇ ਸਰਪ੍ਰਸਤ ਸ. ਅਵਤਾਰ ਸਿੰਘ ਚੱਕੂ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨਰੂਲਾ, ਜਨਰਲ ਸਕੱਤਰ ਜੋਗਾ ਸਿੰਘ ਯਮੁਨਾ ਨਗਰ ਤੇ ਖਜ਼ਾਨਚੀ ਅਮਨਦੀਪ ਸਿੰਘ ਗਿੱਲ ਕਰਨਾਲ ਬਣਾਏ ਗਏ ਹਨ।
ਮੀਡੀਆ ਨਾਲ ਗੱਲ ਕਰਦਿਆਂ ਸ. ਝੀਂਡਾ ਨੇ ਦੱਸਿਆ ਕਿ ਸਾਡਾ ਉਦੇਸ਼ ਹੈ ਕਿ ਪਾਰਟੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਦਰਸਾਏ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਧਰਮ ਦੇ ਕੁੰਡੇ ਅਧੀਨ ਹੀ ਵਿਚਰੇ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਮੁਚੀ ਮਨੁਖਤਾ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਕੇਂਦਰੀ ਅਸਥਾਨ ਵਜੋਂ ਵੇਖਦੀ ਤੇ ਸਤਿਕਾਰਦੀ ਹੈ। ਸ. ਝੀਂਡਾ ਨੇ ਦੱਸਿਆ ਕਿ ਜਨਤਾ ਅਕਾਲੀ ਦਲ ਇਕੱਲੇ ਹਰਿਆਣਾ ਰਾਜ ਤੀਕ ਹੀ ਸੀਮਤ ਨਹੀਂ ਹੈ ਬਲਕਿ ਹਿੰਦੁਸਤਾਨ ਦੇ 11 ਸੂਬਿਆਂ ਤੇ ਵਿਸ਼ਵ ਦੇ 10 ਦੇਸ਼ਾਂ ਵਿੱਚ ਕੰਮ ਕਰੇਗਾ। ਦਲ ਦਾ ਮੁੱਖ ਦਫਤਰ ਦਿੱਲੀ ਵਿੱਚ ਹੋਵੇਗਾ ਅਤੇ ਸਬ ਆਫਿਸ ਚੰਡੀਗੜ੍ਹ ਵਿਖੇ ਇਸ ਸਭ ਦੇ ਬਾਵਜੂਦ ਪਾਰਟੀ ਮਹਿਸੂਸ ਕਰਦੀ ਹੈ ਕਿ ਸਾਡਾ ਪਿੰਡ ਸਾਡਾ ਰਾਜ ਹੈ ਤੇ ਸਾਡਾ ਸ਼ਹਿਰ ਸਾਡੀ ਸਰਕਾਰ। ਦਲ ਭਾਵੇਂ ਇੱਕ ਸਿਆਸੀ ਪਾਰਟੀ ਹੈ ਤੇ ਇਸਨੇ ਸਮਾਜ ਦੇ ਹਰ ਵਰਗ ਪਾਸੋਂ ਵੋਟਾਂ ਲੈਣੀਆਂ ਹਨ ਪਰ ਇਹ ਯਕੀਨੀ ਬਣਾਇਆ ਜਾਏਗਾ ਕਿ ਪਾਰਟੀ ਦੇ ਪ੍ਰਮੁਖ ਅਹੁੱਦੇਦਾਰ ਅੰਮ੍ਰਿਤਧਾਰੀ ਹੋਣ।
ਦਲ ਦਾ ਇਕ ਵੱਖਰਾ ਧਾਰਮਿਕ ਵਿੰਗ ਬਣਾਇਆ ਗਿਆ ਜੋ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹੇਗਾ ਅਤੇ ਬਾਬਾ ਜੋਗਾ ਸਿੰਘ ਕਰਨਾਲ ਇਸਦੇ ਮੁਖੀ ਹੋਣਗੇ। ਝੀਂਡਾ ਨੇ ਯਕੀਨ ਦਿਵਾਇਆ ਕਿ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਨਤਾ ਅਕਾਲੀ ਦਲ ਦੇ ਪ੍ਰਧਾਨ, ਦੋਨਾਂ ਵਿੱਚੋਂ ਇੱਕ ਹੀ ਅੱਹੁਦੇ ‘ਤੇ ਰਹਿਣਗੇ ਅਤੇ ਇਹ ਫੈਸਲਾ ਪਾਰਟੀ ਦੀ 1 ਅਗਸਤ 2017 ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ ਕਿ ਉਹ ਕਿਸ ਅਹੁੱਦੇ ‘ਤੇ ਬਣੇ ਰਹਿਣ। ਇਸ ਮੌਕੇ ਸ. ਝੀਂਡਾ ਨੇ ਐਲਾਨ ਕੀਤਾ ਕਿ ਪਾਰਟੀ ਹਰਿਆਣਾ, ਹਿਮਾਚਲ, ਚੰਡੀਗੜ੍ਹ, ਪੰਜਾਬ, ਉਤਰਾਖੰਡ, ਦਿੱਲੀ, ਮੱਧਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ ਤੇ ਜੰਮੂ ਕਸ਼ਮੀਰ ਵਿੱਚ ਕੰਮ ਕਰਨ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ, ਫਰਾਂਸ, ਜਰਮਨੀ, ਇਟਲੀ, ਨਿਊਜੀਲੈਂਡ, ਸਿੰਘਾਪੁਰ ਅਤੇ ਸਪੇਨ ਵਿੱਚ ਵੀ ਆਪਣੀ ਇਕਾਈ ਕਾਇਮ ਕਰੇਗੀ। ਪਾਰਟੀ ਸਾਲ 2017 ਦੀ ਹਿਮਾਚਲ ਵਿਧਾਨ ਸਭਾ ਲਈ ਹੋਣ ਵਾਲੀ ਚੋਣ ਵਿੱਚ ਸਥਾਨਕ ਮੁੱਦਿਆਂ ਨੂੰ ਅਧਾਰ ਬਣਾਕੇ ਚੋਣ ਲੜੇਗੀ। ਪਾਰਟੀ ਦਾ ਇੱਕੀ ਨੁਕਾਤੀ ਏਜੰਡਾ ਰਲੀਜ਼ ਕਰਦਿਆਂ ਕਿਹਾ ਕਿ ਅੰਦੋਲਨ ਕਰਦਿਆਂ ਮਾਰੇ ਗਏ ਕਿਸਾਨ ਸਾਡੇ ਲਈ “ਸ਼ਹੀਦ” ਹਨ।
ਸਬੰਧਤ ਖ਼ਬਰ:
ਜਗਦੀਸ਼ ਸਿੰਘ ਝੀਂਡਾ 14 ਜੁਲਾਈ ਤਕ ਸਰਬ ਸੰਮਤੀ ਨਾਲ ਮੁੜ ਹਰਿਆਣਾ ਕਮੇਟੀ ਦੇ ਪ੍ਰਧਾਨ ਬਣੇ …
Related Topics: HSGPC, Jagdish Singh Jhinda, Janta Akali Dal, Sikhs in Haryana