February 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਓਹਾਰ ਦੌਰਾਨ ਖਿੱਚ ਦਾ ਕੇਂਦਰ ਬਣਦੀ ਘੋੜ ਦੌੜ ’ਤੇ ਇਸ ਵਾਰ ‘ਗਲਾਂਡਰਜ਼’ ਨਾਂ ਦੀ ਘਾਤਕ ਬਿਮਾਰੀ ਦੇ ਬੱਦਲ ਮੰਡਰਾ ਰਹੇ ਹਨ।ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਸਲਾਹ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਇਸ ਘਾਤਕ ਬਿਮਾਰੀ ਕਰਕੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਅਤੇ ਇਸ ਵਾਰ ਘੋੜ ਦੌੜ ਹੋਣ ’ਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਹੈ।
ਦੱਸਣਯੋਗ ਹੈ ਕਿ ‘ਗਲਾਂਡਰਜ਼’ ਨਾਂ ਦੀ ਬਿਮਾਰੀ ਮੁੱਖ ਤੌਰ ’ਤੇ ਘੋੜਿਆਂ ਨੂੰ ਹੀ ਹੁੰਦੀ ਹੈ। ਇਸ ਬਿਮਾਰੀ ਨਾਲ ਸਬੰਧਿਤ ਦੋ ਕੇਸ ਦਸੰਬਰ 2015 ਵਿੱਚ ਸਾਹਮਣੇ ਆਏ ਸਨ। ਰਾਜਸਥਾਨ ਵਿੱਚ ਅਜਿਹੇ ਕੁਝ ਕੇਸ ਸਾਹਮਣੇ ਆਉਣ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਹੋਏ ਕੌਮਾਂਤਰੀ ਪੁਸ਼ਕਰ ਪਸ਼ੂ ਮੇਲੇ ਵਿੱਚ ਵੀ ਘੋੜਿਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸੇ ਕਰਕੇ ਬੀਤੇ ਦਿਨੀਂ ਹੋਈਆਂ ਕਿਲਾ ਰਾਏਪੁਰ ਖੇਡਾਂ ਵਿੱਚ ਵੀ ਘੋੜਿਆਂ ਦੀ ਦੌੜ ਨਹੀਂ ਹੋ ਸਕੀ ਸੀ। ਦਿੱਲੀ ’ਚ ਵੀ ਪਿਛਲੇ ਮਹੀਨੇ 40 ਘੋੜਿਆਂ ਨੂੰ ‘ਗਲਾਂਡਰਜ਼’ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਕੇਂਦਰੀ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਹੀ ਕਾਰਨ ਹੈ ਕਿ ਨਿਹੰਗ ਸਿੰਘਾਂ ਦੇ ਘੋੜਿਆਂ ਨੂੰ ਰੋਕਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਵੀ ਹੈ ਕਿਉਂਕਿ ਇਸਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਿਹਾ ਕਿ ਉਹ ਸੂਬਾ ਪੱਧਰ ਤੋਂ ਘੋੜਿਆਂ ਦੀ ਜਾਂਚ ਲਈ ਤਕਨੀਕੀ ਟੀਮਾਂ ਮੰਗਵਾ ਰਹੇ ਹਨ। ਨਾਲ ਹੀ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਨਾਲ ਵੀ ਸ਼ਨਿਚਰਵਾਰ ਨੂੰ ਇਸ ਮਸਲੇ ’ਤੇ ਵਿਸ਼ੇਸ਼ ਬੈਠਕ ਕਰਨਗੇ।
ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ 96ਵੇਂ ਕਰੋੜੀ ਦੇ ਮੁਖੀ ਬਾਬਾ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਤੇ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਘੋੜਿਆਂ ਦੇ ਪੜਾਅ ਹਨ ਉੱਥੇ ਸਰਕਾਰੀ ਵਿਸ਼ੇਸ਼ ਟੀਮਾਂ ਭੇਜ ਕੇ ਉਨ੍ਹਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਤੰਦਰੁਸਤ ਘੋੜਿਆਂ ਨੂੰ ਹੋਲੇ-ਮਹੱਲੇ ਵਿੱਚ ਹਿੱਸਾ ਲੈਣ ਦਿੱਤਾ ਜਾਵੇ।
ਹੋਲੇ ਮਹੱਲੇ ਮੌਕੇ ਘੋੜ ਦੌੜ ਦੀ ਤਸਵੀਰ।
Related Topics: Hola, Hola Mohalla