May 16, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ( 15 ਮਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਨਾਲ ਨਾਲ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖ ਦੇ ਹੋਏ ਕਤਲੇਆਮ ਤੋਂ ਬਾਅਦ ਉਨ੍ਹਾਂ ਦੇ ਖੰਡਰ ਬਣੇ ਘਰਾਂ/ ਮਕਾਨਾਂ ਨੂੰ ਸਾਜਿਸ ਅਧੀਨ ਢਾਹ ਕੇ ਕਤਲੇਅਾਮ ਨਾਲ ਸਬੰਧਤ ਸਬੂਤ ਨਸ਼ਟ ਕੀਤੇ ਜਾ ਰਹੇ ਹਨ।
ਸਿੱਖ ਕਤਲੇਆਮ ਦੇ ਮੂਕ ਗਵਾਹ ਇਨ੍ਹਾਂ ਖੰਡਰ ਬਣੇ ਮਕਾਨਾਂ ਬਾਰੇ ਅਫਵਾਹ ਫੈਲਾਈ ਗਈ ਹੈ ਕਿ ਨੱਥੂ ਰਾਮ ਨਾਂ ਦੇ ਵਿਅਕਤੀ ਵੱਲੋਂ ਜੇਸੀਬੀ ਨਾਲ ਕਰਵਾੲੀ ਪੁਟਾੲੀ ਦੌਰਾਨ ਉਸਨੂੰ ਉੱਥੋਂ ਸੋਨੇ ਦੇ ਸਿੱਕੇ ਮਿਲੇ ਹਨ। ਬੱਸ ਇਹ ਖ਼ਬਰ ਫੈਲਣ ਦੀ ਦੇਰ ਸੀ ਕਿ ਪਿੰਡ ਦੇ ਹੋਰ ਲੋਕਾਂ ਨੇ ਵੀ ਵੇਖਾ-ਵੇਖੀ ਖੰਡਰ ਬਣੇ ਸਿੱਖਾਂ ਦੇ ਇਨ੍ਹਾਂ ਘਰਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ।
ਚਸ਼ਮਦੀਦ ਗਵਾਹ ਗੁਰਮੀਤ ਸਿੰਘ ਪਟੌਦੀ ਅਨੁਸਾਰ ਨੱਥੂ ਰਾਮ ਨੂੰ ਤਿੰਨ ਚਾਰ ਤਾਂਬੇ ਦੇ ਘੜੇ ਸੋਨੇ ਦੀਆਂ ਮੋਹਰਾਂ ਨਾਲ ਭਰੇ ਮਿਲੇ ਹਨ, ਜਿਹੜੇ ਅੰਗਰੇਜ਼ਾਂ ਦੇ ਰਾਜ ਸਮੇਂ ਦੇ ਦੱਸੇ ਜਾਂਦੇ ਹਨ। ਇਸ ਕਾਰਨ ਪਿੰਡ ਦੇ ਹੋਰ ਲੋਕਾਂ ਨੇ ਵੀ ਖੰਡਰ ਬਣੇ ਘਰਾਂ ਦੀ ਖੁਦਾੲੀ ਸ਼ੁਰੂ ਕਰ ਦਿੱਤੀ ਹੈ।ਇਸ ਕਾਰਨ ਇਨ੍ਹਾਂ ਘਰਾਂ ਦੇ ਨਿਸ਼ਾਨ ਮਿਟਣ ਦੇ ਆਸਾਰ ਹਨ।
ਹੋਦ ਚਿੱਲੜ ਕਮੇਟੀ ਨੇ ਪਿੰਡ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਿੰਡ ਸਿੱਖ ਸਮਾਜ ਦੀ ਵਿਰਾਸਤ ਹੈ ਤੇ ਇਸ ਨੂੰ ਕਾਇਮ ਰੱਖਣ ਦੀ ਲੋੜ ਹੈ। ਜੇ ਖੰਡਰ ਹੋੲੇ ਘਰ ਡਿੱਗ ਗਏ ਤਾਂ ਪਿੰਡ ਦੀ ਹੋਂਦ ਹੀ ਮਿੱਟੀ ਵਿੱਚ ਰੁਲ ਜਾਵੇਗੀ।
Related Topics: Hond Chilar Massacre, Hond Chilar Sikh massacre, ਸਿੱਖ ਨਸਲਕੁਸ਼ੀ 1984 (Sikh Genocide 1984)