ਮੁਲਾਕਾਤਾਂ

ਭਾਈ ਜਗਤਾਰ ਸਿੰਘ ਹਵਾਰਾ ਨਾਲ ਇਕ ਇਤਿਹਾਸਕ ਮੁਲਾਕਾਤ; (ਮੁਲਾਕਾਤੀ: ਸ. ਕਰਮਜੀਤ ਸਿੰਘ ਚੰਡੀਗੜ੍ਹ)

January 29, 2010 | By

ਇਕ ਅਜਿਹਾ ਮੁਕੱਦਮਾ ਜਿਸ ਵਿਚ ਇਕ ਮੁੱਖ ਮੰਤਰੀ ਦਾ ਕਤਲ ਹੋਇਆ ਹੋਵੇ, ਜਿਹੜਾ ਮੁਕੱਦਮਾ 12 ਸਾਲ ਤੋਂ ਚਲ ਰਿਹਾ ਹੋਵੇ ਅਤੇ ਜਿਸ ਵਿਚ 500 ਤੋਂ ਉਪਰ ਗਵਾਹ ਰੱਖੇ ਗਏ ਹੋਣ, ਉਸ ਮੁਕੱਦਮੇ ਦੇ ਅੰਤਮ ਫੈਸਲੇ ਵਾਲੀਆਂ ਘੜੀਆਂ ਨੂੰ ਵੇਖਣ ਦਾ ਮੌਕਾ ਹਰ ਕਿਸੇ ਨੂੰ ਹਾਸਲ ਨਹੀਂ ਹੁੰਦਾ।

ਇਹ ਮੁਕੱਦਮਾ ਇਕ ਪਹਿਲੂ ਤੋਂ ਭਿਆਨਕ ਦਹਿਸ਼ਤਗਰਦੀ ਦੀ ਘਟਨਾ ਸੀ ਪਰ ਦਹਿਸ਼ਤਗਰਦੀ ਤੇ ਦਹਿਸ਼ਤਗਰਦ ਸ਼ਬਦਾਂ ਦੀ ਪ੍ਰੀਭਾਸ਼ਾ ਕਰਨ ਵਾਲੇ ਸਮਾਜ ਵਿਗਿਆਨੀ ਤੇ ਮਨੋਵਿਗਿਆਨੀ ਵੀ ਇਸ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਕਿ ਦਹਿਸ਼ਤਗਰਦੀ ਦਾ ਮੂਲ ਮਨੋਰਥ ਰਾਜਸੀ ਹੀ ਹੁੰਦਾ ਹੈ, ਇਸ ਲਈ ਇਸ ਪਹਿਲੂ ਤੋਂ ਮੁੱਖ ਮੰਤਰੀ ਸ. ਬੇਅੰਤ ਸਿੰਘ ਦਾ ਕਤਲ ਰਾਜਨੀਤਕ ਕਤਲ ਸੀ ਅਤੇ ਇੰਝ ਆਪਣੇ ਆਪ ਵਿਚ ਹੀ ਇਹ ਇਕ ਅਤੀ ਮਹੱਤਵਪੂਰਨ ਤੇ ਅਸਾਧਾਰਨ ਘਟਨਾ ਸੀ ਜਿਸ ਨੇ ਆਉਣ ਵਾਲੇ ਕਲ੍ਹ ਨੂੰ ਇਕ ਕੌਮ ਦੇ ਇਤਿਹਾਸ ਦਾ ਹਿੱਸਾ ਬਣ ਜਾਣਾ ਸੀ। ਇਸ ਲਈ ਪੱਤਰਕਾਰ ਬਰਾਦਰੀ ਵਿਚ ਇਹੋ ਜਿਹੇ ਮੁਕੱਦਮੇ ਦੇ ਫੈਸਲੇ ਸਮੇਂ ਹਾਜ਼ਰ ਹੋਣ ਦੀ ਤਮੰਨਾ ਤੇ ਦਿਲਚਸਪੀ ਸੁਭਾਵਕ ਹੀ ਹੁੰਦੀ ਹੈ। ਮਾਰਟਨ ਲਿੰਗਜ਼ ਉਰਫ਼ ਸਰਾਜੋਦੀਨ ਅਬੂ ਬੱਕਰ ਦੀ ਜਗਤ ਪ੍ਰਸਿੱਧ ਪੁਸਤਕ ‘ਐਟ ਅਲੈਵਨਥ ਆਵਰ’ (ਆਖ਼ਰੀ ਘੜੀਆਂ) ਦਾ ਵੀ ਮੇਰੇ ਉਤੇ ਕਿਸੇ ਨਾ ਕਿਸੇ ਰੂਪ ਵਿਚ ਡੂੰਘਾ ਪ੍ਰਭਾਵ ਸੀ ਕਿਉਂਕਿ ਇਹ ਦਾਰਸ਼ਨਿਕ ਕਿਤਾਬ ਆਖ਼ਰੀ ਪਲਾਂ ਦੇ ਦੀਦਾਰ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀ ਹੋਈ ਇਹ ਸੰਦੇਸ਼ ਦਿੰਦੀ ਹੈ ਕਿ ਇਹ ਆਖ਼ਰੀ ਪਲ ਕੌਮਾਂ ’ਤੇ ਵੀ ਆਉਂਦੇ ਹਨ ਅਤੇ ਵਿਅਕਤੀਆਂ ’ਤੇ ਵੀ ਆਇਦ ਹੁੰਦੇ ਹਨ, ਜਦੋਂ ਉਹ ਨਿਰਭਉ ਅਤੇ ਨਿਰਵੈਰ ਹੋ ਕੇ ਇਸ ਪਦਾਰਥਕ ਸੰਸਾਰ ਤੋਂ ਉਪਰ ਉਠਦੇ ਹਨ ਅਤੇ ਆਪਣੀ ਮੰਜ਼ਲ ਬਾਰੇ ਵੀ ਸਪੱਸ਼ਟ ਹੁੰਦੇ ਹਨ। ਮੈਂ ਦੇਖਣਾ ਚਾਹੁੰਦਾ ਸਾਂ ਕਿ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਇਨ੍ਹਾਂ ਆਖ਼ਰੀ ਪਲਾਂ ਵਿਚ ਕਿਵੇਂ ਨਜ਼ਰ ਆਉਂਦੇ ਪ੍ਰਤੀਤ ਹੁੰਦੇ ਹਨ। ਵੈਸੇ ਦਾਸਤੋਵਸਕੀ ਦੇ ਪਿਆਰੇ ਨਾਵਲ ‘ਈਡੀਅਟ’ ਦਾ ਇਕ ਪਾਤਰ ਵੀ ਆਖ਼ਰੀ ਪਲਾਂ ਦੀ ਸਥਿਤੀ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ। ਅਚੇਤ ਰੂਪ ਵਿਚ ਦਬੀਆਂ ਇਹ ਕਿਤਾਬਾਂ ਅਤੇ ਇਹੋ ਜਿਹੇ ਅਣਗਿਣਤ ਪਾਤਰ ਉਸ ਦਿਨ ਮੇਰੀ ਇੱਛਾ ਅਤੇ ਮੇਰੇ ਕਦਮਾਂ ਨੂੰ ਆਪ ਮੁਹਾਰੇ ਬੁੜ੍ਹੈਲ ਜੇਲ੍ਹ ਵੱਲ ਧੱਕ ਰਹੇ ਸਨ। ਪਰ ਮੁਸ਼ਕਿਲ ਇਹ ਸੀ ਕਿ ਫ਼ੈਸਲੇ ਵਾਲੇ ਦਿਨ ਮੀਡੀਆ ਉਤੇ ਇਕ ਅਣਐਲਾਨੀ ਪਾਬੰਦੀ ਦਸੀ ਗਈ ਸੀ। ਇਸ ਤਰ੍ਹਾਂ ਦੀ ਮੁਸ਼ਕਲ ਵਿਚ ਵੀ ਇਹ ਪੱਤਰਕਾਰ ਕਿਵੇਂ ਨਾ ਕਿਵੇਂ ਅਦਾਲਤ ਤਕ ਪਹੁੰਚਣ ਵਿਚ ਸਫ਼ਲ ਹੋਇਆ। ਅਦਾਲਤ ਅੰਦਰ ਉਕਤ ਇਤਿਹਾਸਕ ਫ਼ੈਸਲੇ ਨੂੰ ਸੁਣਾਏ ਜਾਣ ਵੇਲੇ ਮੈਂ ਸਿਰਫ਼ ਇਕੱਲਾ ਪੱਤਰਕਾਰ ਹੀ ਹਾਜ਼ਰ ਸਾਂ। ਪਰ ਪੁਲਿਸ ਅਫ਼ਸਰਾਂ ਨੇ ਮੇਰੀ ਉਹ ਡਾਇਰੀ ਖੋਹ ਲਈ ਜਿਸ ਵਿਚ ਇਸ ਨਾਲ ਸਬੰਧਤ ਕੁਝ ਨੋਟਸ ਲਏ ਗਏ ਸਨ। ਉਹ ਡਾਇਰੀ ਅਜੇ ਤੱਕ ਵਾਪਸ ਨਹੀਂ ਕੀਤੀ ਗਈ। ਫੈਸਲੇ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸੀ। ਬੁੜੈਲ ਜੇਲ੍ਹ ਤੋਂ ਕਰੀਬ ਡੇਢ ਫਰਲਾਂਗ ਦੀ ਦੂਰੀ ’ਤੇ ਪੁਲਿਸ ਦਾ ਇਕ ਨਾਕਾ ਲੱਗਾ ਹੋਇਆ ਸੀ। ਜਿਥੇ ਜੇਲ੍ਹ ਵੱਲ ਜਾਣ ਵਾਲੇ ਹਰ ਵਿਅਕਤੀ ਨੂੰ ਰੋਕ ਕੇ ਅਤੇ ਪੁਛਗਿਛ ਤੋਂ ਪਿਛੋਂ ਹੀ ਜਾਣ ਦਿੱਤਾ ਜਾਂਦਾ ਸੀ। ਮੋਟਰ ਕਾਰਾਂ ਤੇ ਸਕੂਟਰ ਵੀ ਇਸੇ ਨਾਕੇ ਦੇ ਕੋਲ ਹੀ ਪਾਰਕ ਕੀਤੇ ਜਾਂਦੇ ਸਨ ਅਤੇ ਅੱਗੇ ਤੁਹਾਨੂੰ ਪੈਦਲ ਹੀ ਜੇਲ੍ਹ ਦੇ ਗੇਟ ਤਕ ਜਾਣਾ ਪੈਂਦਾ ਸੀ। ਕਾਰ ਨੂੰ ਨਾਕੇ ਦੇ ਨੇੜੇ ਹੀ ਖੜ੍ਹੀ ਕਰਕੇ ਜਦੋਂ ਮੈਂ ਜੇਲ੍ਹ ਦੇ ਗੇਟ ਦੇ ਨਜ਼ਦੀਕ ਪਹੁੰਚਿਆ ਤਾਂ ਉਥੇ ਖ਼ਾਲਸਾ ਐਕਸ਼ਨ ਕਮੇਟੀ ਦੇ ਆਗੂ, ਮੁਲਜ਼ਮਾਂ ਦੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰ, ਪੱਤਰਕਾਰ ਅਤੇ ਬਚਾਓ ਪੱਖ ਦੇ ਸੀਨੀਅਰ ਐਡਵੋਕੇਟ ਏ.ਐਸ.ਚਾਹਲ ਅਤੇ ਉਨ੍ਹਾਂ ਦੇ ਸਾਥੀ ਵੀ ਖੜ੍ਹੇ ਸਨ। ਜੇਲ੍ਹ ਦਾ ਬਾਹਰਲਾ ਗੇਟ ਬੰਦ ਸੀ, ਜਿਥੇ ਭਾਰੀ ਗਿਣਤੀ ਵਿਚ ਪੁਲਿਸ ਦੇ ਜਵਾਨ ਤਾਇਨਾਤ ਸਨ। ਜਦੋਂ ਏ.ਐਸ. ਚਾਹਲ ਗੇਟ ਦੇ ਬਾਹਰ ਵੱਲ ਆਪਣੇ ਹੋਰ ਵਕੀਲਾਂ ਨਾਲ ਖੜ੍ਹੇ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਅੰਦਰ ਜਾਇਆ ਜਾ ਸਕਦਾ ਹੈ? ਤਾਂ ਉਨ੍ਹਾਂ ਕਿਹਾ ਕਿ ਚਲੋ ਟਰਾਈ ਕਰਦੇ ਹਾਂ। ਇਸ ਤਰ੍ਹਾਂ ਵਕੀਲਾਂ ਦੇ ਇਕ ਗਰੁੱਪ ਨਾਲ ਸੁਰੱਖਿਆ ਪਹਿਰੇ ਦੇ ਤਿੰਨ ਪੜਾਅ ਪਾਰ ਕਰਦੇ ਹੋਏ ਅਸੀਂ ਬਿਨਾਂ ਕਿਸੇ ਪੁੱਛਗਿੱਛ ਤੋਂ ਅਦਾਲਤ ਦੇ ਅੰਦਰ ਦਾਖ਼ਲ ਹੋ ਗਏ। ਮੈਂ ਸਿਵਲ ਡਰੈਸ ਪਾਇਆ ਹੋਇਆ ਸੀ ਨਾ ਕਿ ਕਾਲਾ ਕੋਟ, ਜਿਵੇਂ ਕਿ ਮੀਡੀਆ ਦੇ ਇੱਕ ਹਿੱਸੇ ਨੇ ਲਿਖਿਆ ਹੈ। ਉਸ ਸਮੇਂ ਦੋ ਵੱਜਣ ਵਿਚ ਕਰੀਬ 10 ਮਿੰਟ ਰਹਿੰਦੇ ਸਨ। ਅਦਾਲਤ ਦੇ ਕਮਰੇ ਦੇ ਇਕ ਹਿੱਸੇ ਨੂੰ ਪਿੰਜਰੇ ਦੀ ਤਰ੍ਹਾਂ ਬਦਲਿਆ ਹੋਇਆ ਸੀ, ਜਿਥੇ ਮੁਲਜ਼ਮਾਂ ਨੇ ਫ਼ੈੋਸਲੇ ਨੂੰ ਸੁਣਨ ਲਈ ਆਉਣਾ ਸੀ। ਇਸ ਪਿੰਜਰੇ ਦਾ ਇਕ ਹਿੱਸਾ ਇਕ ਤਰ੍ਹਾਂ ਨਾਲ ਸੀਖਾਂ ਦੀ ਇਕ ਦੀਵਾਰ ਬਣਿਆ ਹੋਇਆ ਸੀ ਤੇ ਇਹ ਸੀਖਾਂ ਛੱਤ ਤੱਕ ਪਹੁੰਚੀਆਂ ਹੋਈਆਂ ਸਨ। ਮਾਨਯੋਗ ਜੱਜ ਸਾਹਿਬ ਸ੍ਰੀ ਰਵੀ ਕੁਮਾਰ ਠੀਕ ਦੋ ਵਜੇ ਅਦਾਲਤ ਦੇ ਕਮਰੇ ਵਿਚ ਦਾਖ਼ਲ ਹੋਏ, ਜਿਥੇ ਦਰਜਨਾਂ ਵਕੀਲਾਂ, ਸੁਰੱਖਿਆ ਅਫ਼ਸਰਾਂ ਤੇ ਜੇਲ੍ਹ ਕਰਮਚਾਰੀਆਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜੱਜ ਸਾਹਿਬ ਦੇ ਹੱਥ ਵਿਚ ਇਕ ਬੁੱਕਲੈਟ ਸੀ, ਜਿਸ ਵਿਚ ਜਾਪਦਾ ਸੀ ਮੁਲਜ਼ਮਾਂ ਦੀ ਤਕਦੀਰ ਦਾ ਫ਼ੈਸਲਾ ਬੰਦ ਹੈ। ਜੱਜ ਸਾਹਿਬ ਉਸ ਬੁੱਕਲੈਟ ਦੇ ਵਰਕਿਆਂ ਨੂੰ ਕਈ ਵਾਰ ਫਰੋਲਦੇ ਦੇਖੇ ਗਏ। ਅਦਾਲਤ ਵਿਚ ਇਕ ਅਜੀਬ ਤਰ੍ਹਾਂ ਦੀ ਖਾਮੋਸ਼ੀ ਦਾ ਮਾਹੌਲ ਸੀ ਕਿਉਂਕਿ ਮੁਲਜ਼ਮ ਅਜੇ ਪਿੰਜਰੇ ਵਿਚ ਦਾਖ਼ਲ ਨਹੀਂ ਸਨ ਹੋਏ। ਜੱਜ ਸਾਹਿਬ ਦੇ ਚਿਹਰੇ ’ਤੇ ਆਉਣ ਵਾਲੇ ਪ੍ਰਭਾਵਾਂ ਦੀ ਪੂਰੀ-ਪੂਰੀ ਵਿਆਖਿਆ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਹ ਸ਼ਾਂਤਚਿੱਤ ਜਾਪਦੇ ਸਨ। ਪਰ ਨਾਲ ਹੀ ਤਿੰਨ-ਚਾਰ ਵਾਰ ਉਨ੍ਹਾਂ ਦੇ ਦੋਵੇਂ ਹੱਥਾਂ ਦੀ ਕਰਿੰਗੜੀ ਕੁਝ ਪਲਾਂ ਲਈ ਉਨ੍ਹਾਂ ਦੇ ਮੱਥੇ ’ਤੇ ਜਾ ਟਿਕਦੀ ਸੀ। ਜਿਥੋਂ ਤੱਕ ਉਨ੍ਹਾਂ ਪਲਾਂ ਵਿਚ ਜੱਜ ਸਾਹਿਬ ਦੀ ਮਾਨਸਿਕ ਅਵਸਥਾ ਬੁਝਣ ਦਾ ਸਬੰਧ ਹੈ, ਮਨੋਵਿਗਿਆਨੀ ਹੀ ਉਸ ਸਥਿਤੀ ਦਾ ਬਹੁਪਰਤੀ ਵਿਸ਼ਲੇਸ਼ਣ ਕਰ ਸਕਦੇ ਹਨ। ਵੈਸੇ ਕਾਨੂੰਨੀ ਸਲੀਕਾ ਵੀ ਇਕ ਪੱਤਰਕਾਰ ਨੂੰ ਇਹੋ ਜਿਹੇ ਨਾਜ਼ੁਕ ਪਲਾਂ ਦਾ ਵਿਸ਼ਲੇਸ਼ਣ ਕਰਨ ’ਤੇ ਰੋਕ ਲਾਉਂਦਾ ਹੈ ਅਤੇ ਵੈਸੇ ਵੀ ਇਹੋ ਜਿਹਾ ਵਿਸ਼ਲੇਸ਼ਣ ਮਾਨਯੋਗ ਅਦਾਲਤ ਦੀ ਇੱਜ਼ਤ-ਹੱਤਕ (ਡੈਫ਼ਾਮੇਸ਼ਨ) ਦੇ ਦਾਇਰੇ ਵਿਚ ਆ ਸਕਦਾ ਹੈ। ਇੰਨੇ ਨੂੰ ਪਿੰਜਰੇ ਦਾ ਪਿਛਲਾ ਦਰਵਾਜ਼ਾ ਇਕ ਵੱਡੇ ਖੜਾਕ ਨਾਲ ਖੁੱਲ੍ਹਿਆ ਤੇ ਇਕ ਮੁਲਜ਼ਮ ਦਾਖਲ ਹੋਇਆ, ਜਿਸ ਨੇ ਬੜੀ ਉ¤ਚੀ ਆਵਾਜ਼ ਵਿਚ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈ। ਇਹ ਭਾਈ ਜਗਤਾਰ ਸਿੰਘ ਹਵਾਰਾ ਸੀ। ਉਸ ਦੀ ਆਵਾਜ਼ ਗਰਜਵੀਂ ਸੀ ਤੇ ਉਸ ਆਵਾਜ਼ ਵਿਚ ਆਪਣੀ ਹੀ ਕਿਸਮ ਦਾ ਇਕ ਸਵੈ-ਭਰੋਸਾ ਤੇ ਸਹਿਜ ਵੀ ਸੀ। ਇਸ ਪਿਛੋਂ ਦੂਜਾ ਮੁਲਜ਼ਮ ਦਾਖ਼ਲ ਹੋਇਆ ਜੋ ਦੋਵੇਂ ਹੱਥ ਜੋੜ ਕੇ ਫ਼ਤਹਿ ਕਹਿ ਕੇ ਬੈਠ ਗਿਆ। ਇਹ ਭਾਈ ਬਲਵੰਤ ਸਿੰਘ ਸੀ। ਭਾਈ ਬਲਵੰਤ ਸਿੰਘ ਨੇ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਉਸ ਦੀ ਖੁੱਲ੍ਹੀ ਦਾੜ੍ਹੀ ਉਸ ਦੇ ਚਿਹਰੇ ਨੂੰ ਇਕ ਵੱਖਰੀ ਕਿਸਮ ਦਾ ਜਲੌਅ ਦੇ ਰਹੀ ਸੀ। ਉਸ ਨੇ ਚਿੱਟੇ ਰੰਗ ਦੀ ਪਤਲੀ ਜਿਹੀ ਸ਼ਾਇਦ ਮਲਮਲ ਦੀ ਕਮੀਜ਼ ਪਾਈ ਹੋਈ ਸੀ। ਕੁਝ ਚਿਰ ਲਈ ਉਸ ਨੇ ਬੜੀਆਂ ਤਿੱਖੀਆਂ ਨਜ਼ਰਾਂ ਨਾਲ ਅਦਾਲਤ ਵਿਚ ਬੈਠੇ ਹਰ ਇਕ ਬੰਦੇ ’ਤੇ ਨਜ਼ਰ ਮਾਰੀ। ਇਉਂ ਲਗਦਾ ਸੀ ਜਿਵੇਂ ਉਹ ਨਿਗਾਹਾਂ ਅਪਣੀ ਪਿਆਰੀ ਭੈਣ ਦੀ ਤਲਾਸ਼ ਕਰ ਰਹੀਆਂ ਸਨ, ਜੋ ਫ਼ੈਸਲੇ ਦੀ ਇਸ ਘੜੀ ਨੂੰ ਆਪਣੇ ਵੀਰ ਨੂੰ ਮਿਲਣ ਆਈ ਸੀ। ਇਸ ਪਿਛੋਂ ਬਾਕੀ ਮੁਲਜ਼ਮ ਦਾਖ਼ਲ ਹੋਏ, ਜਿਨਾਂ ਵਿਚ ਭਾਈ ਨਵਜੋਤ ਸਿੰਘ ਵੀ ਸੀ ਅਤੇ ਜਿਸ ਨੂੰ ਜੱਜ ਸਾਹਿਬ ਨੇ ਬਰੀ ਕਰ ਦਿਤਾ।

ਫ਼ੈਸਲਾ ਪੰਜ-ਸੱਤ ਮਿੰਟ ਵਿਚ ਹੀ ਸੁਣਾ ਦਿਤਾ ਗਿਆ। ਸੀਨੀਅਰ ਵਕੀਲ ਚਾਹਲ ਸਾਹਿਬ ਇਸ ਨੁਕਤੇ ’ਤੇ ਜ਼ੋਰ ਦੇ ਰਹੇ ਸਨ ਕਿ ਜੇਕਰ ਨਵਜੋਤ ਬਾਰੇ ਕੋਈ ਹੋਰ ਕੇਸ ਹੈ ਤਾਂ ਉਸ ਬਾਰੇ ਹੁਣੇ ਹੀ ਜਾਣਕਾਰੀ ਦਿਤੀ ਜਾਵੇ ਕਿਉਂਕਿ ਇਸ ਗੱਲ ਦਾ ਸ਼ੰਕਾ ਹੈ ਕਿ ਨਵਜੋਤ ਦੀ ਰਿਹਾਈ ਵਿਚ ਪੁਲਿਸ ਇਕ ਵਾਰ ਮੁੜ ਅੜਿੱਕਾਂ ਖੜੀਆਂ ਕਰ ਸਕਦੀ ਸੀ। ਜੱਜ ਸਾਹਿਬ ਵਲੋਂ ਫ਼ੈਸਲਾ ਸੁਣਾਉਣ ਪਿਛੋਂ ਭਾਈ ਬਲਵੰਤ ਸਿੰਘ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਨਾਲ ਹੀ ਸ਼ਹੀਦ ਭਾਈ ਦਿਲਾਵਰ ਸਿੰਘ ਅਮਰ ਰਹੇ, ਸ਼ਹੀਦ ਭਾਈ ਦਿਲਾਵਰ ਸਿੰਘ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਭਾਈ ਬਲਵੰਤ ਸਿੰਘ ਨੇ ਜਿਸ ਜ਼ੋਰਦਾਰ ਆਵਾਜ਼ ਵਿਚ ਨਾਅਰੇ ਮਾਰੇ ਉਸ ਵਿਚ ਭੋਰਾ ਵੀ ਕੰਬਣੀ ਨਹੀਂ ਸੀ। ਸਗੋਂ ਉਹ ਪਹਿਲਾਂ ਨਾਲੋਂ ਕਿਤੇ ਵਧੇਰੇ ਸ਼ਾਂਤ ਚਿੱਤ, ਅਡੋਲ ਤੇ ਆਪਣੇ ਮਿਸ਼ਨ ਪ੍ਰਤੀ ਵਧੇਰੇ ਸਪੱਸ਼ਟ ਨਜ਼ਰ ਆ ਰਿਹਾ ਸੀ। ਕੁਝ ਵਕੀਲ ਅਤੇ ਰਿਸ਼ਤੇਦਾਰ ਤੇਜ਼ੀ ਨਾਲ ਪਿੰਜਰੇ ਵੱਲ ਉਲਰ ਕੇ ਆ ਗਏ ਤਾਂ ਜੋ ਉਹ ਚੰਦ ਘੜੀਆਂ ਲਈ ਮੁਲਜ਼ਮਾਂ ਨਾਲ ਗੱਲਬਾਤ ਕਰ ਸਕਣ, ਜੋ ਹੁਣ ਇਕ ਨਵਜੋਤ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਨਹੀਂ ਸੀ ਰਹਿ ਗਏ ਸਗੋਂ ਦੋਸ਼ੀ ਕਰਾਰ ਦਿਤੇ ਜਾ ਚੁੱਕੇ ਸਨ। ਪੁਲਿਸ ਦਾ ਉਨ੍ਹਾਂ ਨਾਲ ਗੱਲਬਾਤ ਕਰਨ ਵਾਲੇ ਹਰ ਵਿਅਕਤੀ ਦੁਆਲੇ ਪਹਿਰੇਦਾਰਾਂ ਦਾ ਇਕ ਝੁਰਮਟ ਵੀ ਨਾਲ ਹੀ ਸੀ।

ਮੇਰਾ ਇਰਾਦਾ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਨਾਲ ਕੁਝ ਗੱਲਾਂ ਕਰਨ ਦਾ ਸੀ। ਉਸ ਤੰਗ ਭੀੜ ਵਿਚੋਂ ਰਾਹ ਬਣਾਉਂਦਾ ਹੋਇਆ ਮੈਂ ਭਾਈ ਜਗਤਾਰ ਸਿੰਘ ਵੱਲ ਵਧਿਆ ਅਤੇ ਉਸ ਨੂੰ ਆਪਣੀ ਜਾਣ-ਪਛਾਣ ਕਰਵਾਈ ਅਤੇ ਇੰਜ ਤੁਰੰਤ ਇਕ ਸੰਖੇਪ ਪਰ ਅਤੀ ਅਹਿਮ ਅਤੇ ਇਤਿਹਾਸਕ ਮੁਲਾਕਾਤ ਦਾ ਉਦਘਾਟਨ ਹੋ ਗਿਆ।

ਭਾਈ ਜਗਤਾਰ ਸਿੰਘ ਹਵਾਰਾ

ਭਾਈ ਜਗਤਾਰ ਸਿੰਘ ਹਵਾਰਾ

ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

ਭਾਈ ਹਵਾਰਾ: ਮੈਂ ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।

ਤੁਹਾਡੀ ਮੰਜ਼ਲ?

ਭਾਈ ਹਵਾਰਾ: ਸਾਡੀ ਮੰਜ਼ਲ ਖ਼ਾਲਿਸਤਾਨ ਹੈ, ਅਸੀਂ ਇਸ ਮੰਜ਼ਲ ਲਈ ਆਖ਼ਰੀ ਦਮਾਂ ਤੱਕ ਲੜਦੇ ਰਹਾਂਗੇ। ਸਾਡਾ ਕਿਸੇ ਨਾਲ ਨਿੱਜੀ ਵਿਰੋਧ ਜਾਂ ਦੁਸ਼ਮਣੀ ਨਹੀਂ।

ਅੱਜ ਸਵੇਰੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਅੱਜ ਫ਼ੈਸਲੇ ਦੀ ਘੜੀ ਹੈ?

ਭਾਈ ਹਵਾਰਾ: ਬਿਲਕੁਲ ਉਸੇ ਤਰ੍ਹਾਂ ਪਹਿਲਾਂ ਵਾਂਗ-ਰੁਟੀਨ ਵਿਚ ਮੈਂ ਪਾਠ ਕੀਤਾ ਤੇ ਫਿਰ ਐਕਸਰਸਾਈਜ਼…

ਅਸੀਂ ਇਹ ਬਾਹਰ ਸੁਣਦੇ ਹਾਂ ਕਿ ਤੁਸੀਂ ਐਕਸਰਸਾਈਜ਼ ’ਤੇ ਬਹੁਤ ਜ਼ੋਰ ਦਿੰਦੇ ਰਹੇ ਹੋ? ਕੀ ਇਹ ਤੁਹਾਡਾ ਪਿਆਰਾ ਸ਼ੌਂਕ ਹੈ?

ਭਾਈ ਹਵਾਰਾ: ਹਾਂ ਮੇਰਾ ਇਹ ਪਿਆਰਾ ਸ਼ੌਂਕ ਰਿਹਾ ਹੈ, ਮੈਂ ਐਕਸਰਸਾਈਜ਼ ਰੋਜ਼ ਕਰਦਾ ਹਾਂ। ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਵੀ ਮੈਂ ਐਕਸਰਸਾਈਜ਼ ਕਰਾਂਗਾ। (ਹਾਸਾ)

ਫਿਰ ਵੀ ਮੈਂ ਜੇ ਇਹ ਪੁੱਛਾਂ ਕਿ ਤੁਸੀਂ ਫ਼ੈਸਲੇ ਨੂੰ ਸੁਣਨ ਪਿਛੋਂ ਕਿਸ ਤਰ੍ਹਾਂ ਮਹਿਸੂਸ ਕੀਤਾ ਤਾਂ ਤੁਸੀਂ ਕੀ ਜਵਾਬ ਦੋਵੇਗੋ?

ਭਾਈ ਹਵਾਰਾ: ਜਿਵੇਂ ਕਿਸਾਨ ਹਾੜੀ ਦੀ ਫ਼ਸਲ ਵੱਢਣ ਪਿਛੋਂ ਹੌਲਾ ਫੁੱਲ ਹੋ ਜਾਂਦਾ ਹੈ, ਮੈਂ ਵੀ ਇੰਨਾਂ ਪਲਾਂ ਵਿਚ ਅੱਜ ਕੁਝ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਕੋਈ ਫਿਕਰ ਜਾਂ ਚਿੰਤਾ ਨਹੀਂ।

ਆਪਣੇ ਲੋਕਾਂ ਨੂੰ, ਸਾਥੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?

ਭਾਈ ਹਵਾਰਾ: ਹਾਂ ਮੈਂ ਚਾਹੁੰਦਾ ਹਾਂ, ਆਪਸ ਵਿਚ ਏਕਤਾ ਬਣਾ ਕੇ ਰੱਖੀ ਜਾਵੇ – ਏਕਤਾ ਬਹੁਤ ਜ਼ਰੂਰੀ ਹੈ – ਹਾਂ ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਨਿਰਦੋਸ਼ਾਂ ਦੇ ਕਤਲਾਂ ਦੇ ਖ਼ਿਲਾਫ਼ ਹਾਂ ਕਿਉਂਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।

ਇਸੇ ਦੌਰਾਨ ਦੋਵਾਂ ਪਾਸਿਉਂ ਤੋਂ ਪਿੰਜਰੇ ਦੇ ਅੰਦਰ ਅਤੇ ਪਿੰਜਰੇ ਦੇ ਬਾਹਰਵਾਰ ਪੁਲਿਸ ਦੇ ਜਵਾਨ ‘ਚਲੋ-ਚਲੋ ਬੱਸ ਕਰੋ, ਬੱਸ ਕਰੋ’ ਕਹਿ ਕੇ ਸਾਡੀਆਂ ਬਾਹਾਂ ਖਿੱਚ ਰਹੇ ਸਨ ਅਤੇ ਉਸੇ ਸਮੇਂ ਦੋ ਪੁਲਿਸ ਅਫ਼ਸਰ ਮੇਰੇ ਕੋਲ ਆਏ ਅਤੇ ਮੇਰੇ ਬਾਰੇ ਜਾਨਣਾ ਚਾਹਿਆ ਤਾਂ ਮੈਂ ਜਦੋਂ ਪੱਤਰਕਾਰ ਕਹਿ ਕੇ ਜਾਣ ਪਹਿਚਾਣ ਕਰਵਾਈ ਤਾਂ ਮੈਨੂੰ ਉਨ੍ਹਾਂ ਨੇ ਖਿੱਚ ਕੇ ਜੱਜ ਸਾਹਿਬ ਦੇ ਰਿਟਾਇਰਿੰਗ ਰੂਮ ਵੱਲ ਪੇਸ਼ ਹੋਣ ਦੀ ਜ਼ਿੱਦ ਕੀਤੀ। ਇੰਨੇ ਨੂੰ ਵਕੀਲ ਏ.ਐਸ. ਚਾਹਲ ਮੇਰੀ ਮਦਦ ’ਤੇ ਆ ਗਏ ਤੇ ਉਨ੍ਹਾਂ ਨੇ ਦਲੀਲ ਦਿਤੀ ਕਿ ਇਹ ਓਪਨ ਕੋਰਟ ਹੈ, ਕਿਥੇ ਲਿਖਿਆ ਹੈ ਕਿ ਇਹ ਨਹੀਂ ਆ ਸਕਦਾ? ਉਥੇ ਪੁਲਿਸ ਅਫ਼ਸਰਾਂ ਨਾਲ ਕੁਝ ਚਿਰ ਲਈ ਹੋਈ ਤੂੰ-ਤੂੰ, ਮੈਂ-ਮੈਂ ਮਗਰੋਂ ਮੈਂ ਛੇਤੀ ਨਾਲ ਜੇਲ੍ਹ ਦੇ ਬਾਹਰਵਾਰ ਆ ਗਿਆ। ਉਥੇ ਬਾਹਰਵਾਰ ਵੱਡੀ ਭੀੜ ਫ਼ੈਸਲੇ ਦਾ ਇੰਤਜ਼ਾਰ ਕਰ ਰਹੀ ਸੀ। ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨਾਲ ਜਦੋਂ ਮੈਂ ਘਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭਾਰੀ ਪੁਲਿਸ ਫੋਰਸ ਨੇ ਪਿੱਛਾ ਕਰਕੇ ਮੇਰੀ ਡਾਇਰੀ ਖੋਹ ਲਈ, ਜਿਸ ਵਿਚ ਇੰਟਰਵਿਊ ਨਾਲ ਸਬੰਧਤ ਕੁਝ ਗੱਲਾਂ ਰਿਕਾਰਡ ਕੀਤੀਆਂ ਹੋਈਆਂ ਸਨ। ਪੁਲਿਸ ਨੇ ਫਿਰ ਜੇਲ੍ਹ ਦੇ ਅੰਦਰ ਮੈਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਥੇ ਕਈ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਨਾਲ ਹੀ ਡਾਇਰੀ ਵਾਪਸ ਕਰਨ ਦੀ ਮੰਗ ਵੀ ਕੀਤੀ ਪਰ ਪੁਲਿਸ ਨੇ ਅਜੇ ਤੱਕ ਡਾਇਰੀ ਵਾਪਸ ਨਹੀਂ ਕੀਤੀ।

ਇਸ ਸਮੇਂ ਖ਼ਾਲਸਾ ਪੰਚਾਇਤ ਦੇ ਪ੍ਰਧਾਨ ਸ. ਰਜਿੰਦਰ ਸਿੰਘ, ਦਲ ਖ਼ਾਲਸਾ ਦੇ ਸ. ਕੰਵਰਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਅਖੰਡ ਕੀਰਤਨੀ ਜਥੇ ਦੇ ਆਰ.ਪੀ. ਸਿੰਘ, ਅੰਮ੍ਰਿਤਸਰ ਅਕਾਲੀ ਦਲ ਦੇ ਆਗੂ ਸੁਰਿੰਦਰ ਪਾਲ ਸਿੰਘ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਅਤੇ ਹੋਰ ਕਈ ਆਗੂਆਂ ਨੇ ਪੁਲਿਸ ਵਲੋਂ ਪੱਤਰਕਾਰਾਂ ਦੀ ਆਜ਼ਾਦੀ ਵਿਚ ਪਾਈਆਂ ਜਾ ਰਹੀਆਂ ਰੋਕਾਂ ਦੀ ਨਿਖੇਧੀ ਕੀਤੀ। ਇਸ ਇਕੱਤਰਤਾ ਵਿਚ ਸਿੱਖ ਪੰਥ ਦੇ ਰਾਜਨੀਤਕ ਵਿਦਵਾਨ ਸ. ਗੁਰਤੇਜ ਸਿੰਘ ਵੀ ਮੌਜੂਦ ਸਨ।

ਮੈਂ ਭਾਈ ਬਲਵੰਤ ਸਿੰਘ ਨਾਲ ਵੀ ਇਕ ਮੁਲਾਕਾਤ ਕਰਨਾ ਚਾਹੁੰਦਾ ਸਾਂ ਕਿਉਂਕਿ ਉਸ ਨੇ ਇਸ ਮੁਕੱਦਮੇ ਵਿਚ ਕਤਲ ਕਰਨ ਦਾ ਇਕਬਾਲ ਕੀਤਾ ਸੀ ਅਤੇ ਆਪਣੇ ਬਚਾਓ ਲਈ ਕੋਈ ਵਕੀਲ ਵੀ ਨਹੀਂ ਸੀ ਕੀਤਾ। ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਹੀ ਅਜਿਹੇ ਨੌਜਵਾਨ ਸਨ, ਜਿਨ੍ਹਾਂ ਨੇ ਬਲਵੰਤ ਸਿੰਘ ਵਾਂਗ ਹੀ ਐਲਾਨ ਕੀਤਾ ਸੀ ਕਿ ਉਹ ਕਿਤੇ ਵੀ ਅਪੀਲ ਨਹੀਂ ਕਰਨਗੇ ਪਰ ਉਸ ਕਾਹਲ ਵਿਚ ਬਲਵੰਤ ਸਿੰਘ ਨਾਲ ਇਹ ਮਹੱਤਵਪੂਰਨ ਮੁਲਾਕਾਤ ਕਰਨ ਵਿਚ ਮੈਂ ਸਫ਼ਲ ਨਹੀਂ ਹੋ ਸਕਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,