March 23, 2015 | By ਸਿੱਖ ਸਿਆਸਤ ਬਿਊਰੋ
ਮੁੰਬਈ/ਜਬਲਪੁਰ (22 ਮਾਰਚ, 2015): ਦਿੱਲੀ ਅਤੇ ਹਰਿਆਣਾ ਵਿੱਚ ਚਰਚਾਂ ‘ਤੇ ਹਮਲੇ ਹੋਣ ਤੋਂ ਬਾਅਦ ਭਾਰਤ ਦੇ ਦੋ ਹੋਰ ਸੂਬਿਆਂ ‘ਚ ਗਿਰਜਾ ਘਰਾਂ ‘ਤੇ ਹਮਲੇ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ ਅਤੇ ਗਿਰਜਾ ਘਰਾਂ ‘ਤੇ ਹਮਲਿਆਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।
ਪਹਿਲੀ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ ਜਿਥੇ ਧਰਮ ਤਬਦੀਲੀ ਦਾ ਦੋਸ਼ ਲਾਉਂਦਿਆਂ ਕੁੱਝ ਦੱਖਣ ਪੰਥੀ ਹਿੰਦੂ ਜਥੇਬੰਦੀਆਂ ਨੇ ਇਕ ਚਰਚ ਅਤੇ ਨੇੜੇ ਪੈਂਦੇ ਸਕੂਲ ਦੀ ਭੰਨਤੋੜ ਕੀਤੀ। ਜਦ ਹਮਲਾ ਕੀਤਾ ਗਿਆ, ਉਸ ਵੇਲੇ ਗਿਰਜਾ ਘਰ ਅੰਦਰ 200 ਆਦਿਵਾਸੀ ਮੌਜੂਦ ਸਨ। ਹਿੰਦੂ ਜਥੇਬੰਦੀਆਂ ਦਾ ਦੋਸ਼ ਹੈ ਕਿ ਇਨ੍ਹਾਂ ਨੂੰ ਧਰਮ ਤਬਦੀਲੀ ਲਈ ਲਿਆਂਦਾ ਗਿਆ ਸੀ। 20 ਮਾਰਚ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਧਰਮ ਸੈਨਾ ਦੇ ਆਗੂ ਯੋਗੇਸ਼ ਅਗਰਵਾਲ ਅਤੇ ਕੁੱਝ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਚਰਚ ਕਮੇਟੀ ਦੇ ਅਹੁਦੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ‘ਚ ਬਜਰੰਗ ਦਲ ਦੇ ਕਾਰਕੁਨ ਵੀ ਸ਼ਾਮਲ ਸਨ ਜੋ ਗਿਰਜਾ ਘਰ ਅਤੇ ਸਕੂਲ ਅੰਦਰ ਗਏ ਅਤੇ ਪਾਦਰੀ ਥੰਕਾਚਨ ਜੋਸ ‘ਤੇ ਧਰਮ ਪਰਿਵਰਤਨ ਕਰਨ ਦੇ ਦੋਸ਼ ਲਾਉਣ ਲੱਗੇ।
ਘਟਨਾ ਵਾਲੀ ਥਾਂ ‘ਤੇ ਮੌਜੂਦ ਰਵੀ ਫ਼ਰਾਂਸਿਸ ਨਾਮਕ ਵਿਅਕਤੀ ਨੇ ਕਿਹਾ ਕਿ ਧਰਮ ਸੈਨਾ ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗਾਲਾਂ ਕੱਢੀਆਂ। ਉਨ੍ਹਾਂ ਗਿਰਜਾਘਰ ਅੰਦਰ ‘ਜੈ ਸ੍ਰੀ ਰਾਮ’ ਦੇ ਨਾਹਰੇ ਲਾਏ ਅਤੇ ਮੰਗ ਕੀਤੀ ਕਿ ਪਾਦਰੀ ਥੰਕਾਚਨ ਨੂੰ ਉਨ੍ਹਾਂ ਨੂੰ ਸੌਂਪ ਦਿਤਾ ਜਾਵੇ। ਪਰ ਜਦੋਂ ਉਨ੍ਹਾਂ ਨੂੰ ਪਾਦਰੀ ਥੰਕਾਚਨ ਨਹੀਂ ਮਿਲੇ ਤਾਂ ਉਨ੍ਹਾਂ ਤੋੜਭੰਨ ਸ਼ੁਰੂ ਕਰ ਦਿਤੀ ਅਤੇ ਗਿਰਜਾ ਘਰ ਅੰਦਰ ਪਏ ਗਮਲਿਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ। ਫ਼ਰਾਂਸਿਸ ਨੇ ਕਿਹਾ ਕਿ ਹਮਲਾਵਰਾਂ ਨੇ ਉੱਥੇ ਮੌਜੂਦ ਕੁੱਝ ਲੋਕਾਂ ਦੀ ਵੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ, ”ਉਹ 20 ਮਾਰਚ ਨੂੰ ਸਵੇਰੇ 9 ਵਜੇ ਇਥੇ ਪੁੱਜੇ। ਉਨ੍ਹਾਂ ਅਜਿਹੀ ਦਹਿਸ਼ਤ ਪੈਦਾ ਕੀਤੀ ਕਿ ਅਸੀਂ 21 ਮਾਰਚ ਨੂੰ ਸ਼ਾਮ 4 ਵਜੇ ਤਕ ਲੁਕੇ ਰਹੇ, ਜਦ ਤਕ ਗਿਰਜਾ ਘਰ ਦੁਆਲੇ ਵੱਡੀ ਗਿਣਤੀ ‘ਚ ਪੁਲਿਸ ਨਾ ਤੈਨਾਤ ਹੋ ਗਈ।”
ਪਾਦਰੀ ਥੰਕਾਚਨ ਨੇ ਕਿਹਾ, ”ਸਾਡਾ ਸੰਵਿਧਾਨ ਸਾਰੇ ਦੇਸ਼ ਵਾਸੀਆਂ ਨੂੰ ਧਾਰਮਕ ਆਜ਼ਾਦੀ ਦਿੰਦਾ ਹੈ ਪਰ ਅੱਜ ਇਸ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ।” ਚਰਚ ਨੇ ਪੁਲਿਸ ਨੇ ਘਟਨਾ ਵਾਲੀ ਸੀ.ਸੀ.ਟੀ.ਵੀ. ਫ਼ੁਟੇਜ਼ ਸੌਂਪ ਦਿਤੀ ਹੈ। ਜਬਲਪੁਰ ਦੇ ਆਈ.ਜੀ. ਡੀ. ਸ੍ਰੀਨਿਵਾਸ ਰਾਉ ਨੇ ਕਿਹਾ ਕਿ ਗ਼ੈਰ-ਕਾਨੂੰਨੀ ਕਾਰਵਾਈਆਂ ‘ਚ ਸ਼ਾਮਲ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਦੂਜਾ ਘਟਨਾ ਮਹਾਰਾਸ਼ਟਰ ਦੇ ਮੁੰਬਈ ਦੀ ਹੈ ਜਿਥੇ ਇਕ ਚਰਚ ‘ਤੇ ਪੱਥਰ ਸੁੱਟੇ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਤਿੰਨ ਜਣਿਆਂ ਨੇ ਚਰਚ ‘ਤੇ ਪੱਥਰ ਸੁੱਟੇ ਅਤੇ ਸੇਂਟ ਜਾਰਜ ਕੈਥੋਲਿਕ ਚਰਚ ਦੀ ਮੂਰਤੀ ਬਾਹਰ ਲੱਗੇ ਸ਼ੀਸ਼ੇ ਤੋੜ ਦਿਤੇ। ਤਿੰਨਾਂ ਜਣਿਆਂ ਨੇ ਨਕਾਬ ਪਾਏ ਹੋਏ ਸਨ। ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਘਟਨਾ ਸੀ.ਸੀ.ਟੀ.ਵੀ. ‘ਚ ਕੈਦ ਹੋ ਗਈ ਹੈ ਅਤੇ ਪੁਲਿਸ ਫ਼ੁਟੇਜ਼ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਅਜੇ ਤਕ ਕੋਈ ਸੁਰਾਗ਼ ਨਹੀਂ ਮਿਲਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਹੈ ਕਿ ਦੋਸ਼ੀ ਛੇਤੀ ਹੀ ਗ੍ਰਿਫ਼ਤਾਰ ਕੀਤੇ ਜਾਣਗੇ।
Related Topics: Christian in India, Hindu Groups, Minorities in India