January 15, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਪ੍ਰਚਾਰ ਮੈਨੇਜਰ ਅਮਿਤ ਸ਼ਰਮਾ (35) ਦਾ ਸ਼ਨੀਵਾਰ ਰਾਤ 9 ਵਜੇ ਜਗਰਾਉਂ ਪੁਲ, ਨੇੜੇ ਦੁਰਗਾ ਮਾਤਾ ਮੰਦਰ, ਕਤਲ ਕਰ ਦਿੱਤਾ ਗਿਆ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਮਿਤ ਸ਼ਰਮਾ ਹਾਲੇ ਦੋ ਮਹੀਨੇ ਪਹਿਲਾਂ ਜਥੇਬੰਦੀ ‘ਚ ਸ਼ਾਮਲ ਹੋਇਆ ਸੀ। ਸ਼ਰਮਾ ਕੱਲ੍ਹ ਰਾਤ ਮੰਦਰ ਦੇ ਨੇੜੇ ਸਥਿਤ ਫੁੱਲਾਂ ਦੀ ਦੁਕਾਨ ‘ਤੇ ਆਪਣੇ ਦੋਸਤ ਨੂੰ ਮਿਲਣ ਆਇਆ ਸੀ। ਜਦੋਂ ਉਹ ਵਾਪਸ ਆਪਣੀ ਕਾਰ ‘ਚ ਬੈਠਣ ਲੱਗਿਆ ਤਾਂ ਦੋ ਹਮਲਾਵਰਾਂ ਨੇ ਸ਼ਰਮਾ ‘ਤੇ ਚਾਰ ਗੋਲੀਆਂ ਮਾਰੀਆਂ ਅਤੇ ਮੌਕੇ ‘ਤੇ ਹੀ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ‘ਚ ਲੈ ਲਈ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਲੁਧਿਆਣਾ ਭੇਜ ਦਿੱਤੀ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਹੋਰ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ।
ਹਿੰਦੁਸਤਾਨ ਟਾਈਮਸ ਦੀ ਖ਼ਬਰ ਮੁਤਾਬਕ ਰਮਨ ਸੂਦ, ਜਿਸ ਦੇ ਘਰ ਮੂਹਰੇ ਸ਼ਰਮਾ ਨੇ ਗੱਡੀ ਖੜ੍ਹੀ ਕੀਤੀ ਸੀ, ਨੇ ਕਿਹਾ ਕਿ ਉਸਨੇ ਕਿਸੇ ਗੋਲੀ ਦੀ ਆਵਾਜ਼ ਨਹੀਂ ਸੁਣੀ, ਸੂਦ ਨੇ ਕਿਹਾ, “ਮੈਂ ਘਰ ‘ਚ ਹੀ ਸੀ, ਸ਼ਾਇਦ ਪਿਸਤੌਲ ਨੂੰ ਸਾਇਲੈਂਸਰ ਲੱਗਿਆ ਹੋਣਾ, ਮੈਂ ਤਾਂ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਸੁਣ ਕੇ ਬਾਹਰ ਆਇਆ।”
ਪੁਲਿਸ ਕਮਿਸ਼ਨਰ ਔਲਖ ਨੇ ਕਿਹਾ ਕਿ ਸ਼ਰਮਾ ਨੂੰ ਚਾਰ ਗੋਲੀਆਂ ਲੱਗੀਆਂ ਸੀ, ਹਮਲਾਵਰਾਂ ਨੇ 7.65 ਬੋਰ ਦੀ ਪਿਸਤੌਲ ਇਸਤੇਮਾਲ ਕੀਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਦੇ ਦੋ ਹੋਰ ਸਾਥੀ ਵੀ ਅਲੱਗ ਮੋਟਰਸਾਈਕਲ ‘ਤੇ ਸਨ।
ਹਿੰਦੂ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਰੋਹਿਤ ਸਾਹਨੀ ਨੇ ਕਿਹਾ ਕਿ ਸ਼ਰਮਾ ਨੂੰ ਫੋਨ ‘ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਸਾਹਨੀ ਨੇ ਕਿਹਾ ਕਿ ਸ਼ਰਮਾ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਮਿਲਿਆ ਸੀ ਅਤੇ ਉਸਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਕਿਹਾ ਗਿਆ ਸੀ।
ਸ਼ਰਮਾ ਹੋਜ਼ਰੀ ਮਸ਼ੀਨਾਂ ਦੇ ਔਜ਼ਾਰ (ਟੂਲਸ) ਨਿਰਯਾਤ ਕਰਦਾ ਸੀ।
Related Topics: Amit Sharma, Hindu Groups, RSS