May 3, 2016 | By ਸਿੱਖ ਸਿਆਸਤ ਬਿਊਰੋ
ਦਿੱਲੀ: ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ ਦੀ ਅੰਬਾਲਾ ਵਿਖੇ ਕੱਲ੍ਹ ਹੋਈ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਉਤਰਵਾ ਕੇ ਪ੍ਰੀਖਿਆ ਦੇਣ ਲਈ ਮਜਬੂਰ ਕਰਨ ਦੇ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨੂੰ ਲਿਖੇ ਪੱਤਰ ਵਿਚ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਹੈ ਕਿ ਕੱਲ੍ਹ ਸਰਕਾਰੀ ਤਕਨੀਕੀ ਸੰਸਥਾਨ ਅੰਬਾਲਾ ਵਿਖੇ ਪਟਵਾਰੀ ਦੀ ਪ੍ਰੀਖਿਆ ਦੌਰਾਨ ਪ੍ਰੀਖਿਆਰਥੀ ਸੁਖਵਿੰਦਰ ਸਿੰਘ ਦੀ ਕ੍ਰਿਪਾਨ ਉਤਰਵਾਈ ਗਈ ਹੈ ਅਤੇ ਨਾਲ ਹੀ ਰੁਪਿੰਦਰ ਸਿੂੰਘ ਸਮੇਤ ਦਰਜਨ ਭਰ ਸਿੱਖ ਨੌਜਵਾਨਾਂ ਦੇ ਕੜੇ ਉਤਰਵਾ ਕੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋ ਦਿੱਤਾ ਗਿਆ ਸੀ। ਜਦਕਿ ਇਕ ਹੋਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਰਨਵੀਰ ਸਿੂੰਘ ਨੂੰ ਜਦੋਂ ਕ੍ਰਿਪਾਨ ਉਤਰਵਾਉਣ ਲਈ ਮਜਬੂਰ ਕੀਤਾ ਗਿਆ ਤਾਂ ਉਸਨੇ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਨੂੰ ਮੌਕੇ ‘ਤੇ ਸੱਦ ਲਿਆ। ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਐਸ.ਡੀ.ਐਮ. ਸ਼ਕਤੀ ਸਿੰਘ ਅਤੇ ਏ.ਸੀ.ਪੀ. ਰਾਜ ਕੁਮਾਰ ਨੇ ਦੇਰੀ ਨਾਲ ਕਰਨਵੀਰ ਸਿੰਘ ਨੂੰ ਪ੍ਰੀਖਿਆ ਦੇਣ ਲਈ ਅੰਦਰ ਜਾਣ ਦੀ ਮਨਜ਼ੂਰੀ ਦੇ ਦਿੱਤੀ।
ਜੀ.ਕੇ. ਨੇ ਇਸ ਮਸਲੇ ਦੇ ਦੋਸ਼ੀ ਕੇਂਦਰ ਮੁਖੀ ਫਕੀਰ ਚੰਦ ਅਤੇ ਏ.ਐਸ.ਆਈ. ਰਮੇਸ਼ ਚੰਦ ਦੀ ਤੁਰੰਤ ਬਰਖਾਸਤਗੀ ਦੀ ਮੰਗ ਕਰਦੇ ਹੋਏ ਖੱਟਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25(2) ਦੇ ਤਹਿਤ ਸਿੱਖਾਂ ਨੂੰ ਸਿੱਖਾਂ ਦੀ ਧਾਰਮਿਕ ਆਸਥਾ ਦੇ ਪ੍ਰਤੀਕ ਕਕਾਰ ਪਾਉਣ ਦੀ ਮਿਲੀ ਧਾਰਮਿਕ ਆਜ਼ਾਦੀ ਦਾ ਵੀ ਹਵਾਲਾ ਦਿੱਤਾ ਹੈ। ਜੀ.ਕੇ. ਨੇ ਇਸ ਸਬੰਧ ਵਿਚ ਮੀਡੀਆ ਵਿਚ ਪ੍ਰੀਖਿਆ ਕੇਂਦਰ ਦੇ ਬਾਹਰ ਗੇਟ ‘ਤੇ ਕਕਾਰਾਂ ਦੇ ਟੰਗੇ ਹੋਣ ਦੀ ਤਸਵੀਰ ਪ੍ਰਕਾਸ਼ਿਤ ਹੋਣ ਨੂੰ ਮੰਦਭਾਗਾ ਦੱਸਦੇ ਹੋਏ ਇਸ ਘਟਨਾ ਦੀ ਹੋਂਦ ਨੂੰ ਸਰਕਾਰਾਂ ਦੀ ਸਿੱਖ ਕੌਮ ਨਾਲ ਅਹਿਸਾਨਫਰਾਮੋਸ਼ੀ ਦਾ ਪ੍ਰਤੀਕ ਵੀ ਦੱਸਿਆ।
Related Topics: DSGMC, Haryana Government, Kirpan Issue, Manjit Singh GK