ਲੇਖ

ਹਰਿਆਣੇ ਵਿੱਚ ਵਾਪਰੀਆਂ ਘਟਨਾਵਾਂ ਭਾਰਤੀ ਪ੍ਰਜਾਤੰਤਰ ਦੇ ਮੂੰਹ ਤੇ ਕਰਾਰੀ ਚਪੇੜ

February 28, 2016 | By

ਹਰਿਆਣਾ ਵਿੱਚ ਰਾਖਵੇਂਕਰਨ ਦੀ ਮੰਗ ਦੇ ਹੱਕ ਵਿੱਚ , ਜਾਟ ਭਾਈਚਾਰੇ ਵਲੋਂ ਵਿੱਡੇ ਅੰਦੋਲਨ ਦੇ ਕਰੂਰ ਚਿਹਰੇ ਨੇ ,ਭਾਰਤੀ ਸਭਿਆਚਾਰ ਨੂੰ ਕਲੰਕਤ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ, ਹਾਕਮਾਂ ਨੂੰ ਮੂੰਹ ਦਿਖਾਉਣ ਜੋਗੇ ਨਹੀ ਛੱਡਿਆ।

ਜਾਟ ਆਂਦੋਲਨਕਾਰੀਆਂ ਵੱਲੋਂ ਬੱਸਾਂ ਨੂੰ ਲਗਾਈ ਗਈ ਅੱਗ (ਫਾਈਲ ਫੋਟੋ)

ਜਾਟ ਆਂਦੋਲਨਕਾਰੀਆਂ ਵੱਲੋਂ ਬੱਸਾਂ ਨੂੰ ਲਗਾਈ ਗਈ ਅੱਗ (ਫਾਈਲ ਫੋਟੋ)

ਰਾਹਗੀਰਾਂ ਦੀ ਲੁੱਟ ਖਸੁੱਟ, ਗੱਡੀਆਂ ਦੀ ਸਾੜਫੂਕ ਅਤੇ ਬੀਬੀਆਂ ਦੀ ਪੱਤ ਰੋਲੀ ਗਈ , ਪੁਲਿਸ ਅਤੇ ਪ੍ਰਸ਼ਾਸਨ ਦਾ ਮੂਕ ਦਰਸ਼ਕ ਬਣੇ ਰਹਿਣਾ ਅਤੇ ਵਿਲਕਦੇ ਬੱਚਿਆਂ ਦੀਆਂ ਚੀਕਾਂ ਨੇ ,ਇਸ ਮਹਾਨ ਅਖਵਾਉਣ ਵਾਲੇ ਦੇਸ਼ ਦੇ ਡਗਮਗਾ ਰਹੇ ਸਿਸਟਮ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਸਾਰਾ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ, ਖੁਫੀਆ ਏਜੰਸੀਆਂ ਅਤੇ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ।

ਕੁੱਝ ਵਿਦੇਸ਼ੀ ਬੀਬੀਆਂ ਨਾਲ ਜੋ ਬੀਤੀ ਹੈ ,ਉਨ੍ਹਾ ਦਾ ਰੱਬ ਹੀ ਜਾਣਦਾ ਹੈ ਪਰ ਉਨ੍ਹਾ ਵਲੋਂ ਇਹ ਕਹਿ ਜਾਣਾ ਕਿ ਮੁੜ ਕਦੇ ਵੀ ਉਹ ਭਾਰਤ ਨਹੀ ਆਉਣਗੀਆਂ ,ਭਾਰਤੀ ਹਾਕਮਾਂ ਦੇ ਪਰਜਾਤੰਤਰੀ ਮੂੰਹ ਤੇ ਕਰਾਰੀ ਚਪੇੜ ਹੈ , ਆਪਣੇ ਪੁਰਖਿਆਂ ਦਾ ਦੇਸ਼ ,ਉਨ੍ਹਾ ਨੂੰ ਅਸੁਰੱਖਿਅਤ ਮਹਿਸੂਸ ਹੋਣ ਲੱਗ ਪਿਆ ਹੈ।

ਪਰ ਹਾਕਮਾਂ ਨੂੰ ਕੀ ਫਰਕ ਪੈਂਦਾ ਹੈ, ਉਹ ਤਾਂ ਸੱਤਾ ਦੇ ਬੇਖ਼ੌਫ ਘੋੜੇ ਤੇ ਸਵਾਰ ਹਨ। ਬੱਸ ਕਦੀਂ ਕਦੀਂ ਮੀਡੀਆ ਰਾਹੀਂ ਬੜ੍ਹਕ ਮਾਰਨਾ ਹੀ ਉਨ੍ਹਾ ਦੀ ਡਿਊਟੀ ਹੈ “ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ” ਉਹਨ੍ਹਾ ਦਾ ਕੰਮ ਤਾਂ ਸਿਰਫ ਬਿਆਨ ਦੇਣ ਤੱਕ ਹੀ ਸੀਮਤ ਹੈ , ਦੇਸ਼ ਦੇ ਦੁਸ਼ਮਣਾ ਨਾਲ ਕਰੜੇ ਹੱਥੀਂ ਸਿੱਝਣ ਵਾਲੇ ਬਿਆਨ। ਉਨ੍ਹਾ ਨੂੰ ਦੁਸ਼ਮਣ ਸਿਰਫ ਬਾਰਡਰ ਤੇ ਹੀ ਨਜ਼ਰ ਆਉਂਦੇ ਹਨ ,ਇਹ ਤਾਂ ਉਨ੍ਹਾ ਦੀਆਂ ਆਪਣੀਆਂ ਹੀ ਵੋਟਾਂ ਹਨ।

ਪ੍ਰਧਾਨ ਮੰਤ੍ਰੀ ਜੀ ਦੀ 56ਇੰਚ ਚੌੜ੍ਹੀ ਛਾਤੀ ਵੀ ਸ਼ਾਇਦ ਸੁੰਗੜ ਗਈ ਹੈ , ਹਰਿਆਣਾ ਵਿੱਚ ਲਹੂ ਲੁਹਾਨ ਹੋਈ ਮਨੁੱਖਤਾ ਦੀ ਖੁਦ ਆ ਕੇ ਸਾਰ ਲੈਣਾ ਤਾਂ ਇੱਕ ਪਾਸੇ ਰਿਹਾ , ਮੂੰਹ ਵਿੱਚੋਂ ਵੀ ਕੋਈ ਸ਼ਬਦ ਨਹੀ ਸੁਣਿਆ। ਐਸੀ ਚੁੱਪ ਨੂੰ ਹੀ ਸ਼ਾਇਦ ਮੁਜਰਮਾਨਾ ਚੁੱਪ ਕਹਿੰਦੇ ਹਨ।

ਅਜੇ ਤੱਕ 1984 ਦੀਆਂ ਘਟਨਾਵਾਂ ਦਾ ਕਿਸੇ ਨੂੰ ਇਨਸਾਫ ਨਹੀ ਮਿਲਿਆ ,ਗੱਲ ਹੁਣ ਵੀ ਮਿੱਟੀ ਘੱਟੇ ਰੋਲ੍ਹਣ ਵੱਲ ਹੀ ਵਧ ਰਹੀ ਹੈ। ਨਿੱਤ ਹੁੰਦੀਆਂ ਯੋਜਨਾਬੱਧ ਬੇਇਨਸਾਫੀਆਂ ਮੁਲਕ ਦੀ ਏਕਤਾ ਅਤੇ ਅਖੰਡਤਾ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੰਦੀਆਂ ਹਨ। ਹਰਿਅਣਾ ਸਰਕਾਰ ਦੀ ਨਾਕਾਮੀ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਸੂਬਾ ਸਰਕਾਰ ਦੀ ਨਲਾਇਕੀ ਕਾਰਣ ਹੀ ਇਹ ਸੱਭ ਕੁੱਝ ਵਾਪਰਿਆ ਹੈ ,ਭਾਰਤ ਸਰਕਾਰ ਵਲੋਂ ,ਆਪਣੀ ਪਾਰਟੀ ਦੀ ਸਰਕਾਰ ਨੂੰ ਬਚਾਉਣ ਖਾਤਰ ਮੂਕ ਦਰਸ਼ਕ ਬਣੇ ਰਹਿਣਾ ਕਿਸੇ ਤਰ੍ਹਾਂ ਵੀ ਵਾਜਬ ਨਹੀ ਠਹਿਰਾਇਆ ਜਾ ਸਕਦਾ।

ਜਦੋਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਤਾਂ ਨਤੀਜੇ ਚੰਗੇ ਨਹੀ ਨਿਕਲ ਸਕਦੇ ,ਕਿੱਕਰਾਂ ਦੇ ਬੀਜ ਬੀਜਕੇ ਦਾਖਾਂ ਦੀ ਕਾਮਨਾ ਕਿਵੇਂ ਕੀਤੀ ਜਾ ਸਕਦੀ ਹੈ। ਫੌਰੀ ਤੌਰ ਤੇ ,ਦੋਸ਼ੀਆਂ ਦੀ ਸ਼ਨਾਖਤ ਕਰ ਕੇ ,ਸਖ਼ਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਆਪਣੇ ਮੁਲਕ ਦੇ ਨਾਗਰਿਕਾਂ ਦਾ ਵਿਸ਼ਵਾਸ਼ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਰਬੱਤ ਦਾ ਭਲਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,