September 4, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਕਮੇਟੀ ਉੱਤੇ ਇੱਕ ਵਾਰ ਮੁੜ ਸਰਨਾ ਧੜੇ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੀ ਐਤਵਾਰ (3 ਸਤੰਬਰ) ਨੂੰ ਹੋਈ ਚੋਣ ਵਿੱਚ ਹਰਵਿੰਦਰ ਸਿੰਘ ਸਰਨਾ ਪ੍ਰਧਾਨ, ਸ਼ੇਲਿੰਦਰਜੀਤ ਸਿੰਘ ਟਾਟਾ ਨਗਰ ਸੀਨੀਅਰ ਮੀਤ ਪ੍ਰਧਾਨ, ਬੀਬੀ ਕਮਲਜੀਤ ਕੌਰ ਜੂਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਜਨਰਲ ਸਕੱਤਰ ਅਤੇ ਮਹਿੰਦਰ ਸਿੰਘ ਛਾਬੜਾ ਸਕੱਤਰ ਚੁਣੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਇਹ ਚੋਣ ਸਰਵਸੰਮਤੀ ਨਾਲ ਹੋਈ ਹੈ। ਚੋਣ ਦੌਰਾਨ ਪਹਿਲਾਂ ਦੂਜੀ ਧਿਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਇੱਕ ਨਾਂ ਦੀ ਤਜਵੀਜ਼ ਕੀਤੀ ਗਈ ਸੀ ਪਰ ਸਬੰਧਤ ਮੈਂਬਰ ਨੇ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਚੋਣ ਸਰਵਸੰਮਤੀ ਨਾਲ ਨੇਪਰੇ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭੋਪਾਲ ਅਤੇ ਲਖਨਊ ਤੋਂ ਵੀ ਇੱਕ ਇੱਕ ਮੈਂਬਰ ਗੈਰਹਾਜ਼ਰ ਸੀ। ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਕਮੇਟੀ ਦੇ ਕੁੱਲ 15 ਮੈਂਬਰਾਂ ਵਿਚੋਂ ਅੱਜ 11 ਮੈਂਬਰ ਚੋਣ ਮੀਟਿੰਗ ਵਿੱਚ ਸ਼ਾਮਲ ਹੋਏ।
ਕਾਰਜਕਾਰਨੀ ਕਮੇਟੀ ਵਿੱਚ ਸਾਬਕਾ ਪ੍ਰਧਾਨ ਆਰ.ਐੱਸ. ਗਾਂਧੀ, ਆਰਐੱਸ ਅਜੀਤ, ਮਹਾਰਾਜ ਸਿੰਘ, ਸਰਜਿੰਦਰ ਸਿੰਘ, ਭਜਨ ਸਿੰਘ ਵਾਲੀਆ ਆਦਿ ਨੂੰ ਸ਼ਾਮਲ ਕੀਤਾ ਗਿਆ।
Related Topics: Harwinder Singh Sarna, paramjit singh sarna, Patna Sahib, Sarna Family, Shiromani Akali Dal Delhi Sarna, Sikhs in Bihar, Takhat Sri Patna Sahib