ਖਾਸ ਖਬਰਾਂ » ਸਿੱਖ ਖਬਰਾਂ

ਹਰਿੰਦਰ ਸਿੱਕਾ ਦੀ ਸਿੱਖ ਜਗਤ ਨੂੰ ਮੁੜ ਚੁਣੌਤੀ; ਸ਼੍ਰੋਮਣੀ ਕਮੇਟੀ ਅਤੇ ਗੁਰਬਚਨ ਸਿੰਘ ‘ਤੇ ਉੱਠੀਆਂ ਉਂਗਲਾਂ

March 28, 2018 | By

ਚੰਡੀਗੜ੍ਹ: ਖਾਲਸਾ ਪੰਥ ਦੇ ਭਾਰੀ ਵਿਰੋਧ ਤੋਂ ਬਾਅਦ ਇਕ ਵਾਰ ਵਾਪਿਸ ਲੈ ਲਈ ਗਈ ਫਿਲਮ ” ਨਾਨਕ ਸ਼ਾਹ ਫ਼ਕੀਰ ” ਨੂੰ ਦੁਬਾਰਾ ਫੇਰ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਇਸ ਦਾ ਵਿਰੋਧ ਦੁਬਾਰਾ ਫੇਰ ਸ਼ੁਰੂ ਹੋ ਗਿਆ ਹੈ।

ਜਿਕਰਯੋਗ ਹੈ ਕਿ ਪਹਿਲਾਂ ਸਾਲ 2015 ਵਿਚ ਇਹ ਫਿਲਮ ਰਿਲੀਜ਼ ਕੀਤੀ ਜਾਣੀ ਸੀ ਪਰ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਮਾਤਾ ਨਾਨਕੀ ਜੀ ਅਤੇ ਗੁਰੂ ਪਰਿਵਾਰ ਨੂੰ ਫਿਲਮਾਉਣ ਖਿਲਾਫ ਸਿੱਖ ਜਗਤ ਵਿਚ ਵੱਡਾ ਰੋਸ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਫਿਲਮ ਨੂੰ ਵਾਪਿਸ ਲੈ ਲਿਆ ਸੀ।

ਫਿਲਮ ਨਾਨਕ ਸ਼ਾਹ ਫਕੀਰ ਦਾ ਵਿਰੋਧ ਕਰਦੇ ਹੋਏ ਸਿੱਖ

ਜਿੱਥੇ ਸਿੱਖ ਜਗਤ ਇਸ ਫਿਲਮ ਨੂੰ ਸਿੱਖ ਸਿਧਾਂਤਾਂ ਦੇ ਉੱਤੇ ਵੱਡਾ ਹਮਲਾ ਦਸਦਿਆਂ ਇਸ ਦਾ ਵਿਰੋਧ ਕਰ ਰਿਹਾ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਲਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚ ਸਿੰਘ ਦਾ ਰੋਲ ਵੀ ਬੇਹੱਦ ਸ਼ੱਕੀ ਨਜ਼ਰ ਆ ਰਿਹਾ ਹੈ। ਹੁਣ ਜਦੋਂ ਦੁਬਾਰਾ ਫੇਰ ਇਸ ਫਿਲਮ ਨੂੰ 13 ਅਪ੍ਰੈਲ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਜਾਰੀ ਕੀਤੇ ਗਏ ਟ੍ਰੇਲਰ ਵਿਚ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਸ਼੍ਰੋਮਣੀ ਕਮੇਟੀ ਖਿਲਾਫ ਸਿੱਖ ਜਗਤ ਦਾ ਰੋਹ ਇਕ ਵਾਰ ਫੇਰ ਉੱਠਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਨੇ ਆਪਣੀ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਦੀ ਇਸ ਫਿਲਮ ਦੇ ਨਿਰਮਾਤਾ ਨਾਲ ਅੰਦਰਖਾਤੇ ਚਲਦੀ ਸਾਂਝ ਸਾਫ ਪ੍ਰਤੀਤ ਹੋ ਰਹੀ ਹੈ।

ਪਾਠਕਾਂ ਦੀ ਜਾਣਕਾਰੀ ਹਿੱਤ ਸੁਖਦੇਵ ਸਿੰਘ ਭੋਰ ਵਲੋਂ ਲਿਖੇ ਸ਼ਬਦ ਹੂਬਹੂ ਇੱਥੇ ਸਾਂਝੇ ਕਰ ਰਹੇ ਹਾਂ:-

“ਫਿਲਮ ” ਨਾਨਕ ਸ਼ਾਹ ਫ਼ਕੀਰ ” ਇੱਕ ਵਾਰ ਫਿਰ ਚਰਚਾ ਵਿੱਚ ਹੈ | ਇਹ ਫਿਲਮ ਦੇਖ ਕੇ ਪਾਸ ਕਾਰਨ ਲਈ ਸਾਡੀ ਸਬ ਕਮੇਟੀ ਬਣਾਈ ਗਈ ਸੀ , ਜਿਸ ਵਿੱਚ ਮੇਰੇ ਤੋਂ ਇਲਾਵਾ ਸ੍ਰ .ਰਘੂਜੀਤ ਸਿੰਘ ” ਵਿਰਕ “, ਸ੍ਰ .ਰਾਜਿੰਦਰ ਸਿੰਘ ” ਮਹਿਤਾ “, ਡਾ. ਰੂਪ ਸਿੰਘ ਵੀ ਸ਼ਾਮਿਲ ਸਨ | ਸਾਨੂੰ ਇਹ ਫਿਲਮ , ਇਸ ਫਿਲਮ ਦੇ ਪ੍ਰੋਡਿਊਸਰ ਸ੍ਰੀ ਸਿੱਕਾ ਜੀ ਦੇ ਘਰ ਦਿੱਲੀ ਵਿੱਚ ਬਣੇ ਥੀਏਟਰ ਵਿੱਚ ਵਿਖਾਈ ਗਈ ਸੀ | ਸਾਨੂੰ ਫਿਲਮ ਦਿਖਾਉਣ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਇਸ ਫਿਲਮ ਨੂੰ ਸਾਡੇ ਤੋਂ ਪਹਿਲਾਂ ਸ੍ਰ .ਪ੍ਰਕਾਸ਼ ਸਿੰਘ ” ਬਾਦਲ ” , ਸੁਖਵੀਰ ਸਿੰਘ ” ਬਾਦਲ “, ਹਰਸਿਮਰਤ ਕੌਰ ” ਬਾਦਲ “, ਗਿਆਨੀ ਗੁਰਬਚਨ ਸਿੰਘ ਜਥੇ : ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੋ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਬਾਬਾ ਹਰਨਾਮ ਸਿੰਘ ” ਧੁੱਮਾਂ “, ਭਾਈ ਜਸਵੀਰ ਸਿੰਘ “ਰੋਡੇ “ਅਤੇ ਸ੍ਰ .ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਭੀ ਵੇਖਿਆ ਹੈ | ਉਨ੍ਹਾਂ ਸਾਰਿਆਂ ਨੇ ਹੀ ਇਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ | ਇਹ ਭੀ ਦੱਸਿਆ ਗਿਆ ਕਿ ਬਾਦਲ ਪਰਿਵਾਰ ਨੇ PTC ਚੈਨਲ ਤੇ ਇਸ ਫਿਲਮ ਦੀ ਫਰੀ ਮਸ਼ਹੂਰੀ ਕਰਨ ਦਾ ਭੀ ਭਰੋਸਾ ਦਿੱਤਾ ਹੈ |

ਪਰੰਤੂ ਜਦੋਂ ਅਸੀਂ ਇਹ ਫਿਲਮ ਦੇਖੀ ਸਾਨੂੰ ਇਸ ਵਿੱਚ ਬਹੁਤ ਕੁੱਝ ਇਤਰਾਜ਼ਯੋਗ ਲੱਗਾ ਜਿਵੇਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਆਉਂਦਾ ਹੈ , ਸਿੱਕਾ ਇਸ ਨੂੰ ਐਨੀਮੇਸ਼ਨ ਦੱਸ ਰਹੇ ਹਨ ਪਰ ਕਮੇਟੀ ਨੇ ਮਹਿਸੂਸ ਕੀਤਾ ਸੀ ਕਿ ਇਹ ਕਿਰਦਾਰ ਐਨੀਮੇਸ਼ਨ ਨਹੀਂ ਹੈ ਬਲਕਿ ਕਿਸੇ ਕਲਾਕਾਰ ਵਲੋਂ ਨਿਭਾਇਆ ਗਿਆ ਹੈ | ਇਸੇ ਤਰਾਂ ਮਾਤਾ ਤ੍ਰਿਪਤਾ ਜੀ ਦਾ ਰੋਲ, ਬੇਬੇ ਨਾਨਕੀ ਜੀ ਦਾ ਰੋਲ ਅਤੇ ਭਾਈ ਮਰਦਾਨਾਂ ਜੀ ਦਾ ਰੋਲ ਭੀ ਫ਼ਿਲਮੀ ਕਲਾਕਾਰਾਂ ਵਲੋਂ ਹੀ ਨਿਭਾਇਆ ਗਿਆ ਹੈ |ਹੋਰ ਭੀ ਬਹੁਤ ਸਾਰੇ ਇਤਰਾਜ਼ ਸਨ ਜਿਸ ਕਰਕੇ ਅਸੀਂ ਇਸ ਫਿਲਮ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ |

ਜਦੋਂ ਅਸੀਂ ਵਾਪਿਸ ਆਉਣ ਲੱਗੇ ਤਾਂ ਸਾਨੂੰ ” ਸਿੱਕਾ ” ਵਲੋਂ ਦੱਸਿਆ ਗਿਆ ਕਿ ਜਥੇ : ਗਿਆਨੀ ਗੁਰਬਚਨ ਸਿੰਘ ਨੇ ਇਸ ਫਿਲਮ ਨੂੰ ਪਾਸ ਹੀ ਨਹੀਂ ਕੀਤਾ ਸਗੋਂ ਇੱਕ ਪ੍ਰਸੰਸਾ ਪੱਤਰ ਭੀ ਜਾਰੀ ਕੀਤਾ ਹੈ | ਸਾਨੂੰ ਉਹ ਪ੍ਰਸੰਸਾ ਪੱਤਰ ਭੀ ਦਿਖਾਇਆ ਗਿਆ | ਮੈਂ ਉਸੇ ਵਕ਼ਤ ਗਿ : ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਤੁਸੀਂ ਇਸ ਫਿਲਮ ਨੂੰ ਸਹੀ ਮੰਨ ਕੇ ਪ੍ਰਸੰਸਾ ਪੱਤਰ ਭੀ ਜਾਰੀ ਕਰ ਚੁੱਕੇ ਹੋ ਫਿਰ ਅਸੀਂ ਕਾਹਦੀ ਰਿਪੋਰਟ ਕਰੀਏ ? ਉਹ ਕਹਿਣ ਲੱਗੇ ਕਿ ਮੈਂ ਤਾਂ ਇਨ੍ਹਾਂ ਦੇ ਕੰਮ ਦੀ ਹੀ ਪ੍ਰਸੰਸਾ ਕੀਤੀ ਹੈ , ਫਿਲਮ ਦੀ ਨਹੀਂ | ਮੈਂ ਫਿਰ ਪੁੱਛਿਆ ਕਿ ਫਿਲਮ ਤੋਂ ਇਲਾਵਾ ਤਾਂ ਇਨ੍ਹਾਂ ਹੋਰ ਕੋਈ ਪੰਥਕ ਕੰਮ ਕੀਤਾ ਹੀ ਨਹੀਂ ਤਾਂ ਉਹ ਕੁੱਝ ਨਾਂ ਬੋਲੇ |

ਕੁੱਝ ਸਮੇ ਬਾਅਦ, ਸ੍ਰੀ ਅੰਮ੍ਰਿਤਸਰ ਸਾਹਿਬ , ਮੱਕੜ ਸਾਹਿਬ ਕਹਿਣ ਲੱਗੇ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਭੀ ਕਰਨੀ ਹੈ| ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਪਾਸ ਕਰ ਚੁੱਕਾ ਹੈ ਫਿਰ ਹੋਰ ਕਿਸੇ ਨੂੰ ਭੇਜਣ ਦੀ ਕੀ ਲੋੜ ਹੈ ?

ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ਦੇ ਵਾਵਜੂਦ ਅਜਿਹੀਆਂ ਫ਼ਿਲਮਾਂ ਦਾ ਚਲਣ ਗੰਭੀਰ ਪੰਥਕ ਮਸਲਾ ਹੈ | ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ |

ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ ” ਭੌਰ “”

 

ਸਿਰਦਾਰ ਅਜਮੇਰ ਸਿੰਘ ਤੇ ਸ. ਹਰਕੰਵਲ ਸਿੰਘ ਨਾਲ “ਨਾਨਕਸ਼ਾਹ ਫਕੀਰ ਜਿਹੀਆਂ ਫਿਲਮਾਂ ਦੀ ਹਿਮਾਇਤ ਪਿੱਛੇ ਕੰਮ ਕਰਦੀ ਮਾਨਸਿਕਤਾ ਬਾਰੇ” ਕੀਤੀ ਗਈ ਗੱਲਬਾਤ ਸਾਂਝੀ ਕਰ ਰਹੇ ਹਾਂ। ਆਪ ਸੁਣੋਂ ਅਤੇ ਹਰੋਨਾਂ ਨਾਲ ਸਾਂਝੀ ਕਰੋ:

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,