May 17, 2012 | By ਬਲਜੀਤ ਸਿੰਘ
ਚੰਡੀਗੜ੍ਹ, ਪੰਜਾਬ (17 ਮਈ, 2012): 29 ਮਾਰਚ ਨੂੰ ਗੁਰਦਾਸਪੁਰ ਵਿਖੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਮਾਰੇ ਗਏ ਜਸਪਾਲ ਸਿੰਘ ਦੀ ਮੌਤ ਸਬੰਧੀ ਚੰਡੀਗੜ੍ਹ ਵਿਖੇ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਬੀਤੇ ਦਿਨ (16 ਮਈ, 2012 ਨੂੰ) ਇਹ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਇਨਸਾਫ਼ ਕਰਨ ਦੀ ਥਾਂ ਪੁਲਿਸ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ।
ਮਨੁੱਖੀ ਹੱਕਾਂ ਦੀ ਇਸ ਜਥੇਬੰਦੀ ਅਨੁਸਾਰ ਮਾਮਲੇ ਨੂੰ ਕਮਜ਼ੋਰ ਕਰਨ ਲਈ ਫਰਜ਼ੀ ਸਬੂਤ ਅਤੇ ਤੱਥ ਘੜੇ ਜਾ ਰਹੇ ਹਨ।
ਬੀਤੇ ਦਿਨ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇਹ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਜਸਪਾਲ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਤਾਂ ਦਬਾਅ ਹੇਠ ਕਤਲ ਦਾ ਮਾਮਲਾ ਦਰਜ ਲਿਆ, ਪਰ ਉਸੇ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਰਣਜੀਤ ਸਿੰਘ ਦੇ ਮਾਮਲੇ ਵਿਚ ਕੋਈ ਪਰਚਾ ਹੀ ਦਰਜ ਨਹੀਂ ਕੀਤਾ ਗਿਆ, ਜਦਕਿ ਰਣਜੀਤ ਸਿੰਘ ਦਾ ਏ. ਕੇ. 47 ਦੀ ਵੱਜੀ ਗੋਲੀ ਨਾਲ ਹੋਇਆ ਜਖ਼ਮ ਅਜੇ ਤੱਕ ਵੀ ਠੀਕ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਾਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਇਸ ਕਾਂਡ ਦੌਰਾਨ ਗੁਰਦਾਸਪੁਰ ਦਾ ਸਿਵਲ ਪ੍ਰਸਾਸ਼ਨ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਡਵੀਜ਼ਨਲ ਕਮਿਸ਼ਨਰ ਐਸ.ਆਰ. ਲੱਧੜ ਵੱਲੋਂ ਕੀਤੀ ਜਾ ਰਹੀ ਜਾਂਚ ਸਪੱਸ਼ਟ ਅਤੇ ਨਿਰਪੱਖ ਹੋਵੇਗੀ, ਜਦਕਿ ਡੀ.ਜੀ.ਆਈ. ਬਾਰਡਰ ਰੇਂਜ ਦੀ ਅਗਵਾਈ ਵਿਚ ਗਠਿਤ ਕੀਤੇ ਵਿਸ਼ੇਸ਼ ਜਾਂਚ ਦਲ ਦੀ ਜਾਂਚ ਸਿਰਫ਼ ਦੋਸ਼ੀਆਂ ਨੂੰ ਬਚਾਉਣ ਦਾ ਢੋਂਗ ਹੈ।
ਰਿਪੋਰਟ ਅਨੁਸਾਰ ਪੁਲਿਸ ਅਜੇ ਵੀ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ ਕਿ ਜਸਪਾਲ ਸਿੰਘ ਦੀ ਮੌਤ ਪੁਲਿਸ ਗੋਲੀ ਨਾਲ ਹੋਈ ਹੈ ਜਾਂ ਰਣਜੀਤ ਸਿੰਘ ਨੂੰ ਪੁਲਿਸ ਗੋਲੀ ਵੱਜੀ ਹੈ, ਪੁਲਿਸ ਨੇ ਤਾਂ ਅਜੇ ਤੱਕ ਇਹ ਜਾਂਚ ਵੀ ਨਹੀਂ ਕੀਤੀ ਕਿ ਕਿਸ ਹਥਿਆਰ ਤੋਂ ਉਕਤ ਗੋਲੀਆਂ ਚੱਲੀਆਂ ਸਨ। ਪੁਲਿਸ ਨੇ ਉਨ੍ਹਾਂ ਸ਼ਿਵ ਸੈਨਿਕਾਂ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ, ਜਿਨ੍ਹਾਂ ਖਿਲਾਫ਼ ਨਾਮ ਸਹਿਤ ਮੁਕੱਦਮੇ ਦਰਜ ਕੀਤੇ ਹੋਏ ਹਨ ਜਦਕਿ ਇਹ ਮਾਮਲੇ ਗ਼ੈਰ ਜ਼ਮਾਨਤਯੋਗ ਅਤੇ ਫੌਜਦਾਰੀ ਧਾਰਾਵਾਂ ਅਧੀਨ ਦਰਜ ਕੀਤੇ ਗਏ ਸਨ।
Related Topics: Advocate Navkiran Singh, Gurdaspur Killing, Human Rights, LFHRI, Punjab Police, Shaheed Bhai Jaspal Singh Gurdaspur