July 12, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਦੇ ਸਾਂਝੇ ਅਧਿਆਤਮਕ ਅਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਲੰਗਰ ਸਮੇਤ ਹੋਰ ਸਮਾਨ ਦੀ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ 2005 ਤੇ 2008 ਵਿਚ ਨੋਟੀਫਿਕੇਸ਼ਨ ਰਾਹੀਂ ਵੈਟ ਮੁਕਤ ਕੀਤਾ ਸੀ।
ਪਰੰਤੂ ਹੁਣ ਜੀ.ਐਸ.ਟੀ. ਲਾਗੂ ਹੋਣ ਨਾਲ ਇਹ ਨੋਟੀਫਿਕੇਸ਼ਨ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੰਗਰਾਂ ਲਈ ਹਰ ਸਾਲ ਲਗਭਗ 75 ਕਰੋੜ ਰੁਪਏ ਦੀ ਲਾਗਤ ਨਾਲ ਦੇਸੀ ਘਿਉ, ਖੰਡ, ਸੁੱਕਾ ਦੁੱਧ ਅਤੇ ਦਾਲ਼ਾਂ ਖਰੀਦੇ ਜਾਂਦੇ ਹਨ ਅਤੇ ਹੁਣ ਜੀ.ਐਸ.ਟੀ. ਲਾਗੂ ਹੋਣ ਨਾਲ ਗੁਰਦੁਆਰਾ ਸਾਹਿਬਾਨ ਉਪਰ ਲਗਭਗ 9 ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਵਿਖੇ ਸੰਗਤਾਂ ਦੇ ਪੈਸਿਆਂ ਨਾਲ ਲੰਗਰ ਸਮੇਤ ਹੋਰ ਸੇਵਾਵਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੈਸੇ ਕਿਸੇ ਵਪਾਰਕ ਜਾਂ ਨਿੱਜੀ ਹਿਤਾਂ ਲਈ ਨਹੀਂ ਵਰਤੇ ਜਾਂਦੇ ਸਗੋਂ ਲੰਗਰ, ਸਿਹਤ ਸੇਵਾਵਾਂ, ਕੈਂਸਰ ਪੀੜਤਾਂ ਨੂੰ ਆਰਥਿਕ ਸਹਾਇਤਾ, ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਗੁਰਧਾਮਾਂ ਦੇ ਪ੍ਰਬੰਧ ਤੇ ਮੁਰੰਮਤ ਲਈ ਵਰਤੇ ਜਾਂਦੇ ਹਨ।
ਪ੍ਰੋ: ਬਡੂੰਗਰ ਨੇ ਪੱਤਰ ਵਿਚ ਲਿਖਿਆ ਕਿ ਸਾਰੇ ਗੁਰਦੁਆਰਾ ਸਾਹਿਬਾਨਾਂ ਵਿਖੇ ਸਭ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ ਜਿਸ ਨਾਲ ਮਨੁੱਖਤਾ ਦੀ ਸੇਵਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਵਰਤਾਇਆ ਜਾਣ ਵਾਲਾ ਪ੍ਰਸ਼ਾਦ ਵੀ ਜੀ.ਐਸ.ਟੀ. ਤੋਂ ਮੁਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸੀ ਘਿਉ ਉਪਰ 12%, ਖੰਡ ਉਪਰ 18% ਅਤੇ ਦਾਲ਼ਾਂ ਉਪਰ 5% ਜੀ.ਐਸ.ਟੀ. ਲਾਗੂ ਹੈ ਤਾਂ ਫਿਰ ਪ੍ਰਸ਼ਾਦ ਅਤੇ ਗੁਰਦੁਆਰਾ ਸਾਹਿਬਾਨ ਜੀ.ਐਸ.ਟੀ. ਤੋਂ ਮੁਕਤ ਕਿਵੇਂ ਹੋਏ?
ਉਨ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਤਾਂ ਜੋ ਗੁਰਦੁਆਰਾ ਸਾਹਿਬਾਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਨਿਰਵਿਘਨ ਚੱਲਦੀਆਂ ਰਹਿਣ।
Related Topics: Arun Jaitley, GST, Narinderpal Singh, Prof. Kirpal Singh Badunger, Shiromani Gurdwara Parbandhak Committee (SGPC)