August 4, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਕੀਤੇ ਜਥੇਦਾਰਾਂ ਵਲੋਂ ਦਿੱਤੀ ਬਿਨ ਮੰਗੀ ਮੁਆਫੀ ਪਿੱਛੇ ਬਾਦਲ ਪਿਉ ਪੁੱਤਰਾਂ ਦੇ ਹੱਥ ਦਾ ਇੰਕਸ਼ਾਫ ਕਰਨ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਬੀਤੇ ਕਲ੍ਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਹਾਜਰ ਡਿਊਟੀ ਹੋ ਗਏ।
ਸਾਲ 2017 ਦੀ ਵੈਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਇੱਕ ਸੁਨੇਹੇ ਵਿੱਚ ਗਿਆਨੀ ਗੁਰਮੁਖ ਸਿੰਘ ਨੇ ਸੱਦਾ ਦਿੱਤਾ ਸੀ ਕਿ ਡੇਰਾ ਸਿਰਸਾ ਵਿਵਾਦ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੀ ਨਿਰਪੱਖ ਜਾਂਚ ਲਈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਅੰਤਰਰਾਸ਼ਟਰੀ ਕਮੇਟੀ ਬਣਾਈ ਜਾਵੇ। ਇਥੇ ਹੀ ਬੱਸ ਨਹੀ ਗਿਆਨੀ ਜੀ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਪਸ਼ਟ ਕਰਨ ਲਈ ਕਹਿ ਦਿੱਤਾ ਸੀ ਕਿ, “ਉਹ ਦੱਸਣ ਡੇਰਾ ਸਿਰਸਾ ਮੁਖੀ ਦੀ ਹਿੰਦੀ ਵਾਲੀ ਚਿੱਠੀ ਅੰਮ੍ਰਿਤਸਰ ਪੁਜਦਿਆਂ ਪੰਜਾਬੀ ਵਿੱਚ ਕਿਵੇਂ ਬਦਲ ਗਈ ਤੇ ਅਕਾਲ ਤਖਤ ਤੇ ਕੌਣ ਲੈਕੇ ਆਇਆ।” 17 ਅਪ੍ਰੈਲ 2017 ਨੂੰ ਜਦੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋ ਰਹੀ ਸੀ ਤਾਂ ਗਿਆਨੀ ਜੀ ਨੇ ਇਹ ਕਹਿ ਕੇ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਕਿ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਬੰਦ ਕਮਰੇ ਵਿੱਚ ਨਾ ਹੋਕੇ ਸੰਗਤ ਦੀ ਮੌਜੂਦਗੀ ਵਿੱਚ ਹੋਵੇ।
ਗਿਆਨੀ ਗੁਰਮੁਖ ਸਿੰਘ ਵਲੋਂ ਬਾਦਲਾਂ ਖਿਲਾਫ ਬੋਲਣ ਕਾਰਣ ਹੀ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਗਿਆਨੀ ਜੀ ਨੂੰ ਤਖਤ ਦੀ ਜਥੇਦਾਰੀ ਤੋਂ ਲਾਹਿਆ ਤੇ ਫਿਰ ਸ਼੍ਰੋਮਣੀ ਕਮੇਟੀ ਮੁਲਾਜਮਾਂ ਲਈ ਕਾਲਾਪਾਣੀ ਜਾਣੇ ਜਾਂਦੇ ਹਰਿਆਣਾ ਸਥਿਤ ਗੁ:ਧਮਧਾਨ ਸਾਹਿਬ ਤਬਦੀਲ ਕਰ ਦਿੱਤਾ। ਇਸਦੇ ਨਾਲ ਹੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਦੇ ਭਰਾਤਾ ਅਤੇ ਨਿੱਜੀ ਸਹਾਇਕ ਹਿੰਮਤ ਸਿੰਘ ਨੂੰ ਵੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸਤੇ ਉਸਨੇ ਕਮੇਟੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਜਿਕਰ ਕਰਨਾ ਬਣਦਾ ਹੈ ਕਿ ਹਿੰਮਤ ਸਿੰਘ ਖੁਦ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ ਤੇ ਬਾਦਲਾਂ ਵਲੋਂ ਡੇਰਾ ਮੁਖੀ ਨੂੰ ਮੁਆਫੀ ਬਾਰੇ ਜਥੇਦਾਰਾਂ ਨੂੰ ਦਿੱਤੇ ਹੁਕਮ ਦਾ ਖੁਲਾਸਾ ਕੀਤਾ।
ਦੂਜੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੀਤੇ ਕਲ੍ਹ ਜਦੋਂ ਗਿਆਨੀ ਗੁਰਮੁਖ ਸਿੰਘ ਅਕਾਲ ਤਖਤ ਸਾਹਿਬ ਪੁਜੇ ਤਾਂ ਉਸ ਵੇਲੇ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਉਨ੍ਹਾਂ ਦੇ ਨਾਲ ਸਨ । ਰਾਤ ਦੇ ਦਸ ਵਜੇ ਹੋਏ ਸਨ ਤੇ ਅਕਾਲ ਤਖਤ ਸਾਹਿਬ ਵਿਖੇ ਸਮਾਪਤੀ ਦੀ ਅਰਦਾਸ ਉਪਰੰਤ ਪਾਵਨ ਸਰੂਪ ਸੁਖ ਆਸਣ ਲਈ ਲਿਜਾਇਆ ਜਾ ਚੁੱਕਾ ਸੀ। ਮੀਤ ਮੈਨੇਜਰ ਦੀ ਹਾਜਰੀ ਵਿੱਚ ਹੀ ਗਿਆਨੀ ਗੁਰਮੁਖ ਸਿੰਘ ਹੁਰਾਂ ਆਪਣੀ ਆਮਦ ਦੀ ਹਾਜਰੀ ਲਗਾਈ। ਗ੍ਰੰਥੀ ਭਾਈ ਸੁਖਚੈਨ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਉ ਬਖਸ਼ਿਸ਼ ਕੀਤਾ। ਗੁ:ਧਮਧਾਨ ਸਾਹਿਬ ਤੋਂ ਰਵਾਨਾ ਹੋਣ ਤੋਂ ਲੈਕੇ ਅੱਜ ਦੇਰ ਸ਼ਾਮ ਤੀਕ ਵੀ ਗਿਆਨੀ ਗੁਰਮੁਖ ਸਿੰਘ ਦਾ ਮੋਬਾਇਲ ਬੰਦ ਹੀ ਮਿਲ ਰਿਹਾ ਸੀ।
Related Topics: Giani Gurmukh SIngh, SGPC