June 20, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਪੱਤਰ ਭੇਜਿਆ ਗਿਆ ਹੈ। ਇਹ ਧਮਕੀ ਪੱਤਰ ਉਨ੍ਹਾਂ ਦੇ ਜੱਦੀ ਘਰ ਪਿੰਡ ਆਰਿਫਕੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਭੇਜਿਆ ਗਿਆ। ਪੱਤਰ ਬਾਰੇ ਉਨ੍ਹਾਂ ਪੰਜਾਬ ਪੁਲਿਸ ਦੇ ਡੀਜੀਪੀ, ਪੁਲੀਸ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਸੂਚਿਤ ਕੀਤਾ ਹੈ।
ਦੋ ਸਫ਼ਿਆਂ ਦਾ ਇਹ ਪੱਤਰ ਸਕੂਲੀ ਕਾਪੀ ਦੇ ਪੰਨਿਆਂ ’ਤੇ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਇਹ ਪੱਤਰ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਲੱਗੇ ਤਾਲੇ ਨਾਲ ਲਟਕੇ ਥੈਲੇ ਵਿੱਚ ਸੀ, ਜਿਸ ਨੂੰ ਉਨ੍ਹਾਂ ਦੇ ਤਾਏ ਦੇ ਪੁੱਤਰ ਨੇ ਦੇਖਿਆ ਅਤੇ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ। ਇਸ ਪੱਤਰ ਵਿੱਚ ਸਾਬਕਾ ਜਥੇਦਾਰ ਦਾ ਨਾਂ ਆਦਿ ਨਹੀਂ ਲਿਖਿਆ ਗਿਆ ਪਰ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਪੱਤਰ ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ‘ਗੁਰੂ ਜੀ’ ਆਖਿਆ ਗਿਆ ਹੈ। ਪੱਤਰ ਵਿੱਚ ਧਮਕੀ ਦਿੱਤੀ ਹੈ ਕਿ ਸਾਬਕਾ ਜਥੇਦਾਰ ਆਪਣੇ ਪਿੰਡ ਵਿੱਚ ਮੁੜ ਗੁਰਮਤਿ ਸਮਾਗਮ ਕਰ ਕੇ ਦੇਖਣ। ਇਸ ਸਬੰਧੀ ਭਾਈ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਪੱਤਰ ਬਾਰੇ ਅੱਜ ਹੀ ਉਸ ਦੇ ਭਰਾ ਨੇ ਪਿੰਡ ਤੋਂ ਸੂਚਿਤ ਕੀਤਾ ਹੈ ਅਤੇ ਪੱਤਰ ਦੀ ਕਾਪੀ ਭੇਜ ਦਿੱਤੀ ਹੈ, ਜਿਸ ਬਾਰੇ ਉਨ੍ਹਾਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ, ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਪੱਤਰ ਦੀਆਂ ਕਾਪੀਆਂ ਭੇਜ ਕੇ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਪਣੇ ਪਿੰਡ ਤੇ ਹੋਰ ਥਾਵਾਂ ‘ਤੇ ਗੁਰਮਤਿ ਸਮਾਗਮਾਂ ਅਤੇ ਡੇਰੇ ਦੇ ਭੰਡੀ ਪ੍ਰਚਾਰ ਖ਼ਿਲਾਫ਼ ਕੀਤੇ ਸਮਾਗਮਾਂ ਕਾਰਨ ਹੀ ਸ਼ਾਇਦ ਇਹ ਧਮਕੀ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਜੱਦੀ ਪਿੰਡ ਤੇ ਹੋਰ ਥਾਵਾਂ ‘ਤੇ ਪਹਿਲਾਂ ਵਾਂਗ ਹੀ ਗੁਰਮਤਿ ਸਮਾਗਮ ਜਾਰੀ ਰੱਖਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਆਖਿਆ ਕਿ ਪੱਤਰ ਬਾਰੇ ਜਾਣਕਾਰੀ ਮਿਲੀ ਹੈ ਅਤੇ ਸਾਬਕਾ ਜਥੇਦਾਰ ਦੀ ਸੁਰੱਖਿਆ ਲਈ ਲੋੜ ਮੁਤਾਬਕ ਕਦਮ ਚੁੱਕੇ ਜਾਣਗੇ।
ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਨੇ ਇਸ ਚਿੱਠੀ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਗਿਆਨੀ ਗੁਰਮੁੱਖ ਸਿੰਘ ਅਜਿਹਾ ਕਰ ਰਹੇ ਹਨ। ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ’ਚ ਨਿਭਾਈ ਭੂਮਿਕਾ ਨਸ਼ਰ ਹੋਣ ਤੋਂ ਬਾਅਦ ਬਦਨਾਮੀ ਦਾ ਦਾਗ਼ ਧੋਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਸਬੰਧਤ ਖ਼ਬਰ:
ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …
Related Topics: Anti-Sikh Deras, Bhai Dhian Singh Mand, Dera Sauda Sirsa, Giani Gurmukh SIngh