September 20, 2016 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜਰਮਨ ਮੂਲ ਦੇ ਨਾਗਰਿਕ ਹੋਲਗਰ ਐਰਿਕ ਦੀ ਹਿਮਾਚਲ ਪ੍ਰਦੇਸ਼ ਦੇ ਕਸਬੇ ਮਨੀਕਰਣ ਵਿਖੇ ਕੁਝ ਲੋਕਾਂ ਵਲੋਂ ਭਾਰੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਲਗਰ ਸਭ ਕੁਝ ਲੁੱਟਾ ਕੇ ਆਖਿਰ ਬਾਬਾ ਬਕਾਲਾ ਸਥਿਤ ਨਿਹੰਗ ਡੇਰਾ ਤਰਨਾ ਦਲ ਪੁੱਜਾ ਜਿਥੇ ਉਸਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਮੁੱਖ ਪ੍ਰਬੰਧਕੀ ਸਕੱਤਰ ਭਾਈ ਪਪਲਪ੍ਰੀਤ ਸਿੰਘ ਨੇ ਅੱਜ ਬਾਬਾ ਬਕਾਲਾ ਪੁੱਜਕੇ ਹੋਲਗਰ ਐਰਿਕ ਨਾਲ ਗੱਲਬਾਤ ਕੀਤੀ।
ਹੋਲਗਰ ਨੇ ਦੱਸਿਆ ਕਿ ਮਨੀਕਰਣ ਪੁਲਿਸ ਨੇ ਵੀ ਉਸ ਨਾਲ ਪੀੜਤ ਦੀ ਬਜਾਏ ਹਮਲਾਵਰ ਦਾ ਵਤੀਰਾ ਅਪਣਾਇਆ ਹੈ। ਉਸ ਪਾਸ ਜੋ ਵੀ ਪੈਸਾ ਸੀ ਉਹ ਖੁੱਦ ਨੂੰ ਬੇਕਸੂਰ ਸਾਬਿਤ ਕਰਨ ਵਿੱਚ ਖਤਮ ਹੋ ਗਿਆ ਹੈ। ਬੜੀ ਮੁਸ਼ਕਿਲ ਨਾਲ ਇਥੋਂ ਤੀਕ ਪੁੱਜਾ ਹੈ, ਜਰਮਨ ਪਾਸਪੋਰਟ ਅਜੇ ਵੀ ਮਨੀਕਰਣ ਪੁਲਿਸ ਕੋਲ ਹੈ। ਉਸਨੇ ਗੁਰਦੁਆਰਾ ਸਾਹਿਬ ਵਿੱਚ ਟਿਕਾਣਾ ਕੀਤਾ ਹੈ, ਨਿਹੰਗ ਸਿੰਘ ਜਥੇਬੰਦੀ-ਤਰਨਾ ਦਲ ਦੇ ਸਿੰਘ ਹੋਲਗਰ ਦੀ ਦੇਖਭਾਲ ਕਰ ਰਹੇ ਹਨ, ਜਿਨ੍ਹਾਂ ਵਿੱਚ ਗੁਰਦੁਆਰਾ ਅਮਾਨਤਸਰ ਸਾਹਿਬ ਦੇ ਪ੍ਰਬੰਧਕ ਭਾਈ ਦਇਆ ਪ੍ਰਮੁੱਖ ਹਨ। ਸ. ਪਪਲਪ੍ਰੀਤ ਸਿੰਘ ਨੇ ਦੱਸਿਆ ਅੰਮ੍ਰਿਤਸਰ ਤੋਂ ਇੱਕ ਵਕੀਲ ਬੀਬੀ, ਹੋਲਗਰ ਦਾ ਕੇਸ ਲੜਨਗੇ। ਹੋਲਗਰ ਨਾਲ ਕੁੱਟਮਾਰ ਇੰਨੀ ਭਿਆਨਕ ਸੀ ਕਿ ਉਸ ਦੀ ਪੱਸਲੀਆਂ ਵੀ ਟੁੱਟ ਗਈਆਂ ਸਨ।
Related Topics: Holgar Airik, Manikaran, Papalpreet Singh