February 23, 2016 | By ਸਿੱਖ ਸਿਆਸਤ ਬਿਊਰੋ
ਲੰਡਨ ( 23 ਫਰਵਰੀ, 2016): ਸੁਖਬੀਰ ਬਾਦਲ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਵਾਸਤੇ ਆਖਣਾ ਉਸ ਦੀ ਬੌਖਲਾਹਟ ਦੀ ਨਿਸ਼ਾਨੀ ਹੈ । ਇਸ ਨੂੰ ਪਤਾ ਹੀ ਲੱਗ ਰਿਹਾ ਕਿ ਇਹ ਕੀ ਆਖ ਰਿਹਾ ਹੈ ।
ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਇਸ ਨੂੰ ( ਕਾਲੀ ਦਲ ਦੇ ਪਰਧਾਨ ) ਯਾਦ ਕਰਵਾਇਆ ਗਿਆ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਬੁਤਰਸ ਘਾਲੀ ਨੂੰ ਖਾਲਿਸਤਾਨ ਦੇ ਹੱਕ ਵਿੱਚ ਮੈਮੋਰੰਡਮ ਦੇਣ ਵਾਲਿਆਂ ਵਿੱਚ ਇਸ ਦਾ ਪਿਉ ਪ੍ਰਕਾਸ਼ ਬਾਦਲ ( ਮੌਜੂਦਾ ਮੁੱਖ ਮੰਤਰੀ ਪੰਜਾਬ ) ਵੀ ਸ਼ਾਮਲ ਸੀ ਉਸ ਨੇ ਬਕਾਇਦਾ ਦਸਤਖਤ ਕੀਤੇ ਸਨ ।
ਇਸ ਕਰਕੇ ਸਭ ਤੋਂ ਪਹਿਲਾਂ ਉਸਦੇ ਖਿਲਾਫ ਕਾਰਵਾਈ ਕਰਵਾਏ ਤਾਂ ਬਿਹਤਰ ਹੋਵੇਗਾ । ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਇਸ ਵਿਆਕਤੀ ਕੋਲ ਜਿੰਨੀ ਜਾਣਕਾਰੀ ਹੈ ਉਹ ਜਰੂਰਤ ਨਾਲੋਂ ਦਸ ਹਜ਼ਾਰ ਗੁਣਾ ਘੱਟ ਹੈ । ਕਿਉਂ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 10 ਮਾਰਚ 1946 ਨੂੰ ਅਜਾਦ ਸਿੱਖ ਸਟੇਟ ( ਸਿੱਖ ਹੋਮਲੈਂਡ ) ਦਾ ਜਨਰਲ ਹਾਊਸ ਵਿੱਚ ਮਤਾ ਪਾਸ ਕੀਤਾ ਸੀ ਅਤੇ ਸ੍ਰੋਮਣੀ ਅਕਾਲੀ ਦਲ ਵਲੋਂ ਗਿਆਰਾਂ ਦਿਨ ਬਾਅਦ 21 ਮਾਰਚ 1946 ਨੂੰ ਵੱਖਰੀ ਅਜਾਦ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਗਿਆ ਸੀ ।
ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਅਤੇ ਹਰ ਹਾਲਤ ਅਤੇ ਹਰ ਸੰਭਵ ਤਰੀਕੇ ਨਾਲ ਇਸ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਖਾਲਿਸਤਾਨ ਦੀ ਨੀਂਹ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ,ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਸਿੰਘ ਜੀ ਅਤੇ ਇਹਨਾਂ ਦੇ ਸਾਥੀਆਂ ਨੇ ਆਪਣੇ ਸਿਰ ਵਾਰ ਕੇ ਰੱਖੀ ਹੈ । ਜਿਸ ਦੀ ਪੂਰਤੀ ਲਈ ਇੱਕ ਲੱਖ ਤੋਂ ਵੱਧ ਸਿੰਘ ਸ਼ਹੀਦ ਹੋ ਚੁੱਕੇ ਹਨ ਅਤੇ ਸਰਕਾਰ ਦੇ ਹਿਟਲਰ ਸ਼ਾਹੀ ਜ਼ੁਲਮਾਂ ਦਾ ਟਾਕਰਾ ਕਰਦੀ ਹੋਈ ਸਿੱਖ ਕੌਮ ਦੀ ਮਾਨਸਿਕਤਾ ਵਿੱਚ ਖਾਲਿਸਤਾਨ ਦੀ ਉਮੰਗ ਅਤੇ ਸੰਤ ਭਿੰਤਰਾਂਵਾਲਿਆਂ ਦੀ ਯਾਦ ਦਿਨੋ ਦਿਨੋ ਪ੍ਰਚੰਡ ਹੋ ਰਹੀ ਹੈ ਜੋ ਕਿ ਕੌਮ ਨੂੰ ਅਜ਼ਾਦੀ ਦਾ ਨਿੱਘ ਪ੍ਰਦਾਨ ਕਰੇਗੀ । ਪਰ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਇਸ ਦੇ ਅਖੌਤੀ ਆਗੂ ਕਦੇ ਖਾਲਿਸਤਾਨ ਵਰਗੇ ਪਵਿੱਤਰ ਲਫਜ਼ ਅਤੇ ਪੰਥ ਨੂੰ ਖਤਰਾ ਵਰਗੇ ਮੁੱਦੇ ਲੋੜ ਅਨੁਸਾਰ ਬਾਹਰ ਕੱਢ ਲੈਂਦੇ ਹਨ ਅਤੇ ਕਦੇ ਲੋੜ ਅਨੁਸਾਰ ਇਸ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖ ਲੈਂਦੇ ਹਨ ।ਇਸ ਨਖਿੱਧ ਅਤੇ ਦੋਗਲੇ ਕਾਰਜ ਵਿੱਚ ਪ੍ਰਕਾਸ਼ ਬਾਦਲ ਸਭ ਤੋਂ ਮੋਹਰੀ ਰਿਹਾ ਹੈ ।
Related Topics: FSO UK, Khalistan, Parkash Singh Badal, Sikhs In UK, sukhbir singh badal